10.3 C
Toronto
Saturday, November 8, 2025
spot_img
Homeਜੀ.ਟੀ.ਏ. ਨਿਊਜ਼ਪੂਨਮ ਕਤਲ ਕਾਂਡ 'ਚ ਸਹੁਰੇ ਨੂੰ ਸਜ਼ਾ

ਪੂਨਮ ਕਤਲ ਕਾਂਡ ‘ਚ ਸਹੁਰੇ ਨੂੰ ਸਜ਼ਾ

logo-2-1-300x105-3-300x105ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ 4 ਫਰਵਰੀ 2009 ਤੋਂ ਚਰਚਿਤ ਪੂਨਮ ਕਤਲ ਕੇਸ ਵਿਚ ਲੰਘੇ ਸ਼ੁੱਕਰਵਾਰ ਆਖਰੀ ਦੋਸ਼ੀ ਕੁਲਵੰਤ ਲਿੱਟ (67) ਨੂੰ ਬਰੈਂਪਟਨ ਸਥਿਤ ਅਦਾਲਤ ਦੇ ਜੱਜ ਨੇ 6 ਸਾਲ 8 ਮਹੀਨੇ ਸਜ਼ਾ ਸੁਣਾਈ।  ਜੇਲ੍ਹ ਵਿਚ ਬੰਦ ਦੋਸ਼ੀ ਆਪਣੀ  ਨੂੰਹ ਪੂਨਮ ਲਿੱਟ ਦੀ ਲਾਸ਼ ਗੱਦੇ ਵਿਚ ਲਪੇਟ ਕੇ ਵਿਰਾਨ ਥਾਂ ਸੁੱਟਣ, ਅੱਗ ਲਗਾਉਣ ਅਤੇ ਵਾਰਦਾਤ ਦੀ ਸੱਚਾਈ ਲੁਕਾਉਣ ਤੇ ਪੁਲਿਸ ਨਾਲ ਝੂਠ ਬੋਲਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ। ਜ਼ੁਰਮ ਵਿਚ ਉਸ ਦਾ ਜਵਾਈ ਸਕੰਦਰ ਪੂਨੀਆ ਭਾਈਵਾਲ ਸੀ, ਜਿਸ ਨੂੰ ਸੱਤ ਸਾਲ ਕੈਦ ਹੋਈ। ਮੁੱਖ ਦੋਸ਼ਣ ਮਨਦੀਪ ਪੂਨੀਆ (ਉਪਰੋਕਤ ਕੁਲਵੰਤ ਲਿੱਟ ਦੀ ਬੇਟੀ) ਪੂਨਮ (ਸਕੀ ਭਰਜਾਈ) ਨੂੰ ਘਰ ਦੀ ਰਸੋਈ ਵਿਚ ਚਾਕੂ ਨਾਲ ਕਤਲ ਕਰਨ ਲਈ 12 ਸਾਲ ਕੈਦ ਭੁਗਤ ਰਹੀ ਹੈ।  ਦੋਸ਼ੀ ਲਿੱਟ ਦੀ ਮੁਕੱਦਮੇ ਦੌਰਾਨ (ਅਪ੍ਰੈਲ 2012 ਤੋਂ) ਭੁਗਤੀ ਕੈਦ ਦੇ ਸਮੇਂ ਨੂੰ ਜੱਜ ਨੇ ਮਾਨਤਾ ਦਿੱਤੀ ਹੈ ਜਿਸ  ਕਰਕੇ ਉਸ ਨੂੰ ਹੋਰ ਜੇਲ੍ਹ ਵਿਚ ਨਹੀਂ ਰਹਿਣਾ ਪਵੇਗਾ। ਪਰ, ਕੈਨੇਡਾ ਵਿਚ ਲਿੱਟ ਦਾ ਅੰਨ-ਜਲ ਹਾਲ ਦੀ ਘੜੀ ਖਤਮ ਹੈ ਅਤੇ ਅਪਰਾਧ ਕਾਰਨ ਉਸ ਦੀ ਇਮੀਗ੍ਰੇਸ਼ਨ ਰੱਦ ਕਰਕੇ ਪੰਜਾਬ (ਭਾਰਤ) ਵਾਪਿਸ ਮੋੜੇ ਜਾਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕਾਰਵਾਈ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕੈਦ ਰੱਖਿਆ ਜਾ ਰਿਹਾ ਹੈ, ਭਾਵ ਉਸ ਨੂੰ ਜੇਲ੍ਹ ਵਿੱਚੋਂ ਹੀ ਦਿੱਲੀ ਜਾਣ ਵਾਲੇ ਜਹਾਜ਼ ਵਿਚ ਚੜ੍ਹਾ ਦਿੱਤੇ ਜਾਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਬਚਾਓ ਦੇ ਸਾਰੇ ਰਾਹ ਬੰਦ ਦਿਸਣ ‘ਤੇ ਲਿੱਟ ਨੇ ਲੰਘੇ ਮਹੀਨੇ ਅਦਾਲਤ ਵਿਚ ਮੰਨ ਲਿਆ ਸੀ ਕਿ ਬਰੈਂਪਟਨ ਵਿਖੇ ਘਰ ਵਿਚ ਝਗੜੇ ਦੌਰਾਨ ਮਨਦੀਪ ਨੇ ਪੂਨਮ ਦੀ ਗਰਦਨ ਵਿਚ ਚਾਕੂ ਮਾਰਿਆ ਸੀ। ਪੂਨਮ ਦੀ ਲਾਸ਼ ਨੂੰ ਉਹ ਰਾਤੋ-ਰਾਤ ਆਪਣੇ ਜਵਾਈ ਨਾਲ ਮਿਲ ਕੇ ਨਾਲ ਲੱਗਦੇ ਪਿੰਡ ਦੇ ਖੇਤਾਂ ਵਿਚ ਸੁੱਟ ਆਇਆ ਸੀ ਪਰ ਪੁਲਿਸ ਅਤੇ ਲੋਕਾਂ ਵਿਚ ਦੱਸਦਾ ਰਿਹਾ ਕਿ ਪੂਨਮ ਕੰਮ ‘ਤੇ ਗਈ ਅਤੇ ਘਰ ਨਹੀਂ ਪਰਤੀ। ਜੱਜ ਨੇ ਲਿੱਟ ਨੂੰ ਸਜ਼ਾ ਯਾਫਤਾ ਕਰਨ ਵੇਲੇ ਝਾੜ ਪਾਉਂਦਿਆਂ ਆਖਿਆ ਝੂਠ ਬੋਲ ਕੇ ਉਸ ਨੇ ਪੁਲਿਸ ਅਤੇ ਅਦਾਲਤ ਦਾ ਬਹੁਤ ਸਮਾਂ ਨਸ਼ਟ ਕੀਤਾ। ਲਿੱਟ ਪਿਛਲੇ 16 ਕੁ ਸਾਲਾਂ ਤੋਂ ਕੈਨੇਡਾ ਵਿਚ ਹੈ ਅਤੇ 18 ਨਵੰਬਰ 2009 ਨੂੰ ਮਿਸੀਸਾਗਾ ਵਿਚ ਇਕੱਲੀ ਰਹਿੰਦੀ ਔਰਤ ਨੂੰ ਤੰਗ ਕਰਨ ਦੇ ਇਕ ਵੱਖਰੇ ਮਾਮਲੇ ਵਿਚ ਅਦਾਲਤ ਤੋਂ ਦੋਸ਼ੀ ਠਹਿਰਾਇਆ ਗਿਆ।

RELATED ARTICLES
POPULAR POSTS