ਸਤੰਬਰ ਤੱਕ ਸਾਰੇ ਕੈਨੇਡੀਅਨਾਂ ਨੂੰ ਲੱਗ ਜਾਵੇਗੀ ਕਰੋਨਾ ਵੈਕਸੀਨ : ਟਰੂਡੋ
ਓਟਵਾ/ਬਿਊਰੋ ਨਿਊਜ਼ : ਕਰੋਨਾ ਵੈਕਸੀਨ ਮਿਲਣ ‘ਚ ਹੋ ਰਹੀ ਦੇਰੀ ਦੇ ਚਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੌਡਰਨਾ ਦੇ ਸੀਈਓ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕੈਨੇਡੀਅਨਾਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਸਤੰਬਰ ਮਹੀਨੇ ਤੱਕ ਸਭ ਨੂੰ ਕਰੋਨਾ ਵੈਕਸੀਨ ਲੱਗ ਜਾਵੇਗਾ। ਫਾਈਜਰ-ਬਾਇਓਐਨਟੈਕ ਦੀ ਖੇਪ ਵਿੱਚ ਦੇਰ ਹੋਣ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੋਵਿਡ-19 ਵੈਕਸੀਨ ਨੂੰ ਜਲਦ ਹਾਸਲ ਕਰਨ ਦਾ ਭਾਵੇਂ ਸਾਰਿਆਂ ਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ ਪਰ ਵਿਰੋਧੀ ਧਿਰਾਂ ਇਸ ਉੱਤੇ ਯਕੀਨ ਕਰਨ ਲਈ ਤਿਆਰ ਨਹੀਂ ਹਨ। ਕੰਸਰਵੇਟਿਵ ਹੈਲਥ ਕ੍ਰਿਟਿਕ ਮਿਸੇਲ ਰੈਂਪਲ ਗਾਰਨਰ ਨੇ ਚਿੰਤਾ ਪ੍ਰਗਟਾਉਂਦਿਆਂ ਆਖਿਆ ਕਿ ਯੂਰਪੀਅਨ ਯੂਨੀਅਨ ਵੱਲੋਂ ਸੰਭਾਵੀ ਤੌਰ ਉੱਤੇ ਲਾਈ ਗਈ ਪਾਬੰਦੀ ਨਾਲ ਕੈਨੇਡਾ ਨੂੰ ਹਾਸਲ ਹੋਣ ਵਾਲੀ ਇਸ ਵੈਕਸੀਨ ਦੀ ਸਪਲਾਈ ਵਿੱਚ ਵੱਡਾ ਵਿਘਨ ਪੈ ਸਕਦਾ ਹੈ। ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਕੈਨੇਡਾ ਨੂੰ ਨਿਰਧਾਰਤ ਡੋਜਾਂ ਵਾਅਦੇ ਮੁਤਾਬਕ ਮਾਰਚ ਦੇ ਅੰਤ ਤੱਕ ਮਿਲ ਜਾਣਗੀਆਂ।
ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਆਖਿਆ ਕਿ ਉਨ੍ਹਾਂ ਵੱਲੋਂ ਮੌਡਰਨਾ ਦੇ ਸੀਈਓ ਸਟੀਫਨ ਬੈਂਸਲ ਨਾਲ ਗੱਲ ਕੀਤੀ ਗਈ ਹੈ, ਜਿਨ੍ਹਾਂ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਕੈਨੇਡਾ ਨੂੰ ਸਮੇਂ ਸਿਰ ਵੈਕਸੀਨ ਦੀ ਵਾਧੂ ਖੇਪ ਹਾਸਲ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਅਸੀਂ ਉਸ ਟਰੈਕ ਉੱਤੇ ਹਾਂ ਜਿੱਥੇ ਹਰ ਕੈਨੇਡੀਅਨ, ਜਿਹੜਾ ਵੈਕਸੀਨ ਲਵਾਉਣੀ ਚਾਹੁੰਦਾ ਹੈ, ਉਸ ਵੈਕਸੀਨ ਨੂੰ ਸਤੰਬਰ ਤੱਕ ਹਾਸਲ ਕਰ ਲਵੇਗਾ।
ਬੈਲਜੀਅਮ ਵਿਚਲੇ ਆਪਣੇ ਪਲਾਂਟ ਦੇ ਪਸਾਰ ਕਾਰਨ ਫਾਈਜਰ ਦਾ ਧਿਆਨ ਉੱਧਰ ਲੱਗਿਆ ਹੋਇਆ ਹੈ ਤੇ ਇਸੇ ਲਈ ਵੈਕਸੀਨ ਦੀ ਸਪਲਾਈ ਵਿੱਚ ਕਮੀ ਆ ਰਹੀ ਹੈ। ਐਸਟ੍ਰਾਜੈਨੇਕਾ ਵੱਲੋਂ ਯੂਰਪ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਤਪਾਦਨ ਦੇ ਮੁੱਦਿਆਂ ਕਾਰਨ ਉਨ੍ਹਾਂ ਦੀ ਵੈਕਸੀਨ ਦੀਆਂ ਸੁਰੂਆਤੀ ਡਲਿਵਰੀਜ ਘੱਟ ਰਹਿਣਗੀਆਂ। ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਯੂਰਪ ਇਸ ਹਫਤੇ ਦੇ ਅੰਤ ਤੱਕ ਇਸ ਦੀ ਵਰਤੋਂ ਨੂੰ ਮਨਜੂਰੀ ਦੇ ਸਕਦਾ ਹੈ। ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਗਲੇ ਹਫਤੇ ਤੱਕ ਫਾਈਜਰ-ਬਾਇਓਐਨਟੈਕ ਦੀਆਂ 26,325 ਡੋਜਾਂ ਹਾਸਲ ਹੋਣ ਦੀ ਉਮੀਦ ਹੈ, ਜੋ ਕਿ ਪਹਿਲਾਂ ਕੀਤੀ ਜਾ ਰਹੀ ਉਮੀਦ ਨਾਲੋਂ ਕਾਫੀ ਘੱਟ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …