ਓਟਵਾ/ਬਿਊਰੋ ਨਿਊਜ਼ : ਐਲਿਜਾਬੈੱਥ ਮੇਅ ਨੇ ਫੈਡਰਲ ਗ੍ਰੀਨ ਪਾਰਟੀ ਦੀ ਲੀਡਰਸ਼ਿਪ ਹਾਸਲ ਕਰਨ ਲਈ ਆਪਣੀ ਦਾਅਵੇਦਾਰੀ ਮੁੜ ਪੇਸ਼ ਕੀਤੀ। ਇਸ ਮੌਕੇ ਉਨ੍ਹਾਂ ਆਖਿਆ ਕਿ ਉਹ ਪਾਰਟੀ ਦਾ ਪੁਨਰ ਨਿਰਮਾਣ ਕਰਨਾ ਚਾਹੁੰਦੀ ਹੈ ਤੇ ਇਸ ਨੂੰ ਇੱਕ ਪ੍ਰਭਾਵਸ਼ਾਲੀ ਸਿਆਸੀ ਤਾਕਤ ਬਣਾਉਣਾ ਚਾਹੁੰਦੀ ਹੈ। ਉਹ ਇਹ ਵੀ ਚਾਹੁੰਦੀ ਹੈ ਕਿ ਪਾਰਟੀ ਕਲਾਈਮੇਟ ਚੇਂਜ ਦੇ ਸਬੰਧ ਵਿੱਚ ਆਪਣੀ ਲੜਾਈ ਜਾਰੀ ਰੱਖੇ।
2019 ਵਿੱਚ ਗ੍ਰੀਨ ਪਾਰਟੀ ਦੀ ਆਗੂ ਦੇ ਅਹੁਦੇ ਤੋਂ ਪਾਸੇ ਹੋਣ ਵਾਲੀ ਮੇਅ, ਜੌਨਾਥਨ ਪੈਡਨਾਲਟ ਨਾਲ ਸਾਂਝੀ ਟਿਕਟ ਉੱਤੇ ਚੋਣ ਲੜੇਗੀ। ਪੈਡਨਾਲਟ ਸੰਕਟ ਵਾਲੇ ਹਾਲਾਤ ਨਾਲ ਨਜਿੱਠਣ ਸਬੰਧੀ ਮਾਹਰ ਹਨ ਜਿਹੜੇ ਅਫਗਾਨਿਸਤਾਨ ਸਮੇਤ ਜੰਗ ਵਾਲੇ ਇਲਾਕਿਆਂ ਵਿੱਚ ਹੋਣ ਵਾਲੇ ਦੁਰਵਿਵਹਾਰ ਦੀ ਜਾਂਚ ਕਰਦੇ ਰਹੇ ਹਨ। ਸਿਡਨੀ, ਬੀਸੀ ਵਿੱਚ ਬੁੱਧਵਾਰ ਨੂੰ ਆਪਣੀ ਕੈਂਪੇਨ ਲਾਂਚ ਕਰਦਿਆਂ ਦੋਵਾਂ ਆਗੂਆਂ ਨੇ ਇਹ ਤਹੱਈਆ ਪ੍ਰਗਟਾਇਆ ਕਿ ਜੇ ਉਹ ਜਿੱਤ ਜਾਂਦੇ ਹਨ ਤਾਂ ਦੂਜੇ ਨੂੰ ਆਪਣਾ ਡਿਪਟੀ ਆਗੂ ਬਣਾਉਣਗੇ। ਇਸ ਤੋਂ ਇਲਾਵਾ ਦੋਵਾਂ ਆਗੂਆਂ ਨੇ ਪਾਰਟੀ ਦੇ ਸੰਵਿਧਾਨ ਵਿੱਚ ਸਾਂਝੀ ਲੀਡਰਸ਼ਿਪ ਨੂੰ ਅਹਿਮ ਸਥਾਨ ਦੇਣ ਦਾ ਵਾਅਦਾ ਵੀ ਕੀਤਾ। ਹਾਊਸ ਆਫ ਕਾਮਨਜ਼ ਵਿੱਚ ਮੌਜੂਦਾ ਦੋ ਗ੍ਰੀਨ ਐਮਪੀਜ ਵਿੱਚੋਂ ਇੱਕ, ਮੇਅ ਨੇ ਆਖਿਆ ਕਿ ਪਾਰਟੀ ਇਸ ਸਮੇਂ ਵੱਡੇ ਸੰਕਟ ਵਿੱਚੋਂ ਲੰਘ ਰਹੀ ਹੈ ਤੇ ਇਸ ਸਬੰਧ ਵਿੱਚ ਪਾਰਟੀ ਲਈ ਕੁੱਝ ਕਰਨ ਦੀ ਉਨ੍ਹਾਂ ਦੀ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਤੋਂ ਗਲਤੀਆਂ ਹੋਈਆਂ ਹਨ ਤੇ ਇਸ ਲਈ ਉਹ ਮੁਆਫੀ ਮੰਗਦੀ ਹੈ। ਪਿਛਲੇ ਦੋ ਸਾਲ ਉਨ੍ਹਾਂ ਸਾਰਿਆਂ ਲਈ ਕਾਫੀ ਮੁਸ਼ਕਲਾਂ ਭਰੇ ਰਹੇ।