Breaking News
Home / ਜੀ.ਟੀ.ਏ. ਨਿਊਜ਼ / ਸੰਘਰਸ਼ ਦੇ ਦਿਨਾਂ ‘ਚ ਵਿਦਿਆਰਥੀਆਂ ਦਾ ਸਹਾਰਾ ਸਕਿਓਰਿਟੀ ਗਾਰਡ ਦੀ ਨੌਕਰੀ

ਸੰਘਰਸ਼ ਦੇ ਦਿਨਾਂ ‘ਚ ਵਿਦਿਆਰਥੀਆਂ ਦਾ ਸਹਾਰਾ ਸਕਿਓਰਿਟੀ ਗਾਰਡ ਦੀ ਨੌਕਰੀ

ਇੰਸ਼ੋਰੈਂਸ ਕੰਪਨੀਆਂ ‘ਚ ਏਜੰਟ ਬਣਨ ਨੂੰ ਵੀ ਤਰਜੀਹ ਦਿੰਦੇ ਹਨ ਪੰਜਾਬੀ ਵਿਦਿਆਰਥੀ
ਟੋਰਾਂਟੋ/ਸਤਪਾਲ ਸਿੰਘ ਜੌਹਲ
ਪੰਜਾਬ ‘ਚ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਕੈਨੇਡਾ ਪ੍ਰਤੀ ਖਿੱਚ ਬਰਕਰਾਰ ਹੈ ਅਤੇ ਨਿਤ ਦਿਨ ਵੱਡੀ ਗਿਣਤੀ ‘ਚ ਵਿਦਿਆਰਥੀ ਵਜੋਂ ਪੰਜਾਬ ਤੋਂ ਲੜਕੇ ਅਤੇ ਲੜਕੀਆਂ ਕੈਨੇਡਾ ਪਹੁੰਚ ਰਹੇ ਹਨ। ਇਕ ਪੁਖਤਾ ਅੰਦਾਜ਼ੇ ਅਨੁਸਾਰ 2019 ਦੌਰਾਨ ਬੀਤੇ ਸਾਰੇ ਸਾਲਾਂ ਦੇ ਮੁਕਾਬਲੇ ਵੱਧ ਪੰਜਾਬੀ ਵਿਦਿਆਰਥੀ ਅਤੇ ਵਿਦਿਆਰਥਣਾਂ ਕੈਨੇਡਾ ਪੁੱਜ ਰਹੇ ਹਨ। ਜਿੱਥੇ ਕੈਨੇਡਾ ਤੱਕ ਪਹੁੰਚਣ ਵਾਸਤੇ ਇਕ ਵੱਡੀ ਜੱਦੋ-ਜਹਿਦ ਕਰਨੀ ਪੈਂਦੀ ਹੈ, ਉੱਥੇ ਅਸਲ ਚੁਣੌਤੀਆਂ ਦਾ ਅਹਿਸਾਸ ਉੱਥੇ ਪੁੱਜਣ ਤੋਂ ਬਾਅਦ ਹੋਣਾ ਸ਼ੁਰੂ ਹੁੰਦਾ ਹੈ। ਪੰਜਾਬ ‘ਚ ਤਾਂ ਖਾਣੇ ਅਤੇ ਮਕਾਨ ਦੇ ਕਿਰਾਏ ਦੀ ਅਕਸਰ ਕੋਈ ਚਿੰਤਾ ਨਹੀਂ ਹੁੰਦੀ ਕਿਉਂਕਿ ਮਾਪਿਆਂ ਦੇ ਅਸ਼ੀਰਵਾਦ ਨਾਲ਼ ਔਲਾਦਾਂ ਦੀਆਂ ਉਡਾਰੀਆਂ ਉੱਚੀਆਂ ਹੋਈਆਂ ਰਹਿੰਦੀਆਂ ਹਨ। ਇਸ ਦੇ ਉਲਟ ਕੈਨੇਡਾ ਵਿਖੇ ਉੱਥੋਂ ਦੀ ਹਵਾ ‘ਚ ਸਾਹ ਤਾਂ ਮੁਫਤ ਮਿਲ਼ ਜਾਂਦਾ ਹੈ ਪਰ ਇਸ ਤੋਂ ਬਿਨਾ ਜੀਵਨ ਦੀ ਹਰੇਕ ਜ਼ਰੂਰਤ ਪੂਰੀ ਕਰਨ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਹਰੇਕ ਚੀਜ਼ ਦਾ ਮੁੱਲ ਤਾਰਨ ਲਈ ਨੌਕਰੀਆਂ ਰਾਹੀਂ ਡਾਲਰ ਕਮਾਉਣੇ ਪੈਂਦੇ ਹਨ। ਡਾਲਰ ਕਮਾਉਣ ਲਈ ਨੌਜਵਾਨਾਂ ਨੂੰ ਆਪਣੇ ਆਪ ਨੂੰ ਕਿਸੇ ਨੌਕਰੀ ਦੇ ਯੋਗ ਬਣਾਉਣਾ ਪੈਂਦਾ ਹੈ। ਕਿਸੇ ਖਾਸ ਯੋਗਤਾ ਤੋਂ ਸੱਖਣੇ ਵਿਅਕਤੀਆਂ ਨੂੰ ਲੇਬਰ ਵਜੋਂ (ਫੈਕਟਰੀਆਂ, ਸਟੋਰਾਂ, ਰੈਸਟੋਰੈਂਟਾਂ ਵਗੈਰਾ ਅੰਦਰ) ਸ਼ਿਫਟਾਂ ‘ਚ ਹੱਡ-ਭੰਨਵੀਂ ਮਿਹਨਤ ਕਰਨੀ ਪੈਂਦੀ ਹੈ। ਅਜਿਹੇ ‘ਚ ਪੰਜਾਬੀ ਵਿਦਿਆਰਥੀ ਲੜਕੇ ਅਤੇ ਲੜਕੀਆਂ ਵਲੋਂ ਕੈਨੇਡਾ ‘ਚ ਪਹੁੰਚ ਕੇ ਸੂਬਾਈ ਸਰਕਾਰ ਦੇ ਮਹਿਕਮੇ ਤੋਂ ਸਕਿਓਰਟੀ ਡਿਊਟੀ ਵਾਸਤੇ ਲਾਈਸੈਂਸ ਬਣਾਉਣ ‘ਚ ਵੱਡੀ ਦਿਲਚਸਪੀ ਦਿਖਾਈ ਜਾਣ ਲੱਗੀ ਹੈ। ਇਸ ਕੰਮ ਨੂੰ ਹੋਰਨਾਂ ਕੰਮਾਂ ਦੇ ਮੁਕਾਬਲੇ ਸੌਖਾ ਸਮਝਿਆ ਜਾਂਦਾ ਹੈ ਕਿਉਂਕਿ ਚੁਫੇਰੇ ਚੌਕਸੀ ਵਾਸਤੇ ਬੈਠੇ ਜਾਂ ਖੜ੍ਹੇ ਹੀ ਰਹਿਣਾ ਹੁੰਦਾ ਹੈ ਅਤੇ ਕੈਨੇਡਾ ‘ਚ ਬਹੁਤ ਸਾਰੇ ਨਵੇਂ ਇਮੀਗ੍ਰਾਂਟ ਅਤੇ ਸੇਵਾਮੁਕਤ ਹੋਏ ਬਜ਼ੁਰਗ ਵੀ ਇਸ ਕੰਮ ਨੂੰ ਪਹਿਲ ਦੇ ਅਧਾਰ ‘ਤੇ ਕਰਦੇ ਹਨ। ਲਾਈਸੈਂਸ ਧਾਰਕ ਵਿਦਿਆਰਥੀ ਅਤੇ ਵਿਦਿਆਰਥਣਾਂ ਵੱਡੀਆਂ ਕਾਰੋਬਾਰੀ ਅਤੇ ਰਿਹਾਇਸ਼ੀ ਇਮਾਰਤਾਂ, ਮਾਲਾਂ, ਵੇਅਰਹਾਊਸਾਂ, ਪਾਰਕਿੰਗ ਯਾਰਡ ਆਦਿਕ ਥਾਵਾਂ ਵਿਖੇ ਸਕਿਓਰਟੀ ਡਿਊਟੀ ਕਰਦੇ ਆਮ ਨਜ਼ਰ ਪੈ ਜਾਂਦੇ ਹਨ। ਇੰਸ਼ੋਰੈਂਸ ਕੰਪਨੀਆਂ ਦੇ ਏਜੰਟ ਬਣਨ ਵੱਲ ਵੀ ਹੁਣ ਬਹੁਤ ਵੱਡੀ ਗਿਣਤੀ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦਾ ਝੁਕਾਅ ਹੋ ਗਿਆ ਹੈ। ਇਸ ਵਾਸਤੇ ਬੀਮਾ ਕਰਨ ਦੇ ਕੋਰਸ ਕਰਨੇ ਪੈਂਦੇ ਹਨ ਅਤੇ ਇਮਤਿਹਾਨ ਦੇ ਕੇ ਲਾਈਸੈਂਸ ਪ੍ਰਾਪਤ ਕੀਤਾ ਜਾਂਦਾ ਹੈ ਤਾਂ ਕਿ ਲੋਕਾਂ ਦੀਆਂ ਬੀਮਾ ਪਾਲਿਸੀਆਂ ਕਰਕੇ ਬੀਮਾ ਕੰਪਨੀ ਤੋਂ ਮਿਲ਼ਦੇ ਕਮਿਸ਼ਨ ਨਾਲ਼ ਕਮਾਈ ਕੀਤੀ ਜਾ ਸਕੇ। ਇਸੇ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਭਲਾਈਪੁਰ ਡੋਗਰਾਂ ਤੋਂ 2008 ‘ਚ ਵਿਦਿਆਰਥੀ ਵਜੋਂ ਕੈਨੇਡਾ ਪੁੱਜਿਆ ਅਮਰਜੋਤ ਸੰਧੂ (33) ਮਿਹਨਤ ਨਾਲ਼ ਉਨਟਾਰੀਓ ਵਿਧਾਨ ਸਭਾ ਦੇ ਬਰੈਂਪਟਨ ਵੈਸਟ ਹਲਕੇ ਤੋਂ ਵਿਧਾਇਕ ਚੁਣਿਆ ਗਿਆ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …