ਭਾਰਤ-ਕੈਨੇਡਾ ਤਣਾਅ ਨੂੰ ਲੈਕੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਦਾ ਬਿਆਨ-
‘PM ਟਰੂਡੋ ਨੇ ਬਿਨ੍ਹਾਂ ਸਬੂਤਾਂ ਦੇ ਭਾਰਤ ‘ਤੇ ਲਗਾਏ ਇਲਜ਼ਾਮ ‘
ਨਵੀ ਦਿੱਲੀ :
ਭਾਰਤ ਤੇ ਕੈਨੇਡਾ ਵਿਚਕਾਰ ਜਾਰੀ ਤਣਾਅ ਨੂੰ ਲੈਕੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਦਾ ਰੁਖ਼ ਸਾਹਮਣੇ ਆਇਆ। ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਕਿਹਾ ਕਿ ਕੈਨੇਡਾ ਅੱਤਵਾਦੀਆਂ ਨੂੰ ਪਨਾਹ ਦੇ ਰਿਹਾ ਹੈ। ਪੀਐੱਮ ਟਰੂਡੋ ਨੇ ਬਿਨਾਂ ਕਿਸੇ ਸਬੂਤ ਦੇ ਭਾਰਤ ਖਿਲਾਫ ਦੋਸ਼ ਲਗਾਏ ਹਨ।
ਅਲੀ ਸਾਬਰੀ ਨੇ ਕਿਹਾ ਕਿ ਉਹ ਇਹ ਦੇਖ ਕੇ ਹੈਰਾਨ ਨਹੀਂ ਹੋਏ ਹਨ, ਕਿਉਂਕਿ ਟਰੂਡੋ ਪਹਿਲਾਂ ਵੀ ਅਜਿਹੇ ਬੇਤੁਕੇ ਦੋਸ਼ ਲਗਾ ਚੁੱਕੇ ਹਨ। ਇਸ ਤੋਂ ਪਹਿਲਾਂ ਟਰੂਡੋ ਨੇ ਸ਼੍ਰੀਲੰਕਾ ਨੂੰ ਲੈ ਕੇ ਵੀ ਅਜਿਹਾ ਹੀ ਝੂਠ ਬੋਲਿਆ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਸ੍ਰੀਲੰਕਾ ਵਿੱਚ ਨਸਲਕੁਸ਼ੀ ਹੋਈ ਸੀ, ਜਦੋਂ ਕਿ ਅਜਿਹਾ ਕੁਝ ਨਹੀਂ ਸੀ ਅਤੇ ਇਹ ਗੱਲ ਸਭ ਜਾਣਦੇ ਹਨ।
ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਮੈਂ ਦੇਖਿਆ ਕਿ ਉਨ੍ਹਾਂ ਨੇ ਵਰਲਡ ਵਾਰ-2 ਵਿਚ ਨਾਜੀਆਂ ਨਾਲ ਲੜਨ ਵਾਲੇ ਕਿਸੇ ਸ਼ਖਸ ਦਾ ਸਨਮਾਨ ਕੀਤਾ।ਇਹ ਨਵੀਂ ਗੱਲ ਨਹੀਂ ਹੈ ਕਿ ਪੀਐੱਮ ਟਰੂਡੋ ਕਈ ਵਾਰ ਅਪਮਾਨਜਨਕ ਦੋਸ਼ਾਂ ਦੇ ਨਾਲ ਸਾਹਮਣੇ ਆਉਂਦੇ ਹਨ ਜਿਸ ਦਾ ਕੋਈ ਆਧਾਰ ਨਹੀਂ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਦੂਜੇ ਦੇਸ਼ਾਂ ਦੇ ਮਾਮਲਿਆਂ ਵਿਚ ਦਖਲ ਨਹੀਂ ਦੇਣਾ ਚਾਹੀਦਾ ਤੇ ਨਾ ਹੀ ਇਹ ਦੱਸਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੇਸ਼ ਕਿਵੇਂ ਚਲਾਇਆ ਜਾਵੇ।ਸਾਬਰੀ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਵਿਚ ਹਾਂ ਤੇ ਇਸ ਲਈ ਇਸ ਨੂੰ ਬੇਹਤਰ ਸਮਝਦੇ ਹਾਂ। ਟਰੂਡੋ ਦਾ ਬਿਆਨ ਗਲਤ ਤੇ ਅਪਮਾਨਜਨਕ ਸੀ।