20 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਫੈਡਰਲ ਚੋਣਾਂ 2019 : 170 ਦਾ ਅੰਕੜਾ ਪਾਰ ਕਰਦਿਆਂ ਹੀ ਕੈਨੇਡਾ ਦੀ...

ਫੈਡਰਲ ਚੋਣਾਂ 2019 : 170 ਦਾ ਅੰਕੜਾ ਪਾਰ ਕਰਦਿਆਂ ਹੀ ਕੈਨੇਡਾ ਦੀ ਸੱਤਾ ‘ਤੇ ਹੋਵੇਗਾ ਰਾਜ

ਓਟਵਾ/ਬਿਊਰੋ ਨਿਊਜ਼
ਕੈਨੇਡਾ ਵਿਚ ਆਉਣ ਵਾਲੀ 21 ਅਕਤੂਬਰ ਨੂੰ ਆਮ ਚੋਣਾਂ ਹੋਣ ਵਾਲੀਆਂ ਹਨ। ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਵੱਖ-ਵੱਖ ਤਰ੍ਹਾਂ ਦੇ ਲਾਲਚ ਦੇ ਰਹੀਆਂ ਹਨ। ਸੱਤਾਧਾਰੀ ਲਿਬਰਲ ਪਾਰਟੀ ਆਪਣੀਆਂ ਪ੍ਰਾਪਤੀਆਂ ਗਿਣਾਉਣ ਵਿਚ ਲੱਗੀ ਹੋਈ ਹੈ। ਇਨ੍ਹਾਂ ਚੋਣਾਂ ਦੌਰਾਨ ਕੈਨੇਡਾ ਵਿਚ 338 ਸੀਟਾਂ ‘ਤੇ ਚੋਣਾਂ ਹੋਣ ਜਾ ਰਹੀਆਂ ਹਨ ਤੇ ਜਿਹੜੀ ਪਾਰਟੀ 170 ਸੀਟਾਂ ਹਾਸਲ ਕਰ ਲਵੇਗੀ, ਉਹ ਹੀ ਕੈਨੇਡਾ ਵਿਚ ਆਪਣੀ ਸਰਕਾਰ ਬਣਾਏਗੀ। ਕੈਨੇਡਾ ਵਿਚ 2015 ਦੀਆਂ ਆਮ ਚੋਣਾਂ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਰੇਕ ਸਰਵੇ ਵਿਚ ਅੱਗੇ ਰਹੇ ਹਨ। ਪਰ ਇਨ੍ਹਾਂ ਆਮ ਚੋਣਾਂ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਤੇ ਐਂਡਰਿਊ ਸ਼ੀਅਰ ਦੀ ਕੰਸਰਵੇਟਿਵ ਪਾਰਟੀ ਵਿਚਾਲੇ ਸਖਤ ਟੱਕਰ ਚੱਲ ਰਹੀ ਹੈ। ਪਿਛਲੇ ਦਿਨੀਂ ਕੈਨੇਡਾ ਵਿਚ ਹੋਏ ਸਰਵੇ ਵਿਚ ਵੀ ਇਹ ਗੱਲ ਕਹੀ ਗਈ ਸੀ ਕਿ ਟਰੂਡੋ ਦੀ ਲਿਬਰਲ ਪਾਰਟੀ ਮਾਮੂਲੀ ਫਰਕ ਨਾਲ ਕੰਸਰਵੇਟਿਵਾਂ ਤੋਂ ਅੱਗੇ ਚੱਲ ਰਹੀ ਹੈ, ਪਰ ਚੋਣਾਂ ਤੱਕ ਕੌਣ ਕੈਨੇਡੀਅਨਾਂ ਦੀ ਪਹਿਲੀ ਪਸੰਦ ਬਣਦਾ ਹੈ, ਇਸ ਬਾਰੇ ਕਿਹਾ ਨਹੀਂ ਜਾ ਸਕਦਾ। ਲਿਬਰਲ ਤੇ ਕੰਸਰਵੇਟਿਵ ਪਾਰਟੀ ਤੋਂ ਇਲਾਵਾ ਇਨ੍ਹਾਂ ਚੋਣਾਂ ਵਿਚ ਕੋਈ ਵੀ ਪਾਰਟੀ ਆਪਣੀ ਸਰਕਾਰ ਬਣਾਉਂਦੀ ਦਿਖਾਈ ਨਹੀਂ ਦੇ ਰਹੀ। ਇਨ੍ਹਾਂ ਚੋਣਾਂ ਵਿਚ ਲਿਬਰਲਾਂ ਤੇ ਕੰਸਰਵੇਟਿਵ ਪਾਰਟੀ ਦਾ ਟੀਚਾ 170 ਸੀਟਾਂ ਪਾਰ ਕਰਨ ਦਾ ਰਹੇਗਾ।
ਫਰਵਰੀ ਮਹੀਨੇ ਹੋਏ ਸਰਵੇ ਵਿਚ ਲਿਬਰਲਾਂ ਨੂੰ ਅਸਾਨੀ ਨਾਲ 170 ਸੀਟਾਂ ਹਾਸਲ ਹੁੰਦੀਆਂ ਦਿਖਾਈਆਂ ਗਈਆਂ ਸਨ, ਪਰ 27 ਜੁਲਾਈ ਤੱਕ ਇਹ ਅੰਕੜਾ ਹਾਸਲ ਕਰਨ ਦੌਰਾਨ ਕੰਸਰਵੇਟਿਵ ਉਸਦੇ ਰਾਹ ਵਿਚ ਰੋੜਾ ਬਣਦੇ ਦਿਖਾਈ ਦੇ ਰਹੇ ਹਨ। ਜੇਕਰ ਪਿਛਲੀਆਂ ਫੈਡਰਲ ਚੋਣਾਂ ਦੀ ਗੱਲ ਕਰੀਏ ਤਾਂ 2015 ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ 39.47 ਫੀਸਦੀ ਵੋਟਾਂ ਨਾਲ 184 ਸੀਟਾਂ ਹਾਸਲ ਕੀਤੀਆਂ ਸਨ ਤੇ ਉਸਦੇ ਸਖਤ ਵਿਰੋਧੀ ਐਂਡਰੀਊ ਸ਼ੀਅਰ ਦੀ ਪਾਰਟੀ ਨੂੰ 31.89 ਫੀਸਦੀ ਵੋਟਾਂ ਨਾਲ 99 ਸੀਟਾਂ ਹਾਸਲ ਹੋਈਆਂ ਹਨ। ਇਨ੍ਹਾਂ ਚੋਣਾਂ ਵਿਚ ਨਿਊ ਡੈਮੋਕਰੇਟਿਕ ਪਾਰਟੀ 19.71 ਫੀਸਦੀ ਵੋਟਾਂ ਨਾਲ ਸਿਰਫ 44 ਸੀਟਾਂ ਹੀ ਹਾਸਲ ਕਰ ਸਕੀ ਸੀ। ਇਨ੍ਹਾਂ ਫੈਡਰਲ ਚੋਣਾਂ ਵਿਚ ਵੀ ਇਹ ਸਿਆਸੀ ਪਾਰਟੀਆਂ ਆਪਣੇ ਹੱਥਕੰਡਿਆਂ ਰਾਹੀਂ ਕੈਨੇਡੀਅਨਾਂ ਨੂੰ ਆਪਣੇ ਵੱਲ ਖਿੱਚਣ ਵਿਚ ਲੱਗੀਆਂ ਹੋਈਆਂ ਹਨ। ਫਿਲਹਾਲ ਇਹ ਕਿਹਾ ਜਾ ਸਕਦਾ ਹੈ ਕਿ ਜੋ ਪਾਰਟੀ ਕਰੇਗੀ 170 ਦਾ ਅੰਕੜਾ ਪਾਰ, ਉਹੀ ਬਣਾਵੇਗੀ ਕੈਨੇਡਾ ਵਿਚ ਆਪਣੀ ਸਰਕਾਰ।

RELATED ARTICLES
POPULAR POSTS