
ਅਮਰੀਕਾ ਤੋਂ ਪਨਾਮਾ ਰਸਤੇ ਹੋਰ 4 ਪੰਜਾਬੀ ਕੀਤੇ ਗਏ ਡਿਪੋਰਟ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੈਰਕਾਨੂੰਨੀ ਵਿਦੇਸ਼ੀ ਨਾਗਰਿਕਾਂ ਨੂੰ ਵੱਡੇ ਪੱਧਰ ’ਤੇ ਕੱਢਣ ਦੇ ਆਪਣੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਭਿ੍ਰਸ਼ਟਾਚਾਰ ਖਤਮ ਕਰਕੇ ਧੋਖੇਬਾਜ਼ਾਂ, ਠੱਗਾਂ ਤੇ ‘ਡੀਪ ਸਟੇਟ’ ਨੌਕਰਸ਼ਾਹਾਂ ਨੂੰ ਘਰ ਭੇਜ ਰਿਹਾ ਹੈ। ਟਰੰਪ ਨੇ ਗੈਰਕਾਨੂੰਨੀ ਪਰਵਾਸੀਆਂ ਨੂੰ ਵੱਡੇ ਪੱਧਰ ’ਤੇ ਕੱਢਣ ਨੂੰ ਆਪਣੀ ਪ੍ਰਮੁੱਖ ਨੀਤੀ ਬਣਾ ਲਿਆ ਹੈ। ਇਸੇ ਦੌਰਾਨ ਅਮਰੀਕਾ ਸਰਕਾਰ ਵੱਲੋਂ 4 ਹੋਰ ਪੰਜਾਬੀਆਂ ਨੂੰ ਪਨਾਮਾ ਰਸਤਿਓਂ ਵਾਪਸ ਭੇਜਿਆ ਗਿਆ ਹੈ। ਅਮਰੀਕਾ ਤੋਂ ਵਾਪਸ ਭੇਜੇ ਗਏ 4 ਵਿਅਕਤੀਆਂ ਵਿੱਚ ਪਟਿਆਲਾ ਦਾ ਇਕ, ਜਲੰਧਰ ਦਾ ਇਕ ਅਤੇ ਗੁਰਦਾਸਪੁਰ ਦੇ ਦੋ ਵਿਅਕਤੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ 12 ਵਿਅਕਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਸੀ ਜਿਨ੍ਹਾਂ ਵਿੱਚ ਇਹ ਚਾਰ ਪੰਜਾਬੀ ਵੀ ਸ਼ਾਮਿਲ ਹਨ। ਇਹ ਸਾਰੇ ਪਨਾਮਾ ਤੋਂ ਇਸਤਾਂਬੁਲ ਰਸਤੇ ਦਿੱਲੀ ਪੁੱਜੇ ਹਨ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਨਾਲ ਸਬੰਧਤ ਇਨ੍ਹਾਂ ਚਾਰ ਵਿਅਕਤੀਆਂ ਨੂੰ ਇੱਕ ਘਰੇਲੂ ਉਡਾਣ ਰਾਹੀਂ ਅੰਮਿ੍ਰਤਸਰ ਭੇਜਿਆ ਗਿਆ ਹੈ।