ਟੋਰਾਂਟੋ/ਬਿਊਰੋ ਨਿਊਜ਼ : ਰੈਜੀਡੈਂਸ਼ੀਅਲ ਸਕੂਲਾਂ ਵਿੱਚ ਕੈਥੋਲਿਕ ਚਰਚ ਦੀ ਭੂਮਿਕਾ ਲਈ ਮੁਆਫੀ ਮੰਗਣ ਦੀ ਉੱਠ ਰਹੀ ਮੰਗ ਦਰਮਿਆਨ ਪੋਪ ਫਰਾਂਸਿਜ ਕੈਨੇਡਾ ਦਾ ਦੌਰਾ ਕਰ ਸਕਦੇ ਹਨ। ਇਸ ਦੌਰਾਨ ਮੂਲਵਾਸੀ ਆਗੂਆਂ ਦਾ ਕਹਿਣਾ ਹੈ ਕਿ ਸੁਲ੍ਹਾ ਦਾ ਅਸਲ ਵਿੱਚ ਅਸਰ ਹੋਣ ਲਈ ਪੋਪ ਦਾ ਇਹ ਦੌਰਾ ਸਿਰਫ ਅੱਖਾਂ ਪੂੰਝਣ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਸਗੋਂ ਮੁਆਫੀ ਦੇ ਨਾਲ ਨਾਲ ਮੁਆਵਜ਼ਾ ਵੀ ਸਾਨੂੰ ਮਿਲਣਾ ਚਾਹੀਦਾ ਹੈ।
ਇੱਕ ਬਿਆਨ ਜਾਰੀ ਕਰਕੇ ਵੈਟੀਕਨ ਨੇ ਆਖਿਆ ਕਿ ਪੋਪ ਫਰਾਂਸਿਜ ਕੈਨੇਡਾ ਦਾ ਦੌਰਾ ਕਰਨਾ ਚਾਹੁੰਦੇ ਹਨ। ਜਿਕਰਯੋਗ ਹੈ ਕਿ ਕੈਨੇਡੀਅਨ ਕਾਨਫਰੰਸ ਆਫ ਕੈਥੋਲਿਕ ਬਿਸਪਸ ਵੱਲੋਂ ਮੂਲਵਾਸੀ ਲੋਕਾਂ ਨਾਲ ਸੁਲ੍ਹਾ ਦੀ ਕਵਾਇਦ ਨੂੰ ਪੂਰਾ ਕਰਨ ਲਈ ਪੋਪ ਫਰਾਂਸਿਜ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਲਈ ਪੋਪ ਨੇ ਹਾਮੀ ਭਰੀ ਹੈ। 2015 ਵਿੱਚ ਟਰੁੱਥ ਐਂਡ ਰੀਕੌਂਸੀਲੀਏਸ਼ਨ ਕਮਿਸਨ (ਟੀ ਆਰ ਸੀ) ਵੱਲੋਂ ਇਸ ਮਾਮਲੇ ਵਿੱਚ 94 ਸਿਫਾਰਸ਼ਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਇਹ ਸੀ ਕਿ ਕੈਥੋਲਿਕ ਚਰਚ ਦੀ ਭੂਮਿਕਾ ਲਈ ਪੋਪ ਮੁਆਫੀ ਮੰਗੇ। ਰਾਇਰਸਨ ਯੂਨੀਵਰਸਿਟੀ ਵਿੱਚ ਇੰਡੀਜੀਨਸ ਗਵਰਨੈੱਸ ਦੀ ਚੇਅਰ ਪੈਮ ਪਾਲਮਾਟਰ ਨੇ ਆਖਿਆ ਕਿ ਪੋਪ ਫਰਾਂਸਿਜ ਲਈ ਸਿਰਫ ਕੈਨੇਡਾ ਦਾ ਦੌਰਾ ਕਰਨਾ ਹੀ ਕਾਫੀ ਨਹੀਂ ਹੋਵੇਗਾ।
ਉਨ੍ਹਾਂ ਆਖਿਆ ਕਿ ਟੀ ਆਰ ਸੀ ਸਿਰਫ ਇਹ ਨਹੀਂ ਕਹਿੰਦਾ ਕਿ ਪੋਪ ਕੈਨੇਡਾ ਦਾ ਦੌਰਾ ਕਰਨ, ਪੋਪ ਨੂੰ ਮੁਆਫੀ ਮੰਗਣ ਦੇ ਨਾਲ ਨਾਲ, ਮੂਲਵਾਸੀਆਂ ਲਈ ਫੰਡ ਵੀ ਦੇਣੇ ਚਾਹੀਦੇ ਹਨ ਤੇ ਮਾਰੇ ਗਏ ਬੱਚਿਆਂ ਦੇ ਘਰਵਾਲਿਆਂ ਨੂੰ ਮੁਆਵਜ਼ਾ ਵੀ ਦੇਣਾ ਚਾਹੀਦਾ ਹੈ।