Breaking News
Home / ਜੀ.ਟੀ.ਏ. ਨਿਊਜ਼ / ਪੀਲ ਰੀਜਨ ਨੂੰ ਭੰਗ ਕਰਨ ਵਾਲੇ ਫੈਸਲੇ ਨੂੰ ਪਲਟਾਉਣਾ ਚਾਹੁੰਦੀ ਹੈ ਫੋਰਡ ਸਰਕਾਰ

ਪੀਲ ਰੀਜਨ ਨੂੰ ਭੰਗ ਕਰਨ ਵਾਲੇ ਫੈਸਲੇ ਨੂੰ ਪਲਟਾਉਣਾ ਚਾਹੁੰਦੀ ਹੈ ਫੋਰਡ ਸਰਕਾਰ

ਹਫਤੇ ਦੇ ਅੰਤ ਤੱਕ ਰਸਮੀ ਤੌਰ ‘ਤੇ ਕੀਤਾ ਜਾ ਸਕਦਾ ਹੈ ਐਲਾਨ
ਓਨਟਾਰੀਓ/ਬਿਊਰੋ ਨਿਊਜ਼ : ਡੱਗ ਫੋਰਡ ਸਰਕਾਰ ਪੀਲ ਰੀਜਨ ਨੂੰ ਭੰਗ ਕਰਨ ਦੇ ਆਪਣੇ ਫੈਸਲੇ ਨੂੰ ਪਲਟਾਉਣ ਉੱਤੇ ਵਿਚਾਰ ਕਰ ਰਹੀ ਹੈ। ਇਹ ਜਾਣਕਾਰੀ ਅੰਦਰੂਨੀ ਸੂਤਰਾਂ ਵੱਲੋਂ ਦਿੱਤੀ ਗਈ।
ਇਸ ਹਫਤੇ ਦੇ ਅੰਤ ਤੱਕ ਇਸ ਸਬੰਧ ਵਿੱਚ ਰਸਮੀ ਤੌਰ ਉੱਤੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਮਈ ਵਿੱਚ ਫੋਰਡ ਸਰਕਾਰ ਨੇ ਇੱਕ ਬਿੱਲ ਪੇਸ਼ ਕਰਕੇ ਮਿਸੀਸਾਗਾ, ਬਰੈਂਪਟਨ ਤੇ ਕੇਲਡਨ ਨੂੰ ਆਜ਼ਾਦ ਸਿਟੀਜ਼ ਤੇ ਟਾਊਨਜ਼ ਦਾ ਦਰਜਾ ਦੇਣ ਦੀ ਤਜਵੀਜ਼ ਰੱਖੀ ਸੀ। ਇੱਕ ਮਹੀਨੇ ਬਾਅਦ ਓਨਟਾਰੀਓ ਸਰਕਾਰ ਨੇ ਬਿੱਲ 112 ਪਾਸ ਕੀਤਾ ਸੀ ਜਿਸ ਨੂੰ ਹੇਜ਼ਲ ਮੈਕੈਲੀਅਨ ਐਕਟ ਦਾ ਨਾਂ ਦਿੱਤਾ ਗਿਆ ਸੀ। ਪ੍ਰੋਵਿੰਸ ਪੀਲ ਰੀਜਨ ਨੂੰ ਭੰਗ ਕਰਨ ਦੀ ਪ੍ਰਕਿਰਿਆ ਪਹਿਲੀ ਜਨਵਰੀ, 2025 ਤੱਕ ਮੁਕੰਮਲ ਕਰਨਾ ਚਾਹੁੰਦੀ ਸੀ।
ਪ੍ਰੋਵਿੰਸ ਵੱਲੋਂ ਇੱਕ ਫੈਸਿਲੀਟੇਟਰ ਨਿਯੁਕਤ ਕਰਕੇ ਇਹ ਮੁਲਾਂਕਣ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਦਰਹਾਮ, ਹਾਲਟਨ, ਨਾਇਗਰਾ, ਸਿਮਕੋ, ਵਾਟਰਲੂ ਤੇ ਯੌਰਕ ਵਰਗੀਆਂ ਕਮਿਊਨਿਟੀਜ਼ ਵੀ ਕਿਤੇ ਇਸ ਤਰ੍ਹਾਂ ਰੀਜਨ ਭੰਗ ਕੀਤੇ ਜਾਣ ਬਾਰੇ ਵਿਚਾਰ ਤਾਂ ਨਹੀਂ ਕਰ ਰਹੀਆਂ। ਇਸ ਦੌਰਾਨ ਕੇਲਡਨ ਦੀ ਮੇਅਰ ਐਨੇਟ ਗਰੂਵਜ਼ ਨੇ ਪ੍ਰੋਵਿੰਸ ਨੂੰ ਬੇਨਤੀ ਕੀਤੀ ਕਿ ਆਪਣੀ ਇਸ ਯੋਜਨਾ ਉੱਤੇ ਮੁੜ ਗੌਰ ਕੀਤਾ ਜਾਵੇ।
ਉਨ੍ਹਾਂ ਆਖਿਆ ਕਿ ਰੀਜਨ ਨੂੰ ਭੰਗ ਕੀਤੇ ਜਾਣ ਨਾਲ ਆਪਣੇ ਹਾਊਸਿੰਗ ਸਬੰਧੀ ਕਰਾਰ ਨੂੰ ਪੂਰਾ ਕਰਨ ਤੇ ਪ੍ਰੋਵਿੰਸ ਵੱਲੋਂ 1.5 ਮਿਲੀਅਨ ਨਵੇਂ ਘਰ ਉਸਾਰਨ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਦਿੱਕਤ ਆਵੇਗੀ।
ਇਸ ਦੌਰਾਨ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਆਪਣੀ ਸਿਟੀ ਦੀ ਹੋਣੀ ਉੱਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਆਖਿਆ ਕਿ ਬਹੁਤਾ ਮੌਜੂਦਾ ਇਨਫਰਾਸਟ੍ਰਕਚਰ ਮਿਸੀਸਾਗਾ ਵਿੱਚ ਮੌਜੂਦ ਹੈ।
ਬ੍ਰਾਊਨ ਨੇ ਦਾਅਵਾ ਕੀਤਾ ਕਿ ਮਿਸੀਸਾਗਾ, ਬਰੈਂਪਟਨ ਦਾ ਘੱਟੋ ਘੱਟ ਇੱਕ ਬਿਲੀਅਨ ਡਾਲਰ ਤੱਕ ਦਾ ਦੇਣਦਾਰ ਹੈ ਤੇ ਜੇ ਉਹ ਆਪਣੀ ਬਣਦੀ ਹਿੱਸੇਦਾਰੀ ਨਹੀਂ ਦਿੰਦਾ ਤਾਂ ਸਿਟੀ ਉਸ ਨੂੰ ਅਦਾਲਤ ਵਿੱਚ ਲੈ ਕੇ ਜਾਵੇਗੀ। ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਓਨਟਾਰੀਓ ਲਿਬਰਲ ਪਾਰਟੀ ਦੀ ਨਵੀਂ ਆਗੂ ਬੌਨੀ ਕ੍ਰੌਂਬੀ ਲੰਮੇਂ ਸਮੇਂ ਤੋਂ ਮਿਸੀਸਾਗਾ ਨੂੰ ਵੱਖ ਕਰਵਾਉਣ ਦੇ ਹੱਕ ਵਿੱਚ ਸੀ। ਮੰਗਲਵਾਰ ਨੂੰ ਆਪਣੀ ਪਹਿਲੀ ਲੈਜਿਸਲੇਚਰ ਫੇਰੀ ਦੌਰਾਨ ਕੁਈਨਜ਼ ਪਾਰਕ ਵਿਖੇ ਕ੍ਰੌਂਬੀ ਨੇ ਆਖਿਆ ਕਿ ਉਹ ਨਵੇਂ ਸਾਲ ਵਿੱਚ ਸਿਟੀ ਦਾ ਬਜਟ ਪਾਸ ਕਰਵਾਉਣ ਤੋਂ ਬਾਅਦ ਮਿਸੀਸਾਗਾ ਦੀ ਮੇਅਰ ਵਜੋਂ ਅਸਤੀਫਾ ਦੇ ਦੇਵੇਗੀ।

Check Also

ਫੋਰਡ ਸਰਕਾਰ ਨੇ ਸਾਫਟਵੇਅਰ ਤਿਆਰ ਕਰਨ ਲਈ ਇਕੋ ਫਰਮ ਨੂੰ ਕੰਟਰੈਕਟ

ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਨੇ ਡਿਜੀਟਲ ਟ੍ਰਿਬਿਊਨਲ ਸਿਸਟਮ ਕਾਇਮ ਕਰਨ ਲਈ ਸਿਰਫ ਇੱਕ ਇੰਟਰਨੈਸ਼ਨਲ …