Breaking News
Home / ਜੀ.ਟੀ.ਏ. ਨਿਊਜ਼ / ਗੈਰਕਾਨੂੰਨੀ ਹਥਿਆਰ ਤਿਆਰ ਕਰਨ ਵਾਲਾ ਗਿਰੋਹ ਆਇਆ ਪੁਲਿਸ ਦੇ ਅੜਿੱਕੇ

ਗੈਰਕਾਨੂੰਨੀ ਹਥਿਆਰ ਤਿਆਰ ਕਰਨ ਵਾਲਾ ਗਿਰੋਹ ਆਇਆ ਪੁਲਿਸ ਦੇ ਅੜਿੱਕੇ

ਓਨਟਾਰੀਓ/ਬਿਊਰੋ ਨਿਊਜ਼ : ਮਹੀਨਿਆਂ ਬੱਧੀ ਚੱਲੀ ਛਾਣਬੀੜ ਤੋਂ ਬਾਅਦ ਪਿਛਲੇ ਹਫਤੇ ਮਾਰੇ ਗਏ ਛਾਪਿਆਂ ਦੌਰਾਨ ਗੈਰ ਕਾਨੂੰਨੀ ਹਥਿਆਰ ਤਿਆਰ ਕਰਨਾ ਵਾਲਾ ਇਕ ਗਿਰੋਹ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਇਹ ਗਿਰੋਹ ਗੈਰਕਾਨੂੰਨੀ ਹੈਂਡਗੰਨਜ਼ ਤਿਆਰ ਕਰਕੇ ਉਨ੍ਹਾਂ ਨੂੰ ਵੇਚਦਾ ਵੀ ਰਿਹਾ ਹੈ।
ਪੁਲਿਸ ਦਾ ਮੰਨਣਾ ਹੈ ਕਿ ਇਸ ਗਰੁੱਪ ਵੱਲੋਂ 120 ਹੈਂਡਗੰਨਜ਼ ਤਿਆਰ ਕਰਕੇ ਇਲਾਕੇ ਵਿੱਚ ਮੁਜਰਮਾਂ ਨੂੰ ਵੇਚੀਆਂ ਗਈਆਂ। ਇਹ ਘਰ ਵਿੱਚ ਤਿਆਰ ਕੀਤੀਆਂ ਗੰਨਜ਼ ਸਨ ਜਿਨ੍ਹਾਂ ਨੂੰ ਸੀਰੀਅਲ ਨੰਬਰਜ਼ ਰਾਹੀਂ ਟਰੇਸ ਨਹੀਂ ਸੀ ਕੀਤਾ ਜਾ ਸਕਦਾ। ਇਸ ਰੁਝਾਨ ਦਾ ਇੱਥੇ ਕਾਫੀ ਚਲਣ ਹੋ ਗਿਆ ਸੀ। ਓਪੀਪੀ ਡਿਪਟੀ ਕਮਿਸ਼ਨਰ ਰਿੱਕ ਬਾਰਨਮ ਨੇ ਆਖਿਆ ਕਿ ਇਸ ਮਾਮਲੇ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਸੰਗਠਿਤ ਜੁਰਮ ਵੱਲ ਹੀ ਇਸ਼ਾਰਾ ਕਰਦੀਆਂ ਸਨ।
ਫੋਰਸ ਵੱਲੋਂ 23 ਵਿਅਕਤੀਆਂ ਖਿਲਾਫ 150 ਚਾਰਜ ਲਾਏ ਗਏ, ਇਨ੍ਹਾਂ ਕੋਲੋਂ ਹਾਸਲ ਸਮਾਨ ਵਿੱਚ 14 ਹੈਂਡਗੰਨਜ਼, 6 ਲਾਂਗ ਗੰਨਜ਼, ਜਿਨ੍ਹਾਂ ਵਿੱਚ ਇੱਕ ਮਸ਼ੀਨਗੰਨ ਤੇ ਇੱਕ ਅਸਾਲਟ ਰਾਈਫਲ, ਗ੍ਰਨੇਡ, ਸਾਇਲੈਂਸਰਜ਼ ਤੇ ਸਟੇਨਗੰਨ ਤੋਂ ਇਲਾਵਾ ਬੁਲਟ ਪਰੂਫ ਜੈਕੇਟ ਵੀ ਸ਼ਾਮਲ ਸੀ। ਸੁਪਰਡੈਂਟ ਬ੍ਰਾਇਨ ਮੈਕਿਲੌਪ ਦਾ ਕਹਿਣਾ ਹੈ ਕਿ ਇਹ ਹੈਂਡਗੰਨਜ਼ ਨਿਰੋਲ ਰੂਪ ਵਿੱਚ ਕੈਨੇਡਾ ਵਿੱਚ ਤਿਆਰ ਕੀਤੀਆਂ ਗਈਆਂ ਤੇ ਇਨ੍ਹਾਂ ਦੇ ਪਾਰਟ ਕਾਨੂੰਨੀ ਤੌਰ ਉੱਤੇ ਦੇਸ਼ ਤੇ ਵਿਦੇਸ਼ ਤੋਂ ਖਰੀਦੇ ਗਏ। ਉਨ੍ਹਾਂ ਦੱਸਿਆ ਕਿ ਵੇਚੇ ਗਏ ਇੱਕ ਹਥਿਆਰ ਦੀ ਕੀਮਤ 2500 ਡਾਲਰ ਤੱਕ ਸੀ।
ਮੈਕਿਲੌਪ ਨੇ ਆਖਿਆ ਕਿ ਇਨ੍ਹਾਂ ਅਨਿਯੰਤਰਿਤ ਹਿੱਸਿਆਂ ਨੂੰ ਜੋੜ ਕੇ ਪਾਬੰਦੀਸ਼ੁਦਾ ਹਥਿਆਰ ਵੀ ਬਣਾਏ ਜਾ ਸਕਦੇ ਹਨ। ਇਹ ਸਾਡੇ ਲਈ ਚਿੰਤਾ ਦਾ ਵੱਡਾ ਵਿਸ਼ਾ ਹੈ ਤੇ ਇਸ ਦਾ ਹੱਲ ਲੱਭਣ ਲਈ ਅਸੀਂ ਨੀਤੀਘਾੜਿਆਂ ਨਾਲ ਰਲ ਕੇ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਅਜਿਹੀਆਂ ਗੈਰਕਾਨੂੰਨੀ ਗੰਨਜ਼ ਨੂੰ ਟਰੇਸ ਕਰਨ ਲਈ ਪੰਜ ਹੋਰਨਾਂ ਇਲਾਕਿਆਂ ਦੀਆਂ ਫੋਰਸਿਜ਼ ਨਾਲ ਰਲ ਕੇ ਓਪੀਪੀ ਵੱਲੋਂ ਅਪਰੈਲ ਦੇ ਮਹੀਨੇ ਪ੍ਰੋਜੈਕਟ ਰੈਨਰ ਸ਼ੁਰੂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਦੋ ਕਥਿਤ ਰਿੰਗਲੀਡਰਜ਼, ਰੌਕਵੁੱਡ, ਓਨਟਾਰੀਓ ਦੇ 47 ਸਾਲਾ ਬਰੂਸ ਮੈਕਿਨੌਨ ਤੇ ਸਮਿੱਥਵਿੱਲੇ, ਓਨਟਾਰੀਓ ਦੇ 29 ਸਾਲਾ ਜੌਨ ਰੈਸਮੂਸੈਨ ਦੇ ਨਾਂ ਸਾਹਮਣੇ ਆਏ। ਇਨ੍ਹਾਂ ਦੋਵਾਂ ਵਿੱਚੋਂ ਹਰੇਕ ਉੱਤੇ ਦੋ ਦਰਜਨ ਤੋਂ ਵੱਧ ਚਾਰਜਿਜ਼ ਹਨ। ਪਿਛਲੇ ਹਫਤੇ ਪੁਲਿਸ ਨੇ ਕਈ ਪੁਲਿਸ ਸੈਨਾਵਾਂ ਦੇ 400 ਤੋਂ ਵੱਧ ਅਧਿਕਾਰੀਆਂ ਦੀ ਮਦਦ ਨਾਲ 39 ਥਾਂਵਾਂ ਉੱਤੇ ਛਾਪੇ ਮਾਰੇ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ 1.2 ਕਿੱਲੋ ਕੋਕੀਨ, 30 ਗ੍ਰਾਮ ਮੈਥਾਮਫੈਟਾਮਾਈਨ, 13 ਗ੍ਰਾਮ ਹੈਰੋਇਨ, 66 ਫੈਂਟਾਨਿਲ ਟੇਬਲੇਟਸ ਤੇ 85,000 ਡਾਲਰ ਨਕਦ ਹਾਸਲ ਹੋਇਆ ਹੈ। ਇਸ ਤੋਂ ਇਲਾਵਾ ਹੋਰ ਸੰਪਤੀ ਤੇ ਚਾਰ ਗੱਡੀਆਂ ਵੀ ਮਿਲੀਆਂ ਹਨ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …