ਨਵੀਂ ਦਿੱਲੀ : ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਅਮਰੀਕਾ ਪਰਤਣ ਦਾ ਫ਼ੈਸਲਾ ਕੀਤਾ ਹੈ। ਕਰੀਬ ਇਕ ਸਾਲ ਦੇ ਅਰਸੇ ਵਿੱਚ ਸਰਕਾਰ ਦੇ ਦੂਜੇ ਵੱਡੇ ਅਹਿਲਕਾਰ ਨੇ ਲਾਂਭੇ ਹੋਣ ਦਾ ਐਲਾਨ ਕੀਤਾ ਹੈ। ਸੁਬਰਾਮਣੀਅਨ ਦੇ ਵਧਾਏ ਹੋਏ ਕਾਰਜਕਾਲ ਵਿੱਚ ਸਾਲ ਤੋਂ ਥੋੜ੍ਹਾ ਘੱਟ ਸਮਾਂ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਦੋ ਕੁ ਮਹੀਨਿਆਂ ਵਿੱਚ ਅਹੁਦਾ ਛੱਡ ਦੇਣਗੇ। ਉਨ੍ਹਾਂ ਨੂੰ 16 ਅਕਤੂਬਰ 2014 ਨੂੰ ਤਿੰਨ ਸਾਲਾਂ ਲਈ ਵਿੱਤ ਮੰਤਰਾਲੇ ਵਿੱਚ ਮੁੱਖ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ ਤੇ ਪਿਛਲੇ ਸਾਲ ਹੀ ਉਨ੍ਹਾਂ ਦੇ ਕਾਰਜਕਾਲ ਵਿੱਚ ਇਕ ਸਾਲ ਦਾ ਵਾਧਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਅਹੁਦੇ ਤੋਂ ਫਾਰਗ ਹੋਣ ਦੇ ਮੇਰੇ ਕਾਰਨ ਨਿਹਾਇਤ ਨਿੱਜੀ ਹਨ। ਇਹ ਕੋਈ ਭੇਤ ਦੀ ਗੱਲ ਨਹੀਂ ਕਿ ਅਸੀਂ ਸਤੰਬਰ ਦੇ ਸ਼ੁਰੂ ਵਿਚ ਆਪਣੇ ਪਰਿਵਾਰ ਵਿੱਚ ਪਹਿਲੇ ਪੋਤ ਬੱਚੇ ਦੇ ਜਨਮ ਦੀ ਉਡੀਕ ਕਰ ਰਹੇ ਹਾਂ। ਇਹ ਹੀ ਉਹ ਮਜ਼ਬੂਤ ਕਾਰਨ ਹੈ ਜੋ ਸਾਨੂੰ ਪੁਰਾਣੇ ਵੇਲਿਆਂ ਦੀ ਜੀਵਨ ਸ਼ੈਲੀ ਵੱਲ ਮੋੜ ਲਿਆਉਂਦਾ ਹੈ ਤੇ ਫਿਰ ਖੋਜ, ਲਿਖਣ-ਪੜ੍ਹਨ ਤੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੇ ਕੰਮ ਤਾਂ ਛੱਡੇ ਹੀ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਜੇਤਲੀ ਨਾਲ ਚਰਚਾ ਕਰਨ ਤੋਂ ਬਾਅਦ ਉਨ੍ਹਾਂ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਸੀ। ਇਸ ਤੋਂ ਪਹਿਲਾਂ ਜੇਤਲੀ ਨੇ ਆਪਣੇ ਫੇਸਬੁੱਕ ਪੋਸਟ ਵਿੱਚ ਕਿਹਾ ਸੀ ”ਕੁਝ ਦਿਨ ਪਹਿਲਾਂ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਨ ਨੇ ਮੇਰੇ ਨਾਲ ਵੀਡੀਓ ਕਾਨਫਰੰਸਿੰਗ ਕੀਤੀ ਸੀ।