Breaking News
Home / ਸੰਪਾਦਕੀ / ਪੰਜਾਬ ਪੁਲਿਸ ਮਹਿਕਮੇ ਦੀ ਇਕ ਤਲਖ਼-ਹਕੀਕਤ

ਪੰਜਾਬ ਪੁਲਿਸ ਮਹਿਕਮੇ ਦੀ ਇਕ ਤਲਖ਼-ਹਕੀਕਤ

ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਫਿਲੌਰ ਨਾਕੇ ਦੀ ਅਚਨਚੇਤ ਜਾਂਚ ਕਰਦਿਆਂ ਇੱਥੇ ਡਿਊਟੀ ‘ਤੇ ਤਾਇਨਾਤ ਤਿੰਨ ਪੁਲਿਸ ਕਰਮਚਾਰੀਆਂ ਨੂੰ ਡਿਊਟੀ ‘ਚ ਕੁਤਾਹੀ ਵਰਤਣ ਦੇ ਦੋਸ਼ ਵਿਚ ਮੁਅੱਤਲ ਕਰਨ ਦੇ ਫ਼ੈਸਲੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਮੁਅੱਤਲ ਕੀਤੇ ਇਕ ਪੁਲਿਸ ਮੁਲਾਜ਼ਮ ਵਲੋਂ ਆਪਣਾ ਪੱਖ ਮੀਡੀਆ ਰਾਹੀਂ ਸਾਹਮਣੇ ਲਿਆਉਂਦਿਆਂ ਆਖਿਆ ਗਿਆ ਹੈ ਕਿ ਉਸ ਦਾ ਕੋਈ ਕਸੂਰ ਨਹੀਂ ਸੀ। ਉਹ ਆਪਣੀ ਡਿਊਟੀ ਸਹੀ ਕਰ ਰਿਹਾ ਸੀ ਪਰ ਜਿਸ ਵੇਲੇ ਉੱਪ ਮੁੱਖ ਮੰਤਰੀ ਨੇ ਛਾਪਾ ਮਾਰਿਆ ਉਹ ਪਿਸ਼ਾਬ ਕਰਨ ਗਿਆ ਹੋਇਆ ਸੀ। ਉਸ ਦਾ ਇਹ ਵੀ ਕਹਿਣਾ ਸੀ ਕਿ ਉਹ 56 ਸਾਲਾਂ ਦਾ ਹੈ ਅਤੇ ਉਹ ਸ਼ੂਗਰ ਤੇ ਦਿਲ ਦੇ ਰੋਗਾਂ ਦਾ ਵੀ ਮਰੀਜ਼ ਹੈ। ਪੁਲਿਸ ਮੁਲਾਜ਼ਮ ਨੇ ਆਪਣਾ ਦਰਦ ਬਿਆਨਦਿਆਂ ਇਹ ਵੀ ਆਖਿਆ ਕਿ ਉਹ 24-24 ਘੰਟੇ ਲਗਾਤਾਰ ਡਿਊਟੀ ਕਰਦੇ ਹਨ। ਉੱਪ ਮੁੱਖ ਮੰਤਰੀ ਵਲੋਂ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਵਿਚ ਕੁਤਾਹੀ ਦੇ ਦੋਸ਼ ਵਿਚ ਮੁਅੱਤਲ ਕਰਨ ਦਾ ਫੈਸਲਾ ਸਹੀ ਹੈ ਜਾਂ ਗ਼ਲਤ, ਇਹ ਇਕ ਵੱਖਰਾ ਵਿਸ਼ਾ ਹੈ ਪਰ ਮੁਅੱਤਲ ਪੁਲਿਸ ਮੁਲਾਜ਼ਮਾਂ ਵਲੋਂ ਦੱਸੀਆਂ ਗਈਆਂ ਕੁਝ ਤਲਖ਼-ਹਕੀਕਤਾਂ ਸੋਚਣ ਦਾ ਵਿਸ਼ਾ ਜ਼ਰੂਰ ਹਨ।
ਇਕ ਸਰਵੇਖਣ ਅਨੁਸਾਰ 35 ਸਾਲ ਤੋਂ ਉਪਰ ਉਮਰ ਵਾਲੇ 80 ਫ਼ੀਸਦੀ ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਪਾਏ ਜਾਂਦੇ ਹਨ। ਸਰਵੇਖਣ ਅਨੁਸਾਰ 35 ਸਾਲ ਤੋਂ ਵੱਧ ਉਮਰ ਵਾਲੇ ਪੁਲਿਸ ਮੁਲਾਜ਼ਮਾਂ ਵਿਚੋਂ ਹਰੇਕ 10 ਵਿਚੋਂ 8 ਮੁਲਾਜ਼ਮ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ ਹਨ। 90 ਫ਼ੀਸਦੀ ਮੁਲਾਜ਼ਮ ਓਵਰਵੇਟ, 80 ਫ਼ੀਸਦੀ ਮੁਲਾਜ਼ਮ ਡਿਪਰੈਸ਼ਨ ਅਤੇ ਮਾਈਗਰੇਨ, 60 ਫ਼ੀਸਦੀ ਦਿਲ ਦੇ ਰੋਗਾਂ ਅਤੇ 30 ਫ਼ੀਸਦੀ ਤੋਂ ਵੱਧ ਹੱਡੀਆਂ ਦੀਆਂ ਬਿਮਾਰੀਆਂ; ਸਰਵਾਈਕਲ, ਪਿੱਠ ਦਰਦ, ਗੋਡਿਆਂ ਦੀ ਦਰਦ ਆਦਿ ਤੋਂ ਪੀੜਤ ਹਨ। ਇਸੇ ਤਰ੍ਹਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਿਚ ਕਾਲਾ ਪੀਲੀਆ ਅਤੇ ਏਡਜ਼ ਵਰਗੇ ਭਿਆਨਕ ਰੋਗਾਂ ਦੀ ਵੀ ਸ਼ਨਾਖ਼ਤ ਹੋਈ ਹੈ। ਕੁਝ ਸਾਲ ਪਹਿਲਾਂ ਜਦੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਿਚ ਏਡਜ਼ ਵਰਗੀ ਲਾਇਲਾਜ ਅਤੇ ਭਿਆਨਕ ਬਿਮਾਰੀ ਦੇ ਲੱਛਣ ਸਾਹਮਣੇ ਆਏ ਸਨ ਤਾਂ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਚਿੰਤਾ ਵੱਧ ਗਈ ਸੀ। ਉਸ ਵੇਲੇ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕੀਤੀ ਗਈ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਦੂਰ-ਦੁਰਾਡੇ ਅਤੇ ਸਖ਼ਤ ਡਿਊਟੀਆਂ ਕਾਰਨ ਲੰਬਾ ਸਮਾਂ ਪਰਿਵਾਰਾਂ ਤੋਂ ਦੂਰ ਰਹਿਣਾ ਇਸ ਦਾ ਇਕ ਕਾਰਨ ਲੱਭਿਆ ਗਿਆ। ਉਸ ਵੇਲੇ ਉੱਚ ਅਧਿਕਾਰੀਆਂ ਨੇ ਇਹ ਫ਼ੈਸਲਾ ਕੀਤਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਹਫ਼ਤਾਵਾਰੀ ਛੁੱਟੀ ਯਕੀਨੀ ਬਣਾਈ ਜਾਵੇ ਤਾਂ ਜੋ ਉਹ ਆਪਣੇ ਘਰ-ਪਰਿਵਾਰ ਨਾਲ ਵੀ ਸਮਾਂ ਬਿਤਾ ਸਕਣ। ਪਰ ਅਜਿਹਾ ਫ਼ੈਸਲਾ ਵੀ ਸਿਰਫ਼ ਕਾਗਜ਼ੀ ਹੀ ਹੋ ਨਿਬੜਿਆ।
ਦਰਅਸਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਿਚ ਬਿਮਾਰੀਆਂ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਕਾਰਨ ਉਨ੍ਹਾਂ ਦੀ ਅਨਿਯਮਤ ਡਿਊਟੀ, ਸਿਹਤ ਦਾ ਖ਼ਿਆਲ ਰੱਖਣ ਲਈ ਲੋੜੀਂਦੇ ਮਾਹੌਲ ਅਤੇ ਵਾਤਾਵਰਨ ਦੀ ਘਾਟ ਅਤੇ ਪੁਲਿਸ ਤੰਤਰ ‘ਚ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਹੈ।
ਬੜੀ ਹੈਰਾਨੀ ਦੀ ਗੱਲ ਹੈ ਕਿ ਭਾਰਤ 15 ਅਗਸਤ 1947 ਨੂੰ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਿਆ ਪਰ ਆਜ਼ਾਦੀ ਦੇ ਪੌਣੀ ਸਦੀ ਬਾਅਦ ਵੀ ਭਾਰਤ ਵਿਚ ਬਹੁਤ ਸਾਰੇ ਕਾਨੂੰਨ ਅਤੇ ਐਕਟ ਅੰਗਰੇਜ਼ ਹਕੂਮਤ ਵਾਲੇ ਹੀ ਚੱਲ ਰਹੇ ਹਨ। ਪੰਜਾਬ ਪੁਲਿਸ ਐਕਟ-1861 ਵੀ ਇਨ੍ਹਾਂ ਵਿਚੋਂ ਇਕ ਹੈ। ਹਾਲਾਂਕਿ ਉੱਚ ਅਦਾਲਤਾਂ ਦੇ ਦਖ਼ਲ ਤੋਂ ਬਾਅਦ 2008 ‘ਚ ਨਵਾਂ ਪੁਲਿਸ ਐਕਟ-2007 ਲਾਗੂ ਕਰ ਦਿੱਤਾ ਗਿਆ, ਪਰ ਇਹ ਐਕਟ ਵੀ ਵਧੇਰੇ ਕਰਕੇ ਅੰਗਰੇਜ਼ ਸਰਕਾਰ ਵਾਲੇ ਪੁਲਿਸ ਐਕਟ ਦੀ ਹੀ ਤਰਜਮਾਨੀ ਕਰਦਾ ਹੈ। ਅੰਗਰੇਜ਼ਾਂ ਨੇ ਪੁਲਿਸ ਦੇ ਅਜਿਹੇ ਕਾਨੂੰਨ ਬਣਾਏ ਹੋਏ ਸਨ, ਜੋ ਕਿ ਪੁਲਿਸ ਨੂੰ ਵਧੇਰੇ ਕੁਰੱਖਤ, ਸੰਵੇਦਨਹੀਣ ਅਤੇ ਅਸੱਭਿਅਕ ਬਣਾਉਂਦੇ ਸਨ। ਕਿਉਂਕਿ ਅੰਗਰੇਜ਼ਾਂ ਵਲੋਂ ਪੁਲਿਸ ਦੀ ਦੁਰਵਰਤੋਂ ਭਾਰਤ ਦੇ ਆਜ਼ਾਦੀ ਮੰਗਣ ਵਾਲੇ ਲੋਕਾਂ ਨੂੰ ਕੁਚਲਣ ਵਾਸਤੇ ਕੀਤੀ ਜਾਂਦੀ ਸੀ। ਇਸ ਕਾਰਨ ਪੁਲਿਸ ਐਕਟ ਵਿਚ ਪੁਲਿਸ ਦੇ ਮੁਲਾਜ਼ਮ ਨੂੰ 24 ਘੰਟੇ ਦਾ ਸਰਕਾਰੀ ਨੌਕਰ ਦੱਸਿਆ ਗਿਆ ਹੈ। ਨਵੇਂ ਪੁਲਿਸ ਐਕਟ ਵਿਚ ਵੀ ਪੁਲਿਸ ਦੇ ਮੁਲਾਜ਼ਮਾਂ ਦੇ ਰੋਟੀ ਖਾਣ ਅਤੇ ਚਾਹ-ਪਾਣੀ ਪੀਣ ਦੇ ਸਮੇਂ ਦਾ ਕੋਈ ਜ਼ਿਕਰ ਨਹੀਂ ਹੈ। ਇਸ ਤਰ੍ਹਾਂ ਥਾਣਿਆਂ ਅਤੇ ਨਾਕਿਆਂ ‘ਤੇ ਡਿਊਟੀਆਂ ਕਰਨ ਵਾਲੇ ਪੁਲਿਸ ਮੁਲਾਜ਼ਮ ਨਿਯਮਤ ਤੌਰ ‘ਤੇ 24 ਘੰਟਿਆਂ ਵਿਚੋਂ ਸਿਰਫ਼ ਢਾਈ ਤੋਂ ਤਿੰਨ ਘੰਟੇ ਦੀ ਹੀ ਨੀਂਦ ਲੈਂਦੇ ਹਨ, ਜਦੋਂਕਿ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣ ਲਈ ਮਨੁੱਖ ਨੂੰ 5 ਤੋਂ 6 ਘੰਟੇ ਸੌਣਾ ਜ਼ਰੂਰੀ ਹੁੰਦਾ ਹੈ। ਪੰਜਾਬ ਪੁਲਿਸ ਦਾ ਹਰੇਕ ਮੁਲਾਜ਼ਮ 24 ਘੰਟਿਆਂ ਵਿਚੋਂ 12 ਤੋਂ 16 ਘੰਟੇ ਡਿਊਟੀ ਕਰਦਾ ਹੈ, ਜੋ ਕਿ ਮਨੁੱਖੀ ਕਿਰਤ ਦੇ ਨਿਯਮਾਂ ਦੀਵੀ ਉਲੰਘਣਾ ਹੈ। ਪੁਲਿਸ ਦੇ ਮੁਲਾਜ਼ਮਾਂ ਦੀ ਨਿਯਮਾਂਵਲੀ ਮੁਤਾਬਕ ਕੋਈ ਹਫ਼ਤਾਵਾਰੀ ਛੁੱਟੀ ਨਹੀਂ ਹੁੰਦੀ। ਇਸ ਤਰ੍ਹਾਂ ਜਿਹੜੇ ਮੁਲਾਜ਼ਮਾਂ ਦੇ ਸਰਵਿਸ ਰੂਲਜ਼ ਵਿਚ ਰੋਟੀ ਖਾਣ ਅਤੇ ਆਪਣੇ ਪਰਿਵਾਰ ਨਾਲ ਗੁਜ਼ਾਰਨ ਲਈ ਸਮਾਂ ਤੱਕ ਨਾ ਦਿੱਤਾ ਗਿਆ ਹੋਵੇ, ਉਹ ਆਪਣੀ ਸਰੀਰਕ ਤੰਦਰੁਸਤੀ ਵੱਲ ਕੀ ਧਿਆਨ ਦੇ ਸਕਦੇ ਹਨ? ਫ਼ੌਜ ਦੇ ਨਿਯਮਾਂ ਮੁਤਾਬਕ ਹਰੇਕ ਮੁਲਾਜ਼ਮ ਨੂੰ ਰੋਜ਼ਾਨਾ ਨਿਯਮਤ ਸਮੇਂ ਸਰੀਰਕ ਕਸਰਤ ਕਰਵਾਈ ਜਾਂਦੀ ਹੈ। ਰੋਟੀ, ਚਾਹ ਅਤੇ ਆਰਾਮ ਦਾ ਸਮਾਂ ਨੀਯਤ ਹੁੰਦਾ ਹੈ ਪਰ ਪੰਜਾਬ ਦੀ ਪੁਲਿਸ ਕੋਲ ਅਜਿਹਾ ਕੋਈ ਅਖਤਿਆਰ ਨਹੀਂ। ਇਸੇ ਕਾਰਨ ਹੀ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਮੁਲਾਜ਼ਮ ਮਾਨਸਿਕ ਪ੍ਰੇਸ਼ਾਨੀਆਂ ਅਤੇ ਓਵਰਵੇਟ ਵਰਗੀਆਂ ਬਿਮਾਰੀਆਂ ਦੇ ਸਭ ਤੋਂ ਵੱਧ ਸ਼ਿਕਾਰ ਹਨ।
ਕਈ ਵਾਰੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਡਿਊਟੀ ਦਾ ਸਮਾਂ 8 ਤੋਂ 12 ਘੰਟੇ ਨੀਯਤ ਕਰਨ ਦੀ ਗੱਲ ਚੱਲੀ ਪਰ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਰਕਾਰਾਂ ਦੀ ਸੰਵੇਦਨਹੀਣਤਾ ਕਾਰਨ ਅਜਿਹਾ ਅਮਲ ਵਿਚ ਨਹੀਂ ਆ ਸਕਿਆ। ਪਿੱਛੇ ਜਿਹੇ ਪੰਜਾਬ ਪੁਲਿਸ ਮੁਖੀ ਨੇ ਪੁਲਿਸ ਮੁਲਾਜ਼ਮਾਂ ਵਿਚ ਵੱਧ ਰਹੇ ਮਾਨਸਿਕ ਦਬਾਅ ਨੂੰ ਦੇਖਦਿਆਂ ਪੁਲਿਸ ਮੁਲਾਜ਼ਮਾਂ ਨੂੰ ਘੱਟੋ-ਘੱਟ ਆਪਣੇ ਵਿਆਹ ਦੀ ਸਾਲਗਿਰਾਹ ਅਤੇ ਜਨਮ ਦਿਨ ਦੀ ਛੁੱਟੀ ਦੇਣ ਦਾ ਐਲਾਨ ਕੀਤਾ ਸੀ ਪਰ ਇਹ ਵੀ ਅਮਲ ਵਿਚ ਨਹੀਂ ਲਿਆਂਦਾ ਜਾ ਸਕਿਆ।
ਆਪਣੀਂ ਨੀਂਦ ਭੰਨ੍ਹ ਕੇ ਸਮਾਜ ਦੇ ਲੋਕਾਂ ਨੂੰ ਸੁਰੱਖਿਆ ਅਤੇ ਅਮਨ ਦੀ ਨੀਂਦ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਨਿਭਾਉਣ ਵਾਲੀ ਪੁਲਿਸ ਵਰਗੀ ਫੋਰਸ ਲਈ ਮਹਿਕਮੇ ਦੇ ਅੰਦਰ ਤੰਦਰੁਸਤ ਅਤੇ ਢੁੱਕਵਾਂ ਮਾਹੌਲ ਸਿਰਜਣ ਦੀ ਲੋੜ ਹੈ। ਪੰਜਾਬ ਪੁਲਿਸ ਨੂੰ ਵਧੇਰੇ ਸੱਭਿਅਕ ਅਤੇ ਸਮਾਜਿਕ ਪੁਲਿਸ ਫ਼ੋਰਸ ਬਣਾਉਣ ਲਈ ਬੇਹੱਦ ਜ਼ਰੂਰੀ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਸਿਹਤਮੰਦ ਬਣਾਇਆ ਜਾਵੇ। ਅੰਗਰੇਜ਼ਾਂ ਦੇ ਵੇਲੇ ਦੇ ਕਾਲੇ ਨਿਯਮਾਂ ਨੂੰ ਖ਼ਤਮ ਕਰਕੇ ਪੁਲਿਸ ਨੂੰ ਸਮਾਜ ਦੇ ਨਾਗਰਿਕਾਂ ਦੀ ਦੋਸਤ ਅਤੇ ਵਿਸ਼ਵਾਸਪਾਤਰ ਬਣਾਉਣ ਲਈ ਅਜਿਹੇ ਨਿਯਮ ਬਣਾਉਣ ਦੀ ਲੋੜ ਹੈ, ਜਿਹੜੇ ਕਿ ਪੰਜਾਬ ਦੀ ਪੁਲਿਸ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਵੀ ਸਿਹਤਯਾਬ ਕਰ ਸਕਣ। ਇਸ ਦੇ ਨਾਲ ਪੰਜਾਬ ਪੁਲਿਸ ਨੂੰ ਰਾਜਸੀ ਦਬਾਅ ਤੋਂ ਮੁਕਤ ਅਤੇ ਕੇਵਲ ਕਾਨੂੰਨ ਅੱਗੇ ਜੁਆਬਦੇਹ ਏਜੰਸੀ ਬਣਾਉਣ ਦੀ ਲੋੜ ਹੈ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …