ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਸੰਸਦੀ ਚੋਣ ਲਈ ਵੋਟਾਂ ਦਾ ਦਿਨ ਭਾਵੇਂ 21 ਅਕਤੂਬਰ ਮਿਥਿਆ ਗਿਆ ਹੈ ਪਰ ਇਸ ਤੋਂ ਪਹਿਲਾਂ ਵੋਟਰਾਂ ਨੂੰ ਵੋਟ ਪਾਉਣ ਦਾ ਖੁੱਲ੍ਹਾ ਮੌਕਾ ਮਿਲਣਾ ਹੈ। ਇਲੈਕਸ਼ਨਜ਼ ਕੈਨੇਡਾ (ਚੋਣ ਕਮਿਸ਼ਨ) ਵਲੋਂ 43ਵੀਂ ਸੰਸਦ ਦੇ ਮੈਂਬਰਾਂ ਦੀ ਚੋਣ ਵਾਸਤੇ ਅਗਾਊਂ ਵੋਟ ਪਾਉਣ (ਐਡਵਾਂਸ ਪੋਲ) ਦੇ ਕੁੱਲ 4 ਚਾਰ ਦਿਨ 11 ਤੋਂ 14 ਅਕਤੂਬਰ ਤੱਕ ਤਹਿ ਹਨ। ਉਨ੍ਹਾਂ ਤਰੀਕਾਂ ‘ਤੇ ਹਰੇਕ ਹਲਕੇ ‘ਚ ਨਿਰਧਾਰਤ ਪੋਲਿੰਗ ਸਟੇਸ਼ਨ ਬਣਨਗੇ ਅਤੇ ਜਿੱਥੇ ਜਾ ਕੇ ਸਵੇਰੇ ਨੌਂ ਵਜੇ ਤੋਂ ਰਾਤ ਦੇ ਨੌਂ ਵਜੇ ਤੱਕ ਵੋਟ ਪਾਈ ਜਾ ਸਕੇਗੀ। ਐਡਵਾਂਸ ਪੋਲ ਤੋਂ ਪਹਿਲਾਂ ਵੀ ਕੁਝ ਵਿਸ਼ੇਸ਼ ਹਾਲਾਤ ‘ਚ ਵੋਟ ਪਾਉਣਾ ਸੰਭਵ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਅਗਾਊਂ ਵੋਟ ਅਤੇ ਵੋਟਾਂ ਵਾਲੇ ਆਖਰੀ ਦਿਨ ਦੀ ਉਡੀਕ ਰਹਿੰਦੀ ਹੈ। 21 ਅਕਤੂਬਰ ਨੂੰ ਹਰੇਕ ਹਲਕੇ ‘ਚ ਜਗ੍ਹਾ-ਜਗ੍ਹਾ ਪੋਲਿੰਗ ਸਟੇਸ਼ਨ ਬਣਨਗੇ ਜੋ ਵੋਟ ਪਾਉਣ ਵਾਸਤੇ ਸਵੇਰੇ ਸਾਢੇ ਨੌਂ ਵਜੇ ਤੋਂ ਰਾਤ ਦੇ ਸਾਢੇ ਨੌਂ ਵਜੇ ਤੱਕ (12 ਘੰਟੇ) ਖੁੱਲ੍ਹਣਗੇ। 18 ਸਾਲ ਜਾਂ ਇਸ ਤੋਂ ਵੱਡੀ ਉਮਰ ਦਾ ਹਰੇਕ ਕੈਨੇਡੀਅਨ ਨਾਗਰਿਕ ਆਪਣੀ ਰਿਹਾਇਸ਼ ਵਾਲੇ ਹਲਕੇ ‘ਚ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਹੱਕਦਾਰ ਹੈ। ਕੈਨੇਡਾ ‘ਚ ਮਿਊਂਸਪਲ, ਪ੍ਰਾਂਤਕ ਅਤੇ ਰਾਸ਼ਟਰੀ ਪੱਧਰ ਦੀਆਂ ਚੋਣਾਂ ‘ਚ ਵੋਟਰਾਂ ਨੂੰ ਵੋਟ ਪਾਉਣ ਦਾ ਖੁੱਲ੍ਹਾ ਮੌਕਾ (4 ਦਿਨ ਐਡਵਾਂਸ ਅਤੇ ਇਲੈਕਸ਼ਨ ਡੇਅ) ਮਿਲਦਾ ਹੈ ਤਾਂ ਕਿ ਕੰਮਾਂ-ਕਾਰੋਬਾਰਾਂ ‘ਚ ਰੁੱਝੇ ਹੋਏ ਵੋਟਰਾਂ ਨੂੰ ਵੋਟ ਪਾਉਣ ਦਾ ਮੌਕਾ ਮਿਲ ਸਕੇ ਅਤੇ ਵੋਟਾਂ ਵਾਲੇ ਦਿਨ ਵੱਡੀਆਂ ਲਾਈਨਾਂ ਨਾ ਲੱਗਣ। ਇਹ ਵੀ ਕਿ ਵੋਟਾਂ ਭੁਗਤਾਉਣ ਦਾ ਕੰਮ ਪਾਰਦਰਸ਼ੀ, ਸਭਿਅਕ ਅਤੇ ਸ਼ਾਂਤਮਈ ਤਰੀਕੇ ਨਾਲ ਚੱਲਦਾ ਰਹਿੰਦਾ ਹੈ ਜਿਸ ਕਰਕੇ ਪੁਲਿਸ, ਅਰਧ ਸੈਨਿਕ ਬੱਲ ਵਗੈਰਾ ਤਾਇਨਾਤ ਕਰਨ ਦੀ ਲੋੜ ਨਹੀਂ ਪੈਂਦੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …