Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਸਰਕਾਰ ਵਲੋਂ ਸੈਲਾਨੀਆਂ ਲਈ ਵਰਕ ਪਰਮਿਟ ਦਾ ਐਲਾਨ

ਕੈਨੇਡਾ ਸਰਕਾਰ ਵਲੋਂ ਸੈਲਾਨੀਆਂ ਲਈ ਵਰਕ ਪਰਮਿਟ ਦਾ ਐਲਾਨ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਐਲਾਨ ਕੀਤਾ ਹੈ ਕਿ 24 ਅਗਸਤ 2020 ਤੱਕ ਦੇਸ਼ ਵਿਚ ਮੌਜੂਦ ਵਿਦੇਸ਼ੀ ਸੈਲਾਨੀ ਵਰਕ ਪਰਮਿਟ ਅਪਲਾਈ ਕਰ ਸਕਦੇ ਹਨ। ਇਸ ਵਿਚ ‘ਸੁਪਰ ਵੀਜ਼’ ਅਤੇ ‘ਬਿਜ਼ਨਸ ਵੀਜ਼ਾ’ ਉਤੇ ਕੈਨੇਡਾ ਗਏ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਕਰੋਨਾ ਵਾਇਰਸ ਦੀਆਂ ਰੁਕਾਵਟਾਂ ਕਾਰਨ ਬੀਤੇ ਕੁਝ ਮਹੀਨਿਆਂ ਤੋਂ ਬਹੁਤ ਸਾਰੇ ਸੈਲਾਨੀ ਕੈਨੇਡਾ ਵਿਚ ਹੀ ਹਨ ਅਤੇ ਉਨ੍ਹਾਂ ਨੂੰ ਆਪਣੀ ਸਟੇਅ ਦੀ ਮਿਆਦ ਵੀ ਵਧਾਉਣੀ ਪਈ। ਮੰਤਰੀ ਮੈਂਡੀਚੀਨੋ ਨੇ ਆਖਿਆ ਹੈ ਕਿ ਕਰੋਨਾ ਵਾਇਰਸ ਕਾਰਨ ਕੈਨੇਡਾ ਵਿਚ ਚੱਲ ਰਹੀ ਕਾਮਿਆਂ ਦੀ ਘਾਟ ਪੂਰੀ ਕਰਨ ਅਤੇ ਕੈਨੇਡਾ ਵਿਚ ਕੰਮ ਕਰਨ ਦੇ ਚਾਹਵਾਨਾਂ ਲਈ ਇਹ ਆਰਜ਼ੀ ਕਦਮ ਉਠਾਇਆ ਜਾ ਰਿਹਾ ਹੈ। ਇਹ ਵੀ ਕਿ ਜੋ ਵਿਅਕਤੀ ਪਿਛਲੇ ਹਫ਼ਤਿਆਂ ਦੌਰਾਨ ਵਿਸ਼ੇਸ਼ ਉਡਾਨਾਂ ਰਾਹੀਂ ਆਪਣੇ ਦੇਸ਼ਾਂ ਨੂੰ ਚਲੇ ਗਏ ਹਨ, ਉਹ ਵਾਪਸ ਕੈਨੇਡਾ ਪੁੱਜ ਕੇ ਵਰਕ ਪਰਮਿਟ ਨਹੀਂ ਲੈ ਸਕਦੇ ਭਾਵੇਂ ਕਿ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਅਜੇ ਬਾਕੀ ਹੋਵੇ। ਨਵਾਂ ਪ੍ਰੋਗਰਾਮ ਸਿਰਫ਼ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ ਹੈ ਜੋ ਕੈਨੇਡਾ ਵਿਚ ਹਾਜ਼ਰ ਹਨ ਅਤੇ ਉਨ੍ਹਾਂ ਦੇ ਸਟੇਅ ਦੀ ਮਿਆਦ ਖ਼ਤਮ ਨਹੀਂ ਹੋਈ। ਇਸ ਦਾ ਭਾਵ ਹੈ ਕਿ 24 ਅਗਸਤ ਤੋਂ ਬਾਅਦ ਕੈਨੇਡਾ ਪੁੱਜਣ ਵਾਲੇ ਸੈਲਾਨੀ ਇਹ ਵਰਕ ਪਰਮਿਟ ਲੈਣ ਦੇ ਯੋਗ ਨਹੀਂ ਹੋਣਗੇ। ਵਰਕ ਪਰਮਿਟ ਦੀ ਅਰਜ਼ੀ ਨਾਲ ‘ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ’ (ਐਲ.ਐਮ.ਆਈ.ਏ) ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਮੈਡੀਕਲ ਅਤੇ ਸੁਰੱਖਿਆ ਜਾਂਚ ਵਿਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਅਜਿਹੇ ਵਰਕ ਪਰਮਿਟ ਨਾਲ ਉਸ ਕਾਰੋਬਾਰ ਵਿਚ ਹੀ ਨੌਕਰੀ ਕੀਤੀ ਜਾ ਸਕਦੀ ਹੈ, ਜਿਸ ਤੋਂ ਐਲ.ਐਮ.ਆਈ.ਏ. ਪ੍ਰਾਪਤ ਕੀਤੀ ਹੋਵੇ। ਨੌਕਰੀ ਬਦਲਣ ਵਾਸਤੇ ਨਵੀਂ ਐਲ.ਐਮ.ਆਈ.ਏ. ਜ਼ਰੂਰੀ ਹੋਵੇਗੀ। ਇਮੀਗ੍ਰੇਸ਼ਨ ਮੰਤਰਾਲੇ ਦੇ ਇਕ ਵੱਖਰੇ ਐਲਾਨ ਅਨੁਸਾਰ ਕੈਨੇਡਾ ਵਿਚ ਵਿਆਹ ਕਰਵਾ ਕੇ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਵਾਲੇ ਵਿਆਂਹਦੜਾਂ ਨੂੰ ਕੇਸ ਦਾ ਫ਼ੈਸਲਾ ਹੋਣ ਤੱਕ ਵਰਕ ਪਰਮਿਟ ਮਿਲਣਾ ਜਾਰੀ ਰਹੇਗਾ। ਵਰਕ ਪਰਮਿਟ ਦਾ ਇਹ ਪਾਇਲਟ ਪ੍ਰੋਗਰਾਮ ਉਨ੍ਹਾਂ ਪਤੀ ਜਾਂ ਪਤਨੀ ਵਾਸਤੇ ਹੈ ਜੋ ਕੈਨੇਡਾ ਵਿਚ ਹਨ ਅਤੇ ਉੱਥੇ ਪੱਕੀ ਇਮੀਗ੍ਰੇਸ਼ਨ ਦੀ ਅਰਜ਼ੀ ਲਗਾਈ ਜਾ ਰਹੀ ਹੋਵੇ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …