Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਐਂਟਰੀ ਤੋਂ ਪਹਿਲਾਂ ਪੇਸ਼ ਕਰਨੀ ਹੋਵੇਗੀ ਕਰੋਨਾ ਦੀ ਨੈਗੇਟਿਵ ਰਿਪੋਰਟ

ਕੈਨੇਡਾ ‘ਚ ਐਂਟਰੀ ਤੋਂ ਪਹਿਲਾਂ ਪੇਸ਼ ਕਰਨੀ ਹੋਵੇਗੀ ਕਰੋਨਾ ਦੀ ਨੈਗੇਟਿਵ ਰਿਪੋਰਟ

ਨਵੇਂ ਨਿਯਮ 15 ਫਰਵਰੀ ਤੋਂ ਹੋਣਗੇ ਲਾਗੂ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿਚ ਕਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਸਖਤ ਐਲਾਨ ਜਾਰੀ ਰੱਖੇ ਹਨ। ਚਾਰ ਪ੍ਰਮੁੱਖ ਅੰਤਰਰਾਸ਼ਟਰੀ ਹਵਾਈ ਅੱਡਿਆਂ ਉਪਰ ਸਰਕਾਰ ਵਲੋਂ ਕਰੋਨਾ ਟੈਸਟ ਲਾਗੂ ਕਰਨ ਤੇ ਟੈਸਟ ਦੀ ਰਿਪੋਰਟ ਆ ਜਾਣ ਤੱਕ ਹੋਟਲਾਂ ਵਿਚ ਰੱਖਣ ਦੇ ਪ੍ਰਬੰਧ ਕੀਤੇ ਗਏ ਹਨ। ਟਰੂਡੋ ਨੇ ਆਖਿਆ ਕਿ ਕੈਨੇਡਾ ਦੀ ਅਮਰੀਕਾ ਨਾਲ ਲੱਗਦੀ (ਜ਼ਮੀਨੀ) ਸਰਹੱਦ ਰਾਹੀਂ ਕੈਨੇਡਾ ਵਿਚ ਦਾਖਲ ਹੋਣ ਵਾਲੇ ਲੋਕਾਂ ਨੂੰ ਵੀ ਨੈਗੇਟਿਵ (ਪੀ.ਸੀ.ਆਰ.) ਟੈਸਟ ਰਿਪੋਰਟ ਦੇਣਾ ਲਾਜ਼ਮੀ ਹੋਵੇਗਾ। ਇਹ ਸ਼ਰਤ 15 ਫਰਵਰੀ ਨੂੰ ਲਾਗੂ ਕੀਤੀ ਜਾ ਰਹੀ ਹੈ ਜਿਸ ਤਹਿਤ ਟੈਸਟ ਸਰਹੱਦੀ ਲਾਂਘੇ ‘ਤੇ ਪੁੱਜਣ ਤੋਂ ਪਹਿਲੇ ਚਾਰ ਦਿਨਾਂ ਦੇ ਅੰਦਰ ਕਰਵਾਇਆ ਹੋਣਾ ਚਾਹੀਦਾ ਹੈ। ਟਰੂਡੋ ਹੋਰਾਂ ਇਹ ਵੀ ਆਖਿਆ ਕਿ ਕੈਨੇਡਾ ਦੇ ਨਾਗਰਿਕਾਂ ਤੇ ਪੱਕੇ ਵਾਸੀਆਂ ਨੂੰ ਦੇਸ਼ ਵਿਚ ਦਾਖਲ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ ਪਰ ਜਿਨ੍ਹਾਂ ਨੇ ਆਪਣਾ ਟੈਸਟ ਨਹੀਂ ਕਰਵਾਇਆ ਹੋਵੇਗਾ ਉਨ੍ਹਾਂ ਨੂੰ 3000 ਡਾਲਰ ਜੁਰਮਾਨਾ ਭਰਨਾ ਪਵੇਗਾ। ਇਸ ਦੇ ਨਾਲ ਹੀ ਕੈਨੇਡਾ ਵਿਚ ਦਾਖਲ ਹੋਣ ਮਗਰੋਂ 14 ਦਿਨਾਂ ਦਾ ਇਕਾਂਤਵਾਸ ਕਰਨਾ ਵੀ ਲਾਜ਼ਮੀ ਹੈ। ਇਕਾਂਤਵਾਸ ਕਰ ਰਹੇ ਲੋਕਾਂ ਉਪਰ ਸਰਕਾਰ ਵਲੋਂ ਸਖਤੀ ਵਰਤੀ ਜਾ ਰਹੀ ਹੈ। ਇਸ ਦੇ ਨਾਲ਼ ਹੀ ਉਨਟਾਰੀਓ ਸਰਕਾਰ ਵਲੋਂ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਦੋਵਾਂ ਟਰਮੀਨਲਾਂ (1 ਤੇ 3) ਅੰਦਰ ਵਿਦੇਸ਼ਾਂ ਤੋਂ ਆ ਰਹੇ ਮੁਸਾਫਰਾਂ ਦੇ ਟੈਸਟ ਕੀਤੇ ਜਾ ਰਹੇ ਹਨ। ਬੀਤੇ ਹਫਤੇ 32 ਮੁਸਾਫਰਾਂ ਦੇ ਟੈਸਟ ਪਾਜ਼ੀਟਿਵ ਆਉਣ ਦੀ ਖਬਰ ਆਈ ਸੀ। ਇਹ ਵੀ ਕਿ 3 ਵਿਅਕਤੀਆਂ ਨੂੰ ਟੈਸਟ ਨਾ ਦੇਣ ਦੀ ਅੜੀ ਕਰਨ ਕਰਕੇ ਹਰੇਕ ਨੂੰ 750 ਡਾਲਰਾਂ ਦੇ ਜੁਰਮਾਨੇ ਵੀ ਕੀਤੇ ਗਏ। ਉਨਟਾਰੀਓ ਸਰਕਾਰ ਦੇ ਟੈਸਟ ਮਗਰੋਂ ਲੋਕਾਂ ਨੂੰ ਇਕਾਂਤਵਾਸ ਵਾਸਤੇ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਜਾਂਦਾ ਹੈ, ਹੋਟਲਾਂ ਵਿਚ ਰਹਿਣ ਦੀ ਜ਼ਰੂਰਤ ਨਹੀਂ ਹੈ। ਕੈਨੇਡਾ ਸਰਕਾਰ ਦਾ ਟੈਸਟ ਲਾਗੂ ਹੋ ਜਾਣ ਮਗਰੋਂ ਹਰੇਕ (ਟੈਸਟ ਦੀ ਰਿਪੋਰਟ ਆ ਜਾਣ ਤੱਕ) ਆਪਣੇ ਖਰਚੇ ‘ਤੇ ਹੋਟਲਾਂ ਵਿਚ ਰਹਿਣਾ ਜ਼ਰੂਰੀ ਹੋਵੇਗਾ। ਹੁਣ ਇਹ ਵੀ ਲਾਜ਼ਮੀ ਹੈ ਕਿ ਕੈਨੇਡਾ ‘ਚ ਐਂਟਰੀ ਤੋਂਪਹਿਲਾਂ ਤੁਹਾਨੂੰ ਆਪਣੀ ਕਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …