ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਮਿਲਟਰੀ ਦੇ ਸੈਕਿੰਡ ਇਨ ਕਮਾਂਡ ਲੈਫਟੀਨੈਂਟ ਜਨਰਲ ਪਾਲ ਵਿਨਿਕ ਵੱਲੋਂ ਅਚਾਨਕ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਵਿਨਿਕ ਨੇ ਆਖਿਆ ਕਿ ਉਨ੍ਹਾਂ ਵੱਲੋਂ ਕੈਨੇਡੀਅਨ ਆਰਮਡ ਫੋਰਸਿਜ਼ ਤੋਂ 38 ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋਣ ਦਾ ਫੈਸਲਾ ਕੀਤਾ ਗਿਆ ਸੀ। ਪਰ ਪਿਛਲੇ ਕੁੱਝ ਮਹੀਨਿਆਂ ਤੋਂ ਉਹ ਮੈਰੀਐਨੇ ਨਾਲ ਇਹ ਨੌਕਰੀ ਛੱਡ ਕੇ ਪਰਿਵਾਰ ਨਾਲ ਸਮਾਂ ਬਿਤਾਉਣ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ। ਵਿਨਿਕ ਨੇ ਖੁਦ ਨੂੰ ਵਾਈਸ ਚੀਫ ਥਾਪੇ ਜਾਣ ਲਈ ਜਨਰਲ ਜੌਨਾਥਨ ਵੈਂਸ ਦਾ ਸ਼ੁਕਰੀਆ ਵੀ ਅਦਾ ਕੀਤਾ।
ਜ਼ਿਕਰਯੋਗ ਹੈ ਕਿ ਵਿਨਿਕ ਨੇ ਵਾਈਸ ਐਡਮਿਰਲ ਮਾਰਕ ਨੌਰਮਨ ਤੋਂ 16 ਜੁਲਾਈ, 2018 ਨੂੰ ਵਾਈਸ ਚੀਫ ਦਾ ਚਾਰਜ ਲਿਆ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਨੌਰਮਨ ਨੂੰ ਕਥਿਤ ਤੌਰ ਉੱਤੇ ਸਰਕਾਰੀ ਗੁਪਤ ਦਸਤਾਵੇਜ਼ ਲੀਕ ਕਰਨ ਦੇ ਸਬੰਧ ਵਿੱਚ ਸਸਪੈਂਡ ਕਰ ਦਿੱਤਾ ਗਿਆ ਸੀ।
ਨੌਰਮਨ ਨੂੰ ਵਿਸ਼ਵਾਸ ਤੋੜਨ ਲਈ ਚਾਰਜ ਕੀਤਾ ਗਿਆ ਸੀ ਪਰ ਇਸ ਕੇਸ ਵਿੱਚ ਨੌਰਮਨ ਨੂੰ ਮਈ ਵਿੱਚ ਸਟੇਅ ਮਿਲ ਗਈ। ਇਸ ਤੋਂ ਬਾਅਦ ਵੈਂਸ ਨੇ ਆਸ ਪ੍ਰਗਟਾਈ ਸੀ ਕਿ ਨੌਰਮਨ ਸ਼ਾਇਦ ਮਿਲਟਰੀ ਦੇ ਕਿਸੇ ਉੱਚ ਅਹੁਦੇ ਉੱਤੇ ਪਰਤ ਆਉਣਗੇ। ਪਰ ਨੌਰਮਨ ਨੇ ਜੂਨ ਵਿੱਚ ਆਪਣੀ ਰਿਟਾਇਰਮੈਂਟ ਦੇ ਸਬੰਧ ਵਿੱਚ ਐਲਾਨ ਕਰ ਦਿੱਤਾ ਸੀ। ਇਸ ਦੌਰਾਨ ਵੈਂਸ ਨੇ ਦੇਸ਼ ਲਈ ਅਣਥੱਕ ਯੋਗਦਾਨ ਪਾਉਣ ਤੇ ਦੇਸ਼ ਲਈ ਬਲੀਦਾਨ ਦੇਣ ਵਾਸਤੇ ਵਿਨਿਕ ਦਾ ਧੰਨਵਾਦ ਵੀ ਕੀਤਾ। ਵੈਂਸ ਨੇ ਆਖਿਆ ਕਿ ਉਹ ਕਮਾਲ ਦਾ ਲੀਡਰ ਤੇ ਬਿਹਤਰੀਨ ਦੋਸਤ ਹੈ। ਉਨ੍ਹਾਂ ਆਖਿਆ ਕਿ ਵਿਨਿਕ ਨੂੰ ਲੰਮੇਂ ਸਮੇਂ ਤੱਕ ਚੇਤੇ ਰੱਖਿਆ ਜਾਵੇਗਾ। ਵਿਨਿਕ ਨੇ 1981 ਵਿੱਚ 20ਵੀਂ ਫੀਲਡ ਰੈਜੀਮੈਂਟ ਦੇ ਹਿੱਸੇ ਵਜੋਂ ਫੌਜ ਜੁਆਇਨ ਕੀਤੀ ਸੀ ਤੇ ਉਨ੍ਹਾਂ ਆਪਣੇ ਕਰੀਅਰ ਦੌਰਾਨ ਜਰਮਨੀ, ਕੰਬੋਡੀਆ, ਕੌਂਗੋ ਤੇ ਅਫਗਾਨਿਸਤਾਨ ਨਾਲ ਸੇਵਾਵਾਂ ਨਿਭਾਈਆਂ ਸਨ। ਉਹ 9 ਅਗਸਤ ਨੂੰ ਰਿਟਾਇਰ ਹੋਣਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …