Breaking News
Home / ਜੀ.ਟੀ.ਏ. ਨਿਊਜ਼ / ਕਾਲੀ ਸੂਚੀ ਉਪਰ ਭਾਰਤ ਦੇ ਕੌਂਸਲਖਾਨੇ ਦਾ ਕੰਟਰੋਲ ਨਹੀਂ

ਕਾਲੀ ਸੂਚੀ ਉਪਰ ਭਾਰਤ ਦੇ ਕੌਂਸਲਖਾਨੇ ਦਾ ਕੰਟਰੋਲ ਨਹੀਂ

ਟੋਰਾਂਟੋ/ਸਤਪਾਲ ਸਿੰਘ ਜੌਹਲ
ਭਾਰਤ ਸਰਕਾਰ ਵਲੋਂ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦੀ ਬਣਾਈ ਕਾਲੀ ਸੂਚੀ ਵਿਚ ਸੁਧਾਈ ਕੀਤੇ ਜਾਣ ਤੋਂ ਬਾਅਦ ਪਤਾ ਲੱਗ ਰਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਦੇ ਨਾਮ ਸੂਚੀ ਵਿਚੋਂ ਹਟਾਏ ਗਏ ਹਨ, ਉਨ੍ਹਾਂ ਨੂੰ ਸੂਚਿਤ ਕੀਤਾ ਜਾਣ ਲੱਗਾ ਹੈ ਕਿ ਉਹ ਭਾਰਤ ਜਾ ਸਕਦੇ ਹਨ, ਪਰ ਦੇਸ਼ ਦੀ ਏਕਤਾ ਅਤੇ ਅਖੰਡਤਾ ਵਿਚ ਵਿਸ਼ਵਾਸ਼ ਰੱਖਣਾ ਜ਼ਰੂਰੀ ਹੋਵੇਗਾ, ਤਾਂ ਕਿ ਉਨ੍ਹਾਂ ਨੂੰ ਪਾਸਪੋਰਟ ਅਤੇ ਵੀਜ਼ਾ ਸਰਵਿਸ ਦਿੱਤੀ ਜਾ ਸਕੇ। ਇਸ ਨਾਲ਼ ਵਿਦੇਸ਼ਾਂ ਵਿਚ ਰਾਜਸੀ ਸ਼ਰਨ ਲੈ ਕੇ ਰਹਿ ਰਹੇ ਬਹੁਤ ਸਾਰੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਸਹੂਲਤ ਮਿਲਣ ਦੀ ਸੰਭਾਵਨਾ ਬਣਨ ਲੱਗੀ ਹੈ। ਟੋਰਾਂਟੋ ਵਿਖੇ ਪਿਛਲੇ ਦਿਨੀਂ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਜਦੋਂ ਇਸ ਪੱਤਰਕਾਰ ਨੇ ਪੁੱਛਿਆ ਸੀ ਕਿ ਹੁਣ ਭਾਰਤ ਸਰਕਾਰ ਦੀ ਕਾਲੀ ਸੂਚੀ ਵਿਚ ਕਿੰਨੇ ਕੁ ਨਾਮ ਬਾਕੀ ਹਨ, ਤਾਂ ਉਨ੍ਹਾਂ ਦੱਸਿਆ ਕਿ ਕਾਲੀ ਸੂਚੀ ਵਿਚ ਦਰਜ ਵਿਅਕਤੀਆਂ ਦੇ ਨਾਵਾਂ ਬਾਰੇ ਕੌਂਸਲਖਾਨੇ ਕੋਲ਼ ਜਾਣਕਾਰੀ ਨਹੀਂ ਹੁੰਦੀ। ਕੌਸਲ ਦਵਿੰਦਰਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਟੋਰਾਂਟੋ ਵਿਖੇ ਭਾਰਤ ਦੇ ਕੌਂਸਲਖਾਨੇ ਦੀ ਆਪਣੀ ਕੋਈ ਵੱਖਰੀ ਸੂਚੀ ਨਹੀਂ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੈਨੇਡਾ ਵਿਚ ਖਾਲਿਸਤਾਨ ਦੇ ਹਿਮਾਇਤੀਆਂ ਨੂੰ ਕੌਂਸਲਖਾਨੇ ਵਲੋਂ ਵੀਜ਼ਾ ਨਾ ਦਿੱਤੇ ਜਾਣ ਬਾਰੇ ਨਾਵਾਂ ਦੀ ਸੂਚੀ ਬਾਰੇ ਚਰਚਾ ਰਹਿੰਦੀ ਹੈ ਤਾਂ ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੀ ਆਪਣੀ ਸੂਚੀ ਹੋ ਸਕਦੀ ਹੈ ਪਰ ਕੌਂਸਲਖਾਨੇ ਦੀ ਅਜਿਹੀ ਵੱਖਰੀ ਨਹੀਂ ਹੈ। ਇਹ ਵੀ ਕਿ ਹਰੇਕ ਵਿਅਕਤੀ ਜੋ ਭਾਰਤ ਦਾ ਵੀਜ਼ਾ ਅਪਲਾਈ ਕਰਦਾ ਹੈ, ਕੰਪਿਊਟਰ ਸਿਸਟਮ ਵਿਚ ਉਸ ਦੀ ਅਰਜ਼ੀ ਨਿਪਟਾਈ ਜਾਂਦੀ ਹੈ। ਜਿਸ ਵਿਅਕਤੀ ਦਾ ਨਾਮ ਕਾਲੀ ਸੂਚੀ ‘ਚ ਹੋਵੇਗਾ, ਉਸ ਦੀ ਅਰਜ਼ੀ ਸਿਸਟਮ ਵਿਚ ਅੱਗੇ ਨਹੀਂ ਚੱਲਦੀ, ਭਾਵ ਵੀਜ਼ਾ ਨਹੀਂ ਮਿਲ਼ ਸਕਦਾ। ਕੌਂਸਲ ਜਨਰਲ ਦਿਨੇਸ਼ ਭਾਟੀਆ ਟੋਰਾਂਟੋ ਤੋਂ ਭਾਰਤ ਦੇ ਰਾਜਦੂਤ ਵਜੋਂ ਅਰਜਨਟੀਨਾ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਆਪਣੀ ਤਿੰਨ ਸਾਲ ਦੇ ਸੇਵਾ ਕਾਲ ਸਮੇਂ ਉਨ੍ਹਾਂ ਨੇ ਕੌਂਸਲਖਾਨੇ ਦੀਆਂ ਸੇਵਾਵਾਂ ਵਿਚ ਅਜਿਹੇ ਸੁਧਾਰ ਲਾਗੂ ਕੀਤੇ, ਜਿਨ੍ਹਾਂ ਸਦਕਾ ਲੋਕਾਂ ਦੀਆਂ ਸ਼ਿਕਾਇਤਾਂ ਬਹੁਤ ਘਟ ਚੁੱਕੀਆਂ ਹਨ। ਭਾਟੀਆ ਤੋਂ ਬਾਅਦ ਟੋਰਾਂਟੋ ਵਿਚ ਭਾਰਤ ਦੇ ਅਗਲੇ ਕੌਂਸਲ ਜਨਰਲ ਸ੍ਰੀਮਤੀ ਅਪੂਰਵਾ ਸ੍ਰੀਵਾਸਤਵਾ ਨੂੰ ਨਿਯੁਕਤ ਕੀਤਾ ਗਿਆ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …