ਟੋਰਾਂਟੋ/ਸਤਪਾਲ ਸਿੰਘ ਜੌਹਲ, ਪਰਵਾਸੀ ਬਿਊਰੋ
ਆਉਂਦੀ 21 ਅਕਤੂਬਰ ਦਿਨ ਸੋਮਵਾਰ ਨੂੰ ਕੈਨੇਡਾ ਵਿਚ ਨਵੀਂ ਫੈਡਰਲ ਸਰਕਾਰ ਸਮੁੱਚੇ ਕੈਨੇਡਾ ਵਾਸੀਆਂ ਨੇ ਚੁਣ ਲੈਣੀ ਹੈ। ਹੁਣ ਜਦੋਂ ਵੋਟਾਂ ਪੈਣ ਵਿਚ ਘੰਟਿਆਂ ਦੇ ਹਿਸਾਬ ਨਾਲ ਹੀ ਸਮਾਂ ਬਚਿਆ ਤਾਂ ਕੁਝ ਗੱਲਾਂ ਉਭਰ ਕੇ ਸਾਹਮਣੇ ਆ ਰਹੀਆਂ ਹਨ ਕਿ ਪਰਵਾਸੀ ਜਿੱਥੇ ਟਰੂਡੋ ਨੂੰ ਪਸੰਦ ਕਰ ਰਹੇ ਹਨ, ਉਥੇ ਮੂਲ ਕੈਨੇਡੀਅਨ ਵਾਸੀ ਇਸ ਮਸਲੇ ‘ਤੇ ਦੋਹੀ ਸੋਚ ਰੱਖਦੇ ਹਨ। ਕੁਝ ਟਰੂਡੋ ਦੇ ਕੰਮਾਂ ਤੋਂ ਖੁਸ਼ ਨਜ਼ਰ ਆਉਂਦੇ ਹਨ, ਉਥੇ ਹੀ ਇਮੀਗ੍ਰੇਸ਼ਨ ਨੂੰ ਘੱਟ ਕਰਨ ਅਤੇ ਰਿਫਿਊਜ਼ੀਆਂ ਨੂੰ ਆਉਣ ਤੋਂ ਰੋਕਣ ਦੇ ਚਾਹਵਾਨ ਕੈਨੇਡੀਅਨ ਟਰੂਡੋ ਤੋਂ ਔਖੇ ਵੀ ਹਨ ਜਦੋਂਕਿ ਬਹੁਗਿਣਤੀ ਪਰਵਾਸੀ ਕੈਨੇਡੀਅਨ ਵੋਟਰਾਂ ਦੀ ਪਸੰਦ ਲਿਬਰਲ ਆਗੂ ਜਸਟਿਨ ਟਰੂਡੋ ਬਣੇ ਹੋਏ ਹਨ ਪਰ ਪੰਜਾਬੀ ਭਾਈਚਾਰੇ ਦੀ ਵੋਟ ਇਸ ਵਾਰ ਲਿਬਰਲ ਤੇ ਕੰਸਰਵੇਟਿਵ ਦੇ ਨਾਲ-ਨਾਲ ਐਨਡੀਪੀ ਦੇ ਹਿੱਸੇ ਵੀ ਵੱਡੀ ਤਾਦਾਦ ਵਿਚ ਆਵੇਗੀ, ਜਿਸ ਦਾ ਮੂਲ ਦਾ ਕਾਰਨ ਜਗਮੀਤ ਸਿੰਘ ਦਾ ਚੋਣ ਲੜਨਾ ਹੈ, ਜਿਸ ਨੇ ਕੈਨੇਡਾ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ ਤੇ ਇਸ ਚੋਣ ਪਿੜ ਵਿਚ ਉਹ ਖਿੱਚ ਦਾ ਕੇਂਦਰ ਵੀ ਬਣੇ ਹੋਏ ਹਨ। ਧਿਆਨ ਰਹੇ ਕਿ ਸਾਰੇ ਹਲਕਿਆਂ ‘ਚ ਅਗਾਊਂ ਵੋਟ ਪਾਉਣ ਦੀ ਪ੍ਰਕਿਰਿਆ ਵੀ ਮੁਕੰਮਲ ਹੋ ਗਈ ਹੈ। ਪ੍ਰਮੁੱਖ ਪਾਰਟੀਆਂ ਦੇ ਆਗੂਆਂ ਦੀਆਂ ਬਹਿਸਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਵੋਟਰਾਂ ਨੂੰ ਕਿਸੇ ਇਕ ਪਾਰਟੀ ਨੂੰ ਦਾ ਸਪਸ਼ਟ ਫਤਵਾ ਮਿਲਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਇਸ ਦੇ ਉਲਟ ਬਹੁਤ ਸਾਰੇ ਵੋਟਰ ਅਜਿਹੇ ਹਨ ਜੋ ਭੰਬਲ਼ਭੂਸੇ ‘ਚ ਹਨ ਕਿ ਵੋਟ ਕਿਸ ਨੂੰ ਪਾਈ ਜਾਵੇ। ਇਹ ਵੀ ਕਿ ਵੋਟਰ ਅਕਸਰ ਆਪਣੇ ਹਲਕੇ ਦੇ ਉਮੀਦਵਾਰ ਅਤੇ ਉਸ ਦੀ ਪਾਰਟੀ ਦੇ ਆਗੂ ਦੋਵਾਂ ਨੂੰ ਆਪਣੀ ਪਾਰਖੂ ਅੱਖ ਨਾਲ ਦੇਖ ਕੇ ਪਸੰਦ ਕਰਨਾ ਚਾਹੁੰਦਾ ਹੁੰਦਾ ਹੈ ਪਰ ਜੇਕਰ ਦੋਵਾਂ ‘ਚੋਂ ਇਕ ਪਸੰਦ ਨਾ ਹੋਵੇ ਤਾਂ ਉਹ ਵੋਟ ਪਾਉਣ ਪ੍ਰਤੀ ਉਤਸ਼ਾਹਿਤ ਨਹੀਂ ਹੁੰਦਾ। ਸੋਸ਼ਲ ਮੀਡੀਆ ਦੇ ਇਸ ਜ਼ਮਾਨੇ ‘ਚ ਹੁਣ ਪਾਰਟੀਆਂ ਨਾਲ ਬੱਝਵੀਂ ਵੋਟ ਘੱਟਦੀ ਜਾ ਰਹੀ ਹੈ। ਨੌਜਵਾਨ ਪੀੜ੍ਹੀ ਅੱਖਾਂ ਮੀਟ ਕੇ ਸਾਰੀ ਉਮਰ ਇਕ ਪਾਰਟੀ ਨੂੰ ਵੋਟ ਪਾਉਂਦੇ ਰਹਿਣ ਲਈ ਵਚਨਬੱਧ ਨਹੀਂ ਹੁੰਦੀ। ਓਧਰ ਦੇਸ਼ ਭਰ ਦੇ 338 ਹਲਕਿਆਂ ‘ਚ ਕੁਲ 2146 ‘ਚੋਂ 1500 ਦੇ ਕਰੀਬ ਉਮੀਦਵਾਰ ਬਹੁਤ ਸਰਗਰਮੀ ਨਾਲ ਚੋਣ ਪ੍ਰਚਾਰ ‘ਚ ਜੁਟੇ ਅਤੇ ਆਪੋ-ਆਪਣੀ ਸੀਟ ਜਿੱਤਣ ਜਾਂ ਬਚਾਉਣ ਲਈ ਦਿਨ-ਰਾਤ ਇਕ ਕਰ ਰਹੇ/ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਵੋਟ ਪਾਉਣ ਵਾਸਤੇ ਕੈਨੇਡਾ ਦੇ ਪ੍ਰਵਾਸੀ ਭਾਈਚਾਰਿਆਂ ਦੇ ਬਹੁਤ ਸਾਰੇ ਲੋਕ ਲਿਬਰਲ ਪਾਰਟੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਖੁਸ਼ ਹਨ ਓਥੇ ਦੇਸ਼ ‘ਚ ਇਮੀਗ੍ਰੇਸ਼ਨ ਘੱਟ ਕਰਨ ਅਤੇ ਅਮਰੀਕਾ ਦੀ ਸਰਹੱਦ ਤੋਂ ਆ ਰਹੇ ਸ਼ਰਨਾਰਥੀ ਰੋਕਣ ਦੇ ਚਾਹਵਾਨ ਕੈਨੇਡਾ ਵਾਸੀ ਉਨ੍ਹਾਂ ਦੇ ਖਿਲਾਫ਼ ਭੁਗਤਣ ਨੂੰ ਵੀ ਤਿਆਰ ਹਨ। ਕਿਸੇ ਸਮੇਂ ਆਪ ਪਰਵਾਸੀਆਂ ਵਜੋਂ ਕੈਨੇਡਾ ਆਏ ਪਰ ਹੁਣ ਘਾਗ ਕੈਨੇਡੀਅਨ ਬਣ ਚੁੱਕੇ ਕਈ ਵਿਅਕਤੀ ਵੀ ਹੁਣ ਨਵੇਂ ਆ ਰਹੇ ਲੋਕਾਂ ਨੂੰ ਰੋਕਣ ਦੇ ਨਾਅਰੇ ਵਾਲੀ ਪਾਰਟੀ ਦੀਆਂ ਸਿਫਤਾਂ ਕਰਦੇ ਸੁਣੀਂਦੇ ਹਨ। ਕੈਨੇਡਾ ‘ਚ ਪੰਜਾਬੀ ਭਾਈਚਾਰਾ ਅਤੇ ਖਾਸ ਤੌਰ ‘ਤੇ ਸਿੱਖ ਵੋਟ ਮੁੱਖ ਤੌਰ ‘ਤੇ ਤਿੰਨ ਹਿੱਸਿਆਂ, ਲਿਬਰਲ, ਕੰਸਰਵੇਟਿਵ ਅਤੇ ਐਨ.ਡੀ.ਪੀ. ‘ਚ ਵੰਡੇ ਜਾਣ ਦੀ ਤੀਬਰ ਸੰਭਾਵਨਾ ਬਣੀ ਹੋਈ ਹੈ। ਮੁਸਲਿਮ ਭਾਈਚਾਰਾ ਵੀ ਵੱਡੀ ਤਦਾਦ ‘ਚ ਲਿਬਰਲ ਪਾਰਟੀ ਦੇ ਨਾਲ ਹੈ। ਓਧਰ ਕੈਨੇਡਾ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦੇ ਆਗੂ ਭਾਰਤੀ ਮੂਲ ਦੇ ਲੋਕਾਂ ਨੂੰ ਕੰਸਰਵੇਟਿਵ ਪਾਰਟੀ ਦੇ ਹੱਕ ‘ਚ ਭੁਗਤਣ ਦੀ ਅਪੀਲ ਕਰ ਰਹੇ ਹਨ। ਭਾਜਪਾ ਦੀ ਇਕਾਈ ਦੇ ਪ੍ਰਧਾਨ ਵਿਪਨ ਸ਼ਰਮਾ ਟੋਰਾਂਟੋ ‘ਚ ਇਸ ਪੱਤਰਕਾਰ ਨੂੰ ਦੱਸਿਆ ਕਿ ਕੰਸਰਵੇਟਿਵ ਪਾਰਟੀ ਨਾਲ ਡਟ ਕੇ ਖੜ੍ਹੇ ਹਾਂ ਜਿਸ ਦੇ ਆਗੂ ਐਂਡਰੀਊ ਸ਼ੀਅਰ ਵਧੀਆ ਅਗਵਾਈ ਦੇ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …