
ਟਰਾਲੀਆਂ ਵਿਚ ਘਰ ਬਣਾਉਣ ਲੱਗੇ ਕਿਸਾਨ
ਲਹਿਰਾਗਾਗਾ/ਬਿਊਰੋ ਨਿਊਜ਼
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਨੇ ਖੇਤੀ ਕਾਨੂੰਨ ਰੱਦ ਕਰਨ ਲਈ 26 ਤੇ 27 ਨਵੰਬਰ ਨੂੰ ‘ਦਿੱਲੀ ਚੱਲੋ’ ਮੁਹਿੰਮ ਤਹਿਤ ਧਰਨੇ ਲਈ ਟਰਾਲੀਆਂ ਨੂੰ ਹੀ ਘਰ ਬਣਾਉਣ ਦੀ ਤਿਆਰੀ ਵਿੱਢ ਲਈ ਹੈ। ਬਲਾਕ ਲਹਿਰਾਗਾਗਾ ਵਿਚ 70 ਟਰਾਲੀਆਂ ਬਾਕਾਇਦਾ ਤਿਆਰ ਹਨ ਅਤੇ ਹਰੇਕ ਟਰਾਲੀ ਵਿਚ ਰਾਸ਼ਨ ਲੰਗਰ ਲਈ ਆਟਾ-ਦਾਲ, ਸਰਦੀ ਕਰਕੇ ਬਿਸਤਰੇ, ਪਾਣੀ ਵਾਲੀਆਂ ਟੈਂਕੀਆਂ ਅਤੇ ਜੈਨਰੇਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਨੇ ਦੱਸਿਆ ਕਿ ਜਥੇਬੰਦੀ ਕੋਲ ਬਲਾਕ ਦੀਆਂ 70 ਟਰਾਲੀਆਂ ਦੀ ਸੂਚੀ ਪਹੁੰਚ ਚੁੱਕੀ ਹੈ ਅਤੇ ਅਗਲੇ ਦੋ ਦਿਨਾਂ ਵਿਚ ਕਿਸਾਨਾਂ ਦੇ ‘ਦਿੱਲੀ ਚੱਲੋ’ ਸੰਘਰਸ਼ ਪ੍ਰਤੀ ਊਤਸ਼ਾਹ ਨੂੰ ਦੇਖਦਿਆਂ ਇਨ੍ਹਾਂ ਟਰਾਲੀਆਂ ਦੀ ਗਿਣਤੀ ਵਧਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿਚ ਬੀਬੀਆਂ ਵੀ ਆਪਣੀ ਹਾਜ਼ਰੀ ਲਗਵਾਉਣ ਲਈ ਵਚਨਬੱਧ ਹਨ।