ਕੰਸਰਵੇਟਿਵ ਪਾਰਟੀ ਦੇ ਆਗੂ ਦੀ ਚੋਣ 27 ਜੂਨ ਨੂੰ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਲਿਬਰਲ ਪਾਰਟੀ ਦੀ ਘੱਟ-ਗਿਣਤੀ ਸਰਕਾਰ ਚਲਾ ਰਹੇ ਹਨ ਅਤੇ ਵਿਰੋਧੀ ਧਿਰ ਕਮਜ਼ੋਰ ਹੋਣ ਕਾਰਨ ਅਜੇ ਉਨ੍ਹਾਂ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਅਗਲੇ ਛੇ ਕੁ ਮਹੀਨੇ ਕੋਈ ਵੱਡੀ ਚੁਣੌਤੀ ਬਣਨ ਦੀ ਸੰਭਾਵਨਾ ਵੀ ਨਹੀਂ ਹੈ। ਵਿਰੋਧੀ ਧਿਰ, ਕੰਸਰਵੇਟਿਵ ਪਾਰਟੀ ਕੋਲ ਅਜੇ ਨਵਾਂ ਆਗੂ ਨਹੀਂ ਹੈ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦੀ ਆਰਥਿਕਤਾ ਡਾਵਾਂਡੋਲ ਹੋਣ ਕਾਰਨ ਉਹ ਟਰੂਡੋ ਸਰਕਾਰ ਦੀ ਸ਼ਬਦੀ ਆਲੋਚਨਾ ਤੋਂ ਵੱਧ ਬਹੁਤਾ ਕੁਝ ਕਰਨ ਦੇ ਸਮਰੱਥ ਨਹੀਂ। ਕੈਨੇਡਾ ਦੇ ਹਾਊਸ ਆਫ ਕਾਮਨਜ਼ (ਲੋਕ ਸਭਾ) ਦਾ 2020 ਦਾ ਪਹਿਲਾ ਸੈਸ਼ਨ 27 ਜਨਵਰੀ ਨੂੰ ਸ਼ੁਰੂ ਹੋਵੇਗਾ ਅਤੇ 23 ਜੂਨ ਤੱਕ ਚੱਲਦਾ ਰਹੇਗਾ ਪਰ ਉਸ ਸੈਸ਼ਨ ਦੌਰਾਨ ਕੰਸਰਵੇਟਿਵ ਪਾਰਟੀ ਆਗੂ ਦੀ ਘਾਟ ਕਾਰਨ ਸਰਕਾਰ ਨੂੰ ਭੰਗ ਕਰਵਾ ਕੇ ਚੋਣਾਂ ‘ਚ ਕੁੱਦਣ ਦਾ ਕਦਮ ਨਹੀਂ ਉਠਾ ਸਕੇਗੀ। ਇਹ ਵੀ ਕਿ ਬਲਾਕ ਕਿਊਬਕ ਦਾ ਲਿਬਰਲ ਪਾਰਟੀ ਨੂੰ ਸਮਰਥਨ ਮਿਲਦਾ ਹੋਣ ਕਾਰਨ ਦੂਸਰੀਆਂ ਪਾਰਟੀਆਂ (ਕੰਸਰਵੇਟਿਵ ਅਤੇ ਐਨ.ਡੀ.ਪੀ.) ਦਾ ਵਿਰੋਧ ਬਹੁਤਾ ਅਸਰਦਾਰ ਨਹੀਂ ਹੋਵੇਗਾ, ਕਿਉਂਕਿ ਸਰਕਾਰ ਨੂੰ ਡੇਗਿਆ ਨਹੀਂ ਜਾ ਸਕੇਗਾ। ਕੰਸਰਵੇਟਿਵ ਪਾਰਟੀ ਵਲੋਂ ਬੀਤੇ ਮਹੀਨੇ ਅਪ੍ਰੈਲ 2020 ‘ਚ ਕੀਤੀ ਜਾਣ ਵਾਲੀ ਆਗੂ ਦੀ ਚੋਣ ਮੁਲਤਵੀ ਕਰਨ ਪਰ ਨਵੀਂ ਤਰੀਕ ਤਹਿ ਨਾ ਕਰਨ ਨਾਲ ਅਜਿਹੇ ਸੰਕੇਤ ਮਿਲਣ ਲੱਗੇ ਸਨ ਕਿ ਇਸ ਸਾਰੇ ਸਾਲ ਦੌਰਾਨ ਟਰੂਡੋ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਨਹੀਂ ਹੋਵੇਗਾ। ਤਾਜ਼ਾ ਸੂਚਨਾ ਅਨੁਸਾਰ ਹੁਣ ਕੰਸਰਵੇਟਿਵ ਪਾਰਟੀ ਅੰਦਰ ਸਫਬੰਦੀ ਵਧ ਚੁੱਕੀ ਹੈ ਅਤੇ ਲੰਬਾ ਸਮਾਂ ਟਰੂਡੋ ਸਰਕਾਰ ਨੂੰ ਚੁਣੌਤੀ ਨਾ ਦੇ ਸਕਣ ਤੋਂ ਗੁਰੇਜ਼ ਕਰਨ ਦੀ ਨੀਤੀ ਅਪਣਾਈ ਜਾਣ ਲੱਗੀ ਹੈ। ਹੁਣ ਨਵੇਂ ਆਗੂ ਦੀ ਚੋਣ ਦੀ ਤਰੀਕ 27 ਜੂਨ ਤਹਿ ਕਰ ਦਿੱਤੀ ਗਈ ਹੈ। ਪਾਰਟੀ ਦੀ ਲੀਡਰਸ਼ਿਪ ਕਨਵੈਨਸ਼ਨ ਟੋਰਾਂਟੋ ਵਿਖੇ ਹੋਵੇਗੀ ਅਤੇ 27 ਜੂਨ ਨੂੰ ਮੌਜੂਦਾ ਕੰਮ-ਚਲਾਊ ਆਗੂ ਐਂਡਰੀਊ ਸ਼ੀਅਰ ਦੀ ਜਗ੍ਹਾ ਨਵੇਂ ਆਗੂ ਦੀ ਚੋਣ ਕੀਤੀ ਜਾਵੇਗੀ। ਇਸ ਦਾ ਭਾਵ ਹੈ ਕਿ 23 ਜੂਨ ਤੱਕ ਚੱਲਣ ਵਾਲਾ ਹਾਊਸ ਆਫ ਕਾਮਨਜ਼ ਦਾ ਸੈਸ਼ਨ ਵਿਰੋਧੀ ਪਾਰਟੀਆਂ ਦੇ ਬਿਨਾ ਕਿਸੇ ਵੱਡੇ ਰਾਜਨੀਤਕ ਵਿਘਨ ਤੋਂ ਚੱਲਦਾ ਰਹੇਗਾ। ਪਰ ਜੁਲਾਈ ਅਤੇ ਅਗਸਤ ਦੀਆਂ ਛੁੱਟੀਆਂ ਤੋਂ ਬਾਅਦ 21 ਸਤੰਬਰ 2020 ਨੂੰ ਸ਼ੁਰੂ ਹੋਣ ਵਾਲ਼ੇ ਸੈਸ਼ਨ ‘ਚ ਕੰਸਰਵੇਟਿਵ ਪਾਰਟੀ ਆਪਣੇ ਨਵੇਂ ਆਗੂ ਦੀ ਅਗਵਾਈ ‘ਚ ਵੱਧ ਮਜ਼ਬੂਤ ਹੋ ਕੇ ਸਾਹਮਣੇ ਆ ਜਾਵੇਗੀ।
ਜਸਟਿਨ ਟਰੂਡੋ ਨੇ ਯੂਕਰੇਨ ਜਹਾਜ਼ ਹਾਦਸੇ ਵਿਚ ਮਾਰੇ ਗਏ 63 ਕੈਨੇਡੀਅਨਾਂ ਦੇ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ
ਟੋਰਾਂਟੋ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਜਹਾਜ਼ ਹਾਦਸੇ ਵਿਚ ਮਾਰੇ ਗਏ 63 ਕੈਨੇਡੀਅਨ ਨਾਗਰਿਕਾਂ ਪ੍ਰਤੀ ਸੋਗ ਪ੍ਰਗਟ ਕੀਤਾ। ਟਰੂਡੋ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਹਿਰਾਨ ਵਿਖੇ ਵਾਪਰੇ ਜਹਾਜ਼ ਹਾਦਸੇ ਬਾਰੇ ਸੁਣ ਕੇ ਸਾਰੇ ਦੇਸ਼ ਵਾਸੀਆਂ ਨੂੰ ਸਦਮਾ ਪਹੁੰਚਿਆ। ਜਹਾਜ਼ ਵਿਚ ਸਵਾਰ ਕੁੱਲ 176 ਵਿਅਕਤੀਆਂ ਵਿਚੋਂ 63 ਕੈਨੇਡੀਅਨ ਸਨ। ਹਾਦਸੇ ਵਿਚ ਮਾਰੇ ਗਏ ਸਾਰੇ ਵਿਅਕਤੀਆਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਇਨ੍ਹਾਂ ਮਾਰੇ ਗਏ ਵਿਅਕਤੀਆਂ ਵਿਚ ਘਰ ਵਾਪਸ ਆ ਰਹੇ ਕੈਨੇਡੀਅਨ ਵੀ ਸਨ। ਇਨ੍ਹਾਂ ਤੋਂ ਇਲਾਵਾ ਕਈ ਪਰਿਵਾਰ, ਦੋਸਤ, ਬੱਚੇ, ਵਿਦਿਆਰਥੀ, ਟੀਚਰ ਅਤੇ ਨਵੇਂ ਵਿਆਹੇ ਜੋੜੇ ਸਨ। ਉਨ੍ਹਾਂ ਸਾਰਿਆਂ ਦੇ ਪਰਿਵਾਰਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ। ਟਰੂਡੋ ਨੇ ਕਿਹਾ ਕਿ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕੇਗਾ। ਇਸ ਦਿਲ ਤੋੜਨ ਵਾਲੀ ਘਟਨਾ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਅਸੀਂ ਸਾਰੇ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਾਂ। ਟਰੂਡੋ ਨੇ ਕਿਹਾ ਕਿ ਸਾਡੀ ਸਰਕਾਰ ਇਸ ਹਾਦਸੇ ਦੇ ਪਿੱਛੇ ਕਾਰਨਾਂ ਦਾ ਪਤਾ ਲਗਾਉਣ ਲਈ ਤਿਆਰ ਹੈ ਅਤੇ ਇਸ ਲਈ ਹਰ ਸੰਭਵ ਜਾਂਚ ਕਰਵਾਈ ਜਾਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …