ਕਿਹਾ – ਗੁਰੂਆਂ ਦੀ ਬਖਸ਼ਿਸ਼ ਸਦਕਾ ਹੀ ਦੂਜੀ ਵਾਰ ਬਣੀ ਹਾਂ ਸੰਸਦ ਮੈਂਬਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਕੈਨੇਡੀਅਨ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਕੋਲੋਂ ਅਸ਼ੀਰਵਾਦ ਲਿਆ। ਸੋਨੀਆ ਸਿੱਧੂ ਨੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਇਸ ਮੌਕੇ ਸੋਨੀਆ ਸਿੱਧੂ ਨੇ ਕਿਹਾ ਕਿ ਉਹ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਆਏ ਹਨ, ਕਿਉਂਕਿ ਉਹ ਕੈਨੇਡਾ ਵਰਗੇ ਮੁਲਕ ਵਿਚ ਦੂਜੀ ਵਾਰ ਸੰਸਦ ਮੈਂਬਰ ਗੁਰੂਆਂ ਦੀ ਬਖਸ਼ਿਸ਼ ਸਦਕਾ ਹੀ ਬਣੇ ਹਨ। ਉਨ੍ਹਾਂ ਕਿਹਾ ਕਿ ਇਸ ਸਥਾਨ ‘ਤੇ ਮੱਥਾ ਟੇਕ ਕੇ ਉਨ੍ਹਾਂ ਨੂੰ ਮਾਨਸਿਕ ਸਕੂਨ ਮਿਲਿਆ ਹੈ। ਗੁਰੂ ਘਰ ਨਤਮਸਤਕ ਹੋਣ ਉਪਰੰਤ ਸੂਚਨਾ ਕੇਂਦਰ ਵਿਖੇ ਬੀਬੀ ਸੋਨੀਆ ਸਿੱਧੂ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਜੰਮਪਲ ਹਨ ਤੇ ਬਚਪਨ ਵਿਚ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜਦੇ ਸਨ ਤੇ ਅੱਜ ਇਸ ਪਾਵਨ ਅਸਥਾਨ ਵਿਖੇ ਅਤੇ ਜੱਦੀ ਸ਼ਹਿਰ ਵਿਚ ਆ ਕੇ ਪੁਰਾਣੀਆਂ ਯਾਦਾਂ ਮੁੜ ਤਾਜ਼ਾ ਹੋ ਗਈਆਂ ਹਨ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਵਿਚ ਨਸ਼ਿਆਂ ਦੇ ਵਧ ਰਹੇ ਰੁਝਾਨ ਪ੍ਰਤੀ ਗਹਿਰੀ ਚਿੰਤਾ ਪ੍ਰਗਟ ਕੀਤੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸੋਨੀਆ ਸਿੱਧੂ ਨੂੰ ਸਿਰੋਪਾਓ, ਸਨਮਾਨ ਚਿੰਨ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਪੰਜਾਬੀਆਂ ਨੇ ਪੂਰੀ ਦੁਨੀਆ ਵਿਚ ਜੋ ਪ੍ਰਾਪਤੀਆਂ ਕੀਤੀਆਂ ਹਨ, ਉਨ੍ਹਾਂ ਵਿਚ ਵਿਰਸੇ ਦੀ ਅਮੀਰੀ ਦਾ ਅਹਿਮ ਯੋਗਦਾਨ ਹੈ। ਇਸ ਮੌਕੇ ਸੋਨੀਆ ਸਿੱਧੂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …