ਅੰਮਿ੍ਰਤਸਰ ਤੋਂ ਕੈਨੇਡਾ ਵਾਸਤੇ ਵੀ ਸਿੱਧੀ ਹਵਾਈ ਉਡਾਣ ਜਲਦੀ ਹੋਵੇਗੀ ਸ਼ੁਰੂ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਦੇ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਇੰਗਲੈਂਡ ਵਿਚਲੇ ਲੰਡਨ ਗੈਟਵਿਕ ਹਵਾਈ ਅੱਡੇ ਵਾਸਤੇ ਸਿੱਧੀ ਹਵਾਈ ਉਡਾਣ ਸ਼ੁਰੂ ਹੋ ਗਈ ਹੈ। ਇਸ ਉਡਾਣ ਨੂੰ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਦਿਤਿਆ ਸਿੰਧੀਆ ਨੇ ਵਰਚੁਅਲ ਢੰਗ ਨਾਲ ਹਰੀ ਝੰਡੀ ਦਿਖਾਈ। ਦਿੱਲੀ ਵਿਚ ਕੇਂਦਰੀ ਮੰਤਰੀ ਨਾਲ ਮੌਜੂਦ ਭਾਜਪਾ ਆਗੂ ਤਰੁਣ ਚੁੱਘ ਨੇ ਦੱਸਿਆ ਕਿ ਏਅਰ ਇੰਡੀਆ ਹਵਾਈ ਕੰਪਨੀ ਵੱਲੋਂ ਜਲਦੀ ਹੀ ਅੰਮਿ੍ਰਤਸਰ ਤੋਂ ਕੈਨੇਡਾ ਵਾਸਤੇ ਵੀ ਸਿੱਧੀ ਹਵਾਈ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਹਵਾਬਾਜ਼ੀ ਮੰਤਰੀ ਨੂੰ ਅਪੀਲ ਕੀਤੀ ਕਿ ਅੰਮਿ੍ਰਤਸਰ ਦੇ ਹਵਾਈ ਅੱਡੇ ਤੋਂ ਹੋਰ ਵਧੇਰੇ ਹਵਾਈ ਉਡਾਣਾਂ ਸ਼ੁਰੂ ਕਰਨ ਵਾਸਤੇ ਕੌਮਾਂਤਰੀ ਹਵਾਈ ਕੰਪਨੀਆਂ ਨਾਲ ਹੋਣ ਵਾਲੇ ਸਮਝੌਤੇ ਵਿੱਚ ਅੰਮਿ੍ਰਤਸਰ ਨੂੰ ਵੀ ਸ਼ਾਮਲ ਕੀਤਾ ਜਾਵੇ। ਇਸ ਹਵਾਈ ਅੱਡੇ ਦੇ ਵਿਸਥਾਰ ਵਾਸਤੇ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਅਤੇ ਇਸ ਵੇਲੇ ਇੱਥੇ ਕੌਮਾਂਤਰੀ ਹਵਾਈ ਅੱਡੇ ’ਤੇ ਕੌਮਾਂਤਰੀ ਹਵਾਈ ਅੱਡਿਆਂ ਵਾਲੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਇਸ ਵੇਲੇ ਇੱਥੇ 24 ਹਵਾਈ ਜਹਾਜ਼ ਖੜ੍ਹੇ ਕਰਨ ਦੀ ਸਮਰੱਥਾ ਹੈ। ਮਿਲੇ ਵੇਰਵਿਆਂ ਮੁਤਾਬਕ ਇਹ ਹਵਾਈ ਉਡਾਣ ਪਹਿਲਾਂ ਲੰਡਨ ਦੇ ਹੀਥਰੋ ਹਵਾਈ ਅੱਡੇ ਨਾਲ ਜੁੜੀ ਹੋਈ ਸੀ, ਜਿਸ ਨੂੰ ਹੁਣ ਗੈਟਵਿਕ ਹਵਾਈ ਅੱਡੇ ਨਾਲ ਜੋੜਿਆ ਗਿਆ ਹੈ। ਹਵਾਈ ਉਡਾਣ ਸ਼ੁਰੂ ਕਰਨ ਸਮੇਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ, ਹਵਾਈ ਅੱਡੇ ਦੇ ਡਾਇਰੈਕਟਰ, ਹਵਾਈ ਕੰਪਨੀ ਦੇ ਅਧਿਕਾਰੀ ਅਤੇ ਅੰਮਿ੍ਰਤਸਰ ਵਿਕਾਸ ਮੰਚ ਦੇ ਆਗੂ ਹਾਜ਼ਰ ਸਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …