Breaking News
Home / ਜੀ.ਟੀ.ਏ. ਨਿਊਜ਼ / ਪੀਲ ਖੇਤਰ ਦੀਆਂ ਰੁਜ਼ਗਾਰ ਸੇਵਾਵਾਂ ‘ਚ ਹੋਵੇਗਾ ਸੁਧਾਰ

ਪੀਲ ਖੇਤਰ ਦੀਆਂ ਰੁਜ਼ਗਾਰ ਸੇਵਾਵਾਂ ‘ਚ ਹੋਵੇਗਾ ਸੁਧਾਰ

ਉਨਟਾਰੀਓ ਸਰਕਾਰ ਨੇ ਪੀਲ ਸਮੇਤ ਤਿੰਨ ਖੇਤਰਾਂ ਲਈ ਕੀਤੇ ਐਲਾਨ
ਬਰੈਂਪਟਨ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਸਥਾਨਕ ਰੁਜ਼ਗਾਰ ਸੇਵਾਵਾਂ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਵਧੀਆ ਨੌਕਰੀਆਂ ਮੁਹੱਈਆ ਕਰਾਉਣ ਦੇ ਮੱਦੇਨਜ਼ਰ ਨਵੀਂ ਰੁਜ਼ਗਾਰ ਪ੍ਰਣਾਲੀ ਸ਼ੁਰੂ ਕਰੇਗੀ, ਜਿਹੜੀ ਸਥਾਨਕ ਭਾਈਚਾਰੇ ਦੀਆਂ ਲੋੜਾਂ, ਕਾਮਿਆਂ ਅਤੇ ਰੁਜ਼ਗਾਰਦਾਤਿਆਂ ਨੂੰ ਧਿਆਨ ਵਿੱਚ ਰੱਖੇਗੀ। ਇਸ ਨਾਲ ਜਿੱਥੇ ਨੌਕਰੀਆਂ ਦੀ ਭਾਲ ਕਰਨ ਵਾਲਿਆਂ ਦੀ ਮਦਦ ਹੋਵੇਗੀ, ਉੱਥੇ ਰੁਜ਼ਗਾਰਦਾਤਿਆਂ ਨੂੰ ਵੀ ਆਪਣੀਆਂ ਲੋੜਾਂ ਅਨੁਸਾਰ ਹੁਨਰਮੰਦ ਕਾਮੇ ਪ੍ਰਾਪਤ ਹੋਣਗੇ।
ਪੀਲ ਖੇਤਰ ਲਈ ਇਸ ਸੇਵਾ ਦਾ ਐਲਾਨ ਡਫਰਿਨ-ਕੈਲੇਡਨ ਤੋਂ ਐੱਮਪੀਪੀ ਸਿਲਵਿਆ ਜੋਨਜ਼ ਅਤੇ ਬਰੈਂਪਟਨ ਦੱਖਣੀ ਤੋਂ ਐਮਪੀਪੀ ਪ੍ਰਭਮੀਤ ਸਰਕਾਰੀਆ ਨੇ ਕੀਤਾ। ਇਸ ਸਾਲ ਤੋਂ ਹੀ ਸ਼ੁਰੂ ਹੋ ਰਹੇ ਇਹ ਨਵੇਂ ਰੁਜ਼ਗਾਰ ਮਾਡਲ ਤਿੰਨ ਵੱਖ ਵੱਖ ਸ਼ਹਿਰਾਂ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਪੀਲ ਰੀਜ਼ਨ, ਹੈਮਿਲਟਨ-ਨਿਆਗਰਾ ਅਤੇ ਮਸਕੋਕਾ-ਕਵਾਰਥਾਸ ਵਿੱਚ ਸ਼ੁਰੂ ਹੋਣਗੇ। ਸਮੁੱਚੇ ਸੂਬੇ ਵਿੱਚ ਇਸ ਰੁਜ਼ਗਾਰ ਮਾਡਲ ਦੀ ਸ਼ਰੂਆਤ 2022 ਤੋਂ ਹੋਵੇਗੀ। ਐਮਪੀਪੀ ਡਫਰਿਨ-ਕੈਲੇਡਨ ਸਿਲਵਿਆ ਜੋਨਜ਼ ਨੇ ਕਿਹਾ ਕਿ ਇਸ ਨਾਲ ਜਿੱਥੇ ਪੀਲ ਨਿਵਾਸੀਆਂ ਨੂੰ ਵਧੀਆ ਰੁਜ਼ਗਾਰ ਮਿਲੇਗਾ, ਉੱਥੇ ਰੁਜ਼ਗਾਰਦਾਤਿਆਂ ਨੂੰ ਵੀ ਆਪਣੀਆਂ ਲੋੜਾਂ ਅਨੁਸਾਰ ਹੁਨਰਮੰਦ ਕਾਮੇ ਮਿਲਣਗੇ ਜਿਸ ਨਾਲ ਉਹ ਆਪਣੇ ਕਾਰੋਬਾਰ ਨੂੰ ਵਧਾ ਸਕਣਗੇ। ਉਨਾਂ ਅੱਗੇ ਕਿਹਾ, ”ਅਸੀਂ ਪੀਲ ਅਤੇ ਉਨਟਾਰੀਓ ਨੂੰ ਕਾਰੋਬਾਰ ਅਤੇ ਨੌਕਰੀਆਂ ਦੀਆਂ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਣ ਲਈ ਇਨਾਂ ਸੇਵਾਵਾਂ ਵਿੱਚ ਸੁਧਾਰ ਕਰ ਰਹੇ ਹਾਂ।”
ਇਸ ਤਹਿਤ ਤਿੰਨ ਖੇਤਰਾਂ ਵਿੱਚ ਸ਼ੁਰੂ ਹੋਣ ਵਾਲੀਆਂ ਰੁਜ਼ਗਾਰ ਸੇਵਾਵਾਂ ਨੂੰ ਅਤਿ ਆਧੁਨਿਕ ਕੀਤਾ ਜਾਵੇਗਾ। ਰੁਜ਼ਗਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਾਰੇ ਰੁਜ਼ਗਾਰਦਾਤਿਆਂ, ਭਾਈਚਾਰੇ ਅਤੇ ਅਸਮਰੱਥ ਜਾਂ ਸਮਾਜਿਕ ਸਹਾਇਤਾ ਪ੍ਰਾਪਤ ਕਰਨ ਵਾਲਿਆਂ ਸਮੇਤ ਨੌਕਰੀ ਦੀ ਤਲਾਸ਼ ਕਰਨ ਵਾਲਿਆਂ ਲਈ ਸੌਖਾਲੀ ਅਤੇ ਕੁਸ਼ਲ ਪ੍ਰਣਾਲੀ ਦੀ ਸਿਰਜਣਾ ਕੀਤੀ ਜਾਵੇਗੀ। ਰੁਜ਼ਗਾਰ ਸੇਵਾਵਾਂ ਅਜਿਹੀਆਂ ਮੁਹੱਈਆ ਕਰਾਈਆਂ ਜਾਣਗੀਆਂ ਜਿਹੜੀਆਂ ਸਥਾਨਕ ਆਰਥਿਕਤਾ ਅਤੇ ਭਾਈਚਾਰੇ ਨਾਲ ਮੇਲ ਖਾਂਦੀਆਂ ਹੋਣ। ਸਰਵਿਸ ਸਿਸਟਮ ਮੈਨੇਜਰ ਰੁਜ਼ਗਾਰ ਸੇਵਾਵਾਂ ਦੀ ਸਥਾਨਕ ਪੱਧਰ ‘ਤੇ ਯੋਜਨਾਬੰਦੀ ਕਰਨਗੇ ਅਤੇ ਉਹ ਹਾਸਲ ਨਤੀਜਿਆਂ ਦੇ ਆਧਾਰ ‘ਤੇ ਫੰਡ ਪ੍ਰਾਪਤ ਕਰਨਗੇ। ਪ੍ਰਭਮੀਤ ਸਰਕਾਰੀਆ ਨੇ ਕਿਹਾ ਕਿ ਉਹ ਰੁਜ਼ਗਾਰ ਦਾ ਸਿੱਧਾ ਅਤੇ ਸਪੱਸ਼ਟ ਮਾਰਗ ਮੁਹੱਈਆ ਕਰਾਉਣਾ ਯਕੀਨੀ ਬਣਾਉਣਗੇ। ਪੀਲ ਅਤੇ ਦੂਜੇ ਦੋ ਖੇਤਰਾਂ ਲਈ ਸਰਵਿਸ ਸਿਸਟਮ ਮੈਨੇਜਰਾਂ ਦੀ ਚੋਣ ਮੁਕਾਬਲੇਬਾਜ਼ੀ ਪ੍ਰਕਿਰਿਆ ਤਹਿਤ ਕੀਤੀ ਜਾਵੇਗੀ। ਸਿਖਲਾਈ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੰਤਰੀ ਰੋਜ਼ ਰੋਮਾਨੋ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ ਉਨਟਾਰੀਓ ਵਾਸੀਆਂ ਕੋਲ ਅਜਿਹਾ ਹੁਨਰ ਹੋਵੇ ਜਿਸ ਰਾਹੀਂ ਉਹ ਨੌਕਰੀ ਪ੍ਰਾਪਤ ਕਰ ਸਕਣ। ਇਸਦੇ ਮੱਦੇਨਜ਼ਰ ਹੀ ਸਾਡੀ ਸਰਕਾਰ ਮਜ਼ਬੂਤ ਰੁਜ਼ਗਾਰ ਸੇਵਾ ਪ੍ਰਣਾਲੀ ਦੀ ਸਿਰਜਣਾ ਕਰ ਰਹੀ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …