ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਚੀਫ ਮੈਡੀਕਲ ਅਫਸਰ ਆਫ ਹੈਲਥ ਵੱਲੋਂ ਦਿੱਤੀ ਗਈ ਅਪਡੇਟ ਦੌਰਾਨ ਨਿੱਕੇ ਬੱਚਿਆਂ ਨੂੰ ਵੈਕਸੀਨੇਟ ਕਰਵਾਉਣ ਸਬੰਧੀ ਕੀਤੀਆਂ ਗਈਆਂ ਆਪਣੀਆਂ ਟਿੱਪਣੀਆਂ ਵਾਪਿਸ ਲੈ ਲਈਆਂ ਗਈਆਂ ਹਨ। ਇਨ੍ਹਾਂ ਟਿੱਪਣੀਆਂ ਉੱਤੇ ਵਿਰੋਧੀ ਧਿਰਾਂ ਵੱਲੋਂ ਤੇ ਸੋਸ਼ਲ ਮੀਡੀਆ ਉੱਤੇ ਕਾਫੀ ਨੁਕਤਾਚੀਨੀ ਕੀਤੀ ਗਈ ਸੀ।
ਡਾ. ਕੀਰਨ ਮੂਰ ਨੂੰ ਇਹ ਪੁੱਛਿਆ ਗਿਆ ਸੀ ਕਿ ਕੀ ਪਬਲਿਕ ਸਕੂਲ ਵਿਦਿਆਰਥੀਆਂ ਲਈ ਵੈਕਸੀਨੇਸ਼ਨ ਲਾਜ਼ਮੀ ਕਰਨ ਬਾਰੇ ਪ੍ਰੋਵਿੰਸ ਕੁੱਝ ਸੋਚ ਰਹੀ ਹੈ, ਇਸ ਉੱਤੇ ਡਾ. ਮੂਰ ਨੇ ਆਖਿਆ ਸੀ ਕਿ ਅਜਿਹਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਨਵੀਂ ਵੈਕਸੀਨ ਹੈ ਤੇ ਪ੍ਰੋਵਿੰਸ ਨੂੰ ਲਾਜ਼ਮੀ ਕਰਨ ਤੋਂ ਪਹਿਲਾਂ ਇਸ ਬਾਰੇ ਪੱਕੇ ਪੈਰੀਂ ਹੋਣਾ ਜ਼ਰੂਰੀ ਹੈ।
ਡਾ. ਮੂਰ ਦੀਆਂ ਇਨ੍ਹਾਂ ਟਿੱਪਣੀਆਂ ਦੀ ਸੋਸ਼ਲ ਮੀਡੀਆ ਉੱਤੇ ਨਾਲ ਦੀ ਨਾਲ ਹੀ ਨੁਕਤਾਚੀਨੀ ਸ਼ੁਰੂ ਹੋ ਗਈ। ਕਈ ਐਪਿਡੇਮੌਲੋਜਿਸਟਸ ਤੇ ਹੋਰ ਪਬਲਿਕ ਹੈਲਥ ਮਾਹਿਰਾਂ ਵੱਲੋਂ ਇਹ ਆਖਿਆ ਗਿਆ ਕਿ ਇਸ ਨਾਲ ਬੱਚਿਆਂ ਦੇ ਕੋਵਿਡ-19 ਸਬੰਧੀ ਟੀਕਾਕਰਣ ਵਿੱਚ ਮਾਪਿਆਂ ਨੂੰ ਹਿਕਕਿਚਾਹਟ ਹੋਵੇਗੀ। ਇਸ ਦੌਰਾਨ ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਆਖਿਆ ਕਿ ਮੂਰ ਨੂੰ ਆਪਣੇ ਬਿਆਨ ਬਾਰੇ ਸਪਸ਼ਟੀਕਰਣ ਦੇਣਾ ਚਾਹੀਦਾ ਹੈ ਤੇ ਜਾਂ ਫਿਰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕਈ ਮਿਲੀਅਨ ਬੱਚਿਆਂ ਨੂੰ ਇਹ ਵੈਕਸੀਨ ਲੱਗ ਚੁੱਕੀ ਹੈ ਤੇ ਇਸ ਦਾ ਕੋਈ ਮਾੜਾ ਅਸਰ ਵੀ ਨਹੀਂ ਹੋਇਆ। ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਆਖਿਆ ਕਿ ਮੂਰ ਦੀ ਇਸ ਟਿੱਪਣੀ ਨਾਲ ਉਨ੍ਹਾਂ ਨੂੰ ਥੋੜ੍ਹੀ ਚਿੰਤਾ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਨਾਲ ਵੈਕਸੀਨੇਸ਼ਨ ਨਾ ਲਵਾਉਣ ਦੀ ਧਾਰਨਾ ਨੂੰ ਬਲ ਮਿਲੇਗਾ।
ਇੱਥੇ ਦੱਸਣਾ ਬਣਦਾ ਹੈ ਕਿ ਓਨਟਾਰੀਓ ਵਿੱਚ 5 ਤੋਂ 11 ਸਾਲ ਦੇ 47 ਫੀਸਦੀ ਬੱਚੇ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲੈ ਚੁੱਕੇ ਹਨ ਤੇ ਕੈਨੇਡਾ ਵਿੱਚ ਅਜੇ ਇਹ ਸੱਭ ਤੋਂ ਘੱਟ ਦਰ ਹੈ। ਇਸ ਸਾਰੀ ਨੁਕਤਾਚੀਨੀ ਤੋਂ ਬਾਅਦ ਡਾ. ਮੂਰ ਨੇ ਸਫਾਈ ਦਿੰਦਿਆਂ ਆਖਿਆ ਕਿ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਫਾਈਜਰ ਦੀ 5 ਤੋ 11 ਸਾਲਾਂ ਦੇ ਬੱਚਿਆਂ ਲਈ ਵੈਕਸੀਨ ਬਿਲਕੁਲ ਸੇਫ, ਅਸਰਦਾਰ ਹੈ ਤੇ ਇਹ ਕੋਵਿਡ-19 ਖਿਲਾਫ ਪੂਰੀ ਸੁਰੱਖਿਆ ਦਿੰਦੀ ਹੈ। ਫਾਈਜਰ ਦੀ ਬੱਚਿਆਂ ਲਈ ਵੈਕਸੀਨ ਨੂੰ ਨਵੰਬਰ ਦੇ ਅਖੀਰ ਵਿੱਚ ਹੈਲਥ ਕੈਨੇਡਾ ਵੱਲੋਂ ਮਾਨਤਾ ਪ੍ਰਾਪਤ ਹੋ ਗਈ ਸੀ। ਇਸ ਵੈਕਸੀਨ ਨੂੰ ਵੱਖਰੇ ਤੌਰ ਉੱਤੇ ਪੈਕ ਕੀਤਾ ਗਿਆ ਹੈ ਕਿਉਂਕਿ ਇਸ ਵਿੱਚ ਬੱਚਿਆਂ ਲਈ ਘੱਟ ਡੋਜ਼ (ਜਿੰਨੀ ਇਸ ਉਮਰ ਵਰਗ ਦੇ ਬੱਚਿਆਂ ਨੂੰ ਚਾਹੀਦੀ ਹੈ) ਹੈ।