Breaking News
Home / ਜੀ.ਟੀ.ਏ. ਨਿਊਜ਼ / ਪਬਲਿਕ ਸੇਫਟੀ ਦੀ ਰਿਪੋਰਟ ਵਿੱਚ ‘ਸਿੱਖ ਅੱਤਵਾਦ’ ਨੂੰ ਸ਼ਾਮਲ ਕਰਨ ਦਾ ਮਾਮਲਾ

ਪਬਲਿਕ ਸੇਫਟੀ ਦੀ ਰਿਪੋਰਟ ਵਿੱਚ ‘ਸਿੱਖ ਅੱਤਵਾਦ’ ਨੂੰ ਸ਼ਾਮਲ ਕਰਨ ਦਾ ਮਾਮਲਾ

ਸਮੀਖਿਆ ਦੀ ਲੋੜ, ਕਿਸੇ ਵੀ ਸਮੁੱਚੇ ਧਰਮ ਨੂੰ ਅੱਤਵਾਦ ਨਾਲ ਨਹੀਂ ਜੋੜਿਆ ਜਾ ਸਕਦਾ : ਸਟੈਂਡਿੰਗ ਕਮੇਟੀ
ਬਰੈਂਪਟਨ/ਬਿਊਰੋ ਨਿਊਜ਼
ਹਾਲ ਹੀ ਵਿੱਚ ਕੈਨੇਡਾ ਨੂੰ ਅੱਤਵਾਦੀ ਖਤਰਿਆਂ ਸਬੰਧੀ ਜਨਤਕ ਕੀਤੀ ਰਿਪੋਰਟ ‘ਤੇ ਆਪਣਾ ਸਪੱਸ਼ਟੀਕਰਨ ਦੇਣ ਲਈ ਹਾਊਸ ਆਫ ਕਾਮਨਜ਼ ਦੀ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ‘ਤੇ ਸਟੈਂਡਿੰਗ ਕਮੇਟੀ ਦੇ ਲਿਬਰਲ ਮੈਂਬਰਾਂ ਨੇ ਸੰਮੇਲਨ ਕੀਤਾ। ਜ਼ਿਕਰਯੋਗ ਹੈ ਕਿ ਇਸ ਰਿਪੋਰਟ ਵਿੱਚ ਕੈਨੇਡਾ ਦੇ ਸਮੁੱਚੇ ਸਿੱਖ ਭਾਈਚਾਰੇ ਨੂੰ ਅੱਤਵਾਦੀ ਕਿਹਾ ਗਿਆ ਹੈ ਜਿਸ ਕਾਰਨ ਸਿੱਖਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਈਟੀਏਸੀ ਦੀਆਂ ਰਿਪੋਰਟਾਂ ਅਤੇ ਨਿਰਧਾਰਨ ਸ਼੍ਰੇਣੀਬੱਧ ਅਤੇ ਜਨਤਕ ਜਾਣਕਾਰੀ ‘ਤੇ ਆਧਾਰਿਤ ਹਨ ਅਤੇ ਜਨਤਕ ਸੁਰੱਖਿਆ ਮੰਤਰੀ ਇਸ ਦੀ ਸਮੱਗਰੀ ਵਿਚ ਤਬਦੀਲੀ ਨਹੀਂ ਕਰ ਸਕਦੇ ਨਾ ਹੀ ਪ੍ਰਕਾਸ਼ਿਤ ਕੀਤੇ ਜਾਣ ਤੋਂ ਪਹਿਲਾਂ ਇਸਨੂੰ ਕੈਬਨਿਟ ਵੱਲੋਂ ਦੇਖਿਆ ਜਾਂ ਪ੍ਰਵਾਨਿਤ ਹੀ ਕੀਤਾ ਜਾਂਦਾ ਹੈ। ਇਸ ਕਮੇਟੀ ਦੇ ਲਿਬਰਲ ਮੈਂਬਰ ਇਸ ਰਿਪੋਰਟ ਵਿਚ ਵਰਤੀ ਗਈ ਸ਼ਬਦਾਵਲੀ ਸਬੰਧੀ ਮੰਤਰੀ ਗੁੱਡੇਲ ਦੇ ਵਿਚਾਰਾਂ ਨਾਲ ਸਹਿਮਤ ਹਨ ਕਿ ਇਸ ਸਬੰਧੀ ਸਮੀਖਿਆ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਸ਼ਵਾਸ ਕਰਦੀ ਹੈ ਕਿ ਵਿਭਿੰਨਤਾ ਕੈਨੇਡਾ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਕਦੇ ਵੀ ਕਿਸੇ ਵੀ ਸਮੁਦਾਏ ਜਾਂ ਪੂਰੇ ਧਰਮ ਨੂੰ ਅੱਤਵਾਦੀ ਨਾ ਕਹੀਏ।
ਇਸ ਸੰਮੇਲਨ ਵਿੱਚ ਜੌਹਨ ਮੈਕੇਅ, ਜੂਲੀ ਡਬਰੁਸਿਨ, ਪੈਮ ਡੈਮਔਫ, ਪਿਕਾਰਡ, ਰੂਬੀ ਸਹੋਤਾ ਅਤੇ ਸਵੈੱਨ ਸਪੈਂਜੀਮਨ (ਸਾਰੇ ਐੱਮਪੀ) ਸ਼ਾਮਲ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਟੈਂਡਿੰਗ ਕਮੇਟੀ ਦੀ ਮੁੱਢਲੀ ਜ਼ਿੰਮੇਵਾਰੀ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਸਬੰਧੀ ਹਾਊਸ ਆਫ ਕਾਮਨਜ਼ ਤੋਂ ਪਹਿਲਾਂ ਕਾਨੂੰਨ ਦੀ ਜਾਂਚ, ਬਹਿਸ, ਸੋਧ ਅਤੇ ਉਸਨੂੰ ਰਿਪੋਰਟ ਕਰਨਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਰਿਪੋਰਟ ਨੂੰ ਜਾਰੀ ਕਰਨ ਤੋਂ ਪਹਿਲਾਂ ਇਸਦੀ ਸਮੀਖਿਆ ਕਰਨ ਜਾਂ ਮਨਜ਼ੂਰੀ ਦੇਣ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਨੂੰ ਰਿਪੋਰਟ ਨੂੰ ਜਨਤਕ ਕਰਨ ਤੋਂ ਬਾਅਦ ਹੀ ਇਸਦੀ ਸਮੱਗਰੀ ਸਬੰਧੀ ਜਾਣਕਾਰੀ ਪ੍ਰਾਪਤ ਹੋਈ।
ਉਨ੍ਹਾਂ ਅੱਗੇ ਕਿਹਾ ਕਿ ਇਹ ਰਿਪੋਰਟ ਕੈਨੇਡਾ ਦੇ ਜਨਤਕ ਸੁਰੱਖਿਆ ਵਿਭਾਗ ਦੇ ਸੰਗਠਿਤ ਅਤਿਵਾਦ ਨਿਰਧਾਰਨ ਕੇਂਦਰ (ਆਈਟੀਏਸੀ) ਦਾ ਇਕ ਉਤਪਾਦ ਹੈ ਜੋ ਰਾਸ਼ਟਰ ਨੂੰ ਅਤਿਵਾਦੀ ਖਤਰਿਆਂ ਦਾ ਨਿਰਧਾਰਨ ਅਤੇ ਸਿਫਰਾਸ਼ ਕਰਨ ਲਈ ਵੀ ਜ਼ਿੰਮੇਵਾਰ ਹੈ। ਆਈਟੀਏਸੀ ਕੈਨੇਡਾ ਦੇ ਸੁਰੱਖਿਆ ਅਤੇ ਖੂਫੀਆ ਸਮੁਦਾਏ ਅੰਦਰ ਵਿਭਾਗਾਂ ਅਤੇ ਏਜੰਸੀਆਂ ਦੇ ਪੇਸ਼ੇਵਰਾਂ ਦੀ ਇੱਕ ਸੁਤੰਤਰ ਸੰਸਥਾ ਹੈ ਜੋ ਦੁਨੀਆ ਭਰ ਵਿਚ ਕੈਨੇਡਾ ਦੇ ਹਿੱਤਾਂ ਲਈ ਅਤਿਵਾਦੀ ਖਤਰਿਆਂ ਦਾ ਨਿਰਧਾਰਨ ਕਰਨ ਲਈ ਵੀ ਜ਼ਿੰਮੇਵਾਰ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …