ਚਿੱਲੀ, ਰੂਸ, ਜਪਾਨ ਦੀਆਂ ਹਵਾਈ ਕੰਪਨੀਆਂ ਮੋਹਰੀ
ਟੋਰਾਂਟੋ/ਸਤਪਾਲ ਸਿੰਘ ਜੌਹਲ
ਲੰਘੇ ਕੁਝ ਸਾਲਾਂ ਦੌਰਾਨ ਏਅਰ ਕੈਨੇਡਾ ਨੂੰ ਉੱਤਰੀ ਅਮਰੀਕਾ ਦੀ ਸਰਬੋਤਮ ਹਵਾਈ ਕੰਪਨੀ ਦਾ ਦਰਜਾ ਮਿਲਦਾ ਰਿਹਾ ਹੈ ਪਰ ਹੁਣ ਇਕ ਤਾਜ਼ਾ ਰਿਪੋਰਟ ਅਨੁਸਾਰ ਉਡਾਨਾਂ ਦੇ ਸਮੇਂ ਸਿਰ ਚੱਲਣ ਅਤੇ ਮੰਜ਼ਿਲ ‘ਤੇ ਪੁੱਜਣ ਦੇ ਮਾਮਲੇ ਵਿਚ ਏਅਰ ਕੈਨੇਡਾ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਕੈਨੇਡਾ ਤੇ ਅਮਰੀਕਾ ਦੀਆਂ ਸਾਰੀਆਂ ਵੱਡੀਆਂ ਹਵਾਈ ਕੰਪਨੀਆਂ ਦਾ ਬੁਰਾ ਹਾਲ ਹੈ। ਸੰਸਾਰ ਦੀਆਂ ਪ੍ਰਮੁੱਖ 20 ਹਵਾਈ ਕੰਪਨੀਆਂ ‘ਚੋਂ ਏਅਰ ਕੈਨੇਡਾ ਸਭ ਤੋਂ ਪਛੜੀ ਦਰਸਾਈ ਗਈ ਹੈ। ਉਡਾਨ ‘ਚ ਦੇਰੀ ਹੋਣ ਜਾਂ ਰੱਦ ਹੋਣ ਦੇ ਮਾਮਲਿਆਂ ਵਿਚ ਮੁਸਾਫ਼ਰਾਂ ਦੀ ਅਣਦੇਖੀ ਕਰਨ ਬਾਰੇ ਏਅਰ ਕੈਨੇਡਾ ਦੀ ਲਗਾਤਾਰਤਾ ਨਾਲ ਆਲੋਚਨਾ ਹੋਣਾ ਜਾਰੀ ਹੈ ਅਤੇ ਪ੍ਰੇਸ਼ਾਨ ਹੁੰਦੇ ਮੁਸਾਫ਼ਰਾਂ ਅਤੇ ਪਰਿਵਾਰਾਂ ਵਲੋਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ। ਆਫੀਸ਼ੀਅਲ ਏਅਰਲਾਈਨ ਗਾਈਡ (ਓ.ਏ.ਜੀ) ਵਲੋਂ ਪਿਛਲੇ ਦਿਨੀਂ 2019 ਦੀ ਗਲੋਬਲ ਏਅਰਲਾਈਨ ਆਨਟਾਈਮ ਰੈਂਕਿੰਗ ਰਿਪੋਰਟ ਜਾਰੀ ਕੀਤੀ ਗਈ, ਜਿਸ ਵਿਚ ਲਗਾਤਾਰ ਦੂਸਰੇ ਸਾਲ ਏਅਰ ਕੈਨੇਡਾ ਨੂੰ ਮਗਰਲਾ ਦਰਜਾ ਮਿਲਿਆ ਹੈ। ਉਸ ਰਿਪੋਰਟ ਵਿਚ ਉਡਾਨ ‘ਚ 15 ਮਿੰਟਾਂ ਤੋਂ ਘੱਟ ਦੀ ਦੇਰੀ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਪਰ ਇਸ ਵੱਧ ਦੀ ਦੇਰੀ ਅਤੇ ਫਲਾਈਟ ਕੈਂਸਲ ਹੋਣ ਦਾ ਨੋਟਿਸ ਲਿਆ ਜਾਂਦਾ ਹੈ। ਰਿਪੋਰਟ ਵਿਚ ਮੈਗਾ (ਵੱਡੀ) ਏਅਰਲਾਈਨ ਦੇ ਤੌਰ ‘ਤੇ ਚਿੱਲੀ (ਦੱਖਣੀ ਅਮਰੀਕਾ ਦਾ ਦੇਸ਼) ਦੀ ਹਵਾਈ ਕੰਪਨੀ ਲੇਟਮ ਏਅਰਲਾਈਨ ਸਭ ਤੋਂ ਮੋਹਰੀ ਸਥਾਨ ‘ਤੇ ਹੈ ਜਿਸ ਦੀਆਂ 86 ਫ਼ੀਸਦੀ ਉਡਾਨਾਂ ਸਮੇਂ ਸਿਰ ਰਵਾਨਾ ਹੁੰਦੀਆਂ ਅਤੇ ਮੰਜ਼ਿਲ ‘ਤੇ ਪੁੱਜਦੀਆਂ ਹਨ। ਰੂਸ ਦੀ ਏਅਰਫਲੋਟ ਦੂਸਰੇ ਅਤੇ ਜਾਪਾਨ ਦੀ ਆਲ ਨਿਪੋਂ ਏਅਰਵੇਜ਼ ਤੀਸਰੇ ਸਥਾਨ ‘ਤੇ ਹਨ। ਕੈਨੇਡਾ ‘ਚ ਵੈਸਟ ਜੈੱਟ ਏਅਰਲਾਈਨ ਦੀ ਕਾਰਗੁਜ਼ਾਰੀ ਏਅਰ ਕੈਨੇਡਾ ਤੋਂ ਬਿਹਤਰ ਸਾਹਮਣੇ ਆਈ ਹੈ ਜਿਸ ਦੀਆਂ 80 ਫ਼ੀਸਦੀ ਉਡਾਨਾਂ ਸਮੇਂ ਸਿਰ ਆ ਜਾ ਰਹੀਆਂ ਹਨ। ਇਹ ਵੀ ਕਿ ਏਅਰ ਕੈਨੇਡਾ ਦੀ ਕਾਰਗੁਜ਼ਾਰੀ 2018 ਦੇ ਮੁਕਾਬਲੇ 2019 ਵਿਚ ਹੋਰ ਵੀ ਗਿਰਾਵਟ ਵੱਲ ਗਈ ਕਿਉਂਕਿ ਉਡਾਨਾਂ ਸਮੇਂ ਸਿਰ ਪੁੱਜਣ ਦੀ ਦਰ 67 ਫ਼ੀਸਦੀ ਤੋਂ ਘੱਟ ਕੇ 66 ਫ਼ੀਸਦੀ ਰਹਿ ਗਈ ਏਅਰ ਚਾਈਨਾ (ਚੀਨ) ਅਤੇ ਚਾਈਨਾ ਈਸਟਰਨ ਏਅਰਲਾਈਨ ਥੋੜ੍ਹੇ ਫ਼ਰਕ ਨਾਲ ਏਅਰ ਕੈਨੇਡਾ ਤੋਂ ਅੱਗੇ ਹਨ।
ਐਡਮਿੰਟਨ ਦਾ ਹਵਾਈ ਅੱਡਾ ਸਭ ਤੋਂ ਜ਼ਿੰਮੇਵਾਰ
ਐਡਮਿੰਟਨ : ਕਿਸੇ ਵੀ ਮੁਲਕ ‘ਚ ਅਕਸਰ ਜਹਾਜ਼ ਆਪਣੇ ਸਮੇਂ ਤੋਂ ਕੁਝ ਸਮਾਂ ਉੱਡਣ ਵਿਚ ਲੇਟ ਹੋ ਜਾਂਦੇ ਹਨ ਪਰ ਕੈਨੇਡਾ ਦੇ ਰਾਜ ਅਲਬਰਟਾ ਦੇ ਸ਼ਹਿਰ ਐਡਮਿੰਟਨ ਦਾ ਹਵਾਈ ਅੱਡਾ ਜ਼ਿੰਮੇਵਾਰ ਹਵਾਈ ਅੱਡਿਆਂ ਦੀ ਸੂਚੀ ਵਿਚ ਪਹਿਲੇ ਨੰਬਰ ‘ਤੇ ਆ ਗਿਆ ਹੈ ਜਿੱਥੇ ਕੋਈ ਵੀ ਉਡਾਣ ਆਪਣੇ ਸਮੇਂ ਤੋਂ ਕਦੇ ਵੀ ਲੇਟ ਨਹੀਂ ਹੋਈ ਤੇ ਨਾਲ ਹੀ ਉਹ ਇੱਥੇ ਆਉਣ ਵਾਲੇ ਜਹਾਜ਼ਾਂ ਨੂੰ ਸਮੇਂ ਸਿਰ ਉਤਾਰਨ ਵਾਲਾ ਪਹਿਲਾ ਹਵਾਈ ਅੱਡਾ ਬਣ ਗਿਆ ਹੈ। ਦੁਨੀਆ ਭਰ ਦੇ ਹਵਾਈ ਅੱਡਿਆਂ ‘ਚੋਂ ਇਹ 20ਵੇਂ ਨੰਬਰ ‘ਤੇ ਆਉਣ ਵਾਲੇ ਇਸ ਹਵਾਈ ਅੱਡੇ ਤੋਂ 82 ਫ਼ੀਸਦੀ ਉਡਾਣਾਂ ਸਮੇਂ ਸਿਰ ਉੱਡੀਆਂ ਤੇ 82 ਫ਼ੀਸਦੀ ਉਡਾਣਾਂ ਹੀ ਸਮੇਂ ਸਿਰ ਉਤਾਰੀਆਂ ਗਈਆਂ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …