ਟੋਰਾਂਟੋ/ਸੱਤਪਾਲ ਜੌਹਲ : ਕੈਨੇਡਾ ਦੇ ਪੱਕੇ ਬਾਸ਼ਿੰਦਿਆਂ ਵਲੋਂ ਆਪਣੇ ਵਿਦੇਸ਼ਾਂ ‘ਚ ਰਹਿੰਦੇ ਮਾਪਿਆਂ/ਦਾਦਕਿਆਂ/ ਨਾਨਕਿਆਂ ਨੂੰ ਪੱਕੇ ਤੌਰ ‘ਤੇ ਅਪਲਾਈ ਕਰਨ ਵਾਸਤੇ 2020 ਦੇ ਸਪਾਂਸਰਸ਼ਿਪ ਪ੍ਰੋਗਰਾਮ ਬਾਰੇ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ ਅਤੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਨਵੀਆਂ ਹਦਾਇਤਾਂ ਕਿਸੇ ਵੇਲੇ ਵੀ ਸੰਭਵ ਸਨ ਕਿਉਂਕਿ 2011 ਤੋਂ ਸੋਧੇ ਜਾਂਦੇ ਰਹੇ ‘ਫੈਮਲੀ ਕਲਾਸ ਇਮੀਗ੍ਰੇਸ਼ਨ ਪ੍ਰੋਗਰਾਮ’ ਤਹਿਤ ਹਰੇਕ ਸਾਲ ਜਨਵਰੀ/ਫਰਵਰੀ ਦੌਰਾਨ ਮਾਪਿਆਂ ਨੂੰ ਅਪਲਾਈ ਕਰਨ ਦੇ ਚਾਹਵਾਨਾਂ ਨੂੰ ਮੌਕਾ ਦਿੱਤਾ ਜਾਂਦਾ ਰਿਹਾ ਹੈ। ਹੁਣ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਦੇ ਹਵਾਲੇ ਨਾਲ ਮਿਲ ਰਹੀ ਤਾਜ਼ਾ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਮਾਪਿਆਂ/ਦਾਦਕਿਆਂ/ਨਾਨਕਿਆਂ ਦੀ ਪੱਕੀ ਇਮੀਗ੍ਰੇਸ਼ਨ ਦੇ ਵਿਵਾਦਿਤ ਪ੍ਰੋਗਰਾਮ ਨੂੰ ਨਵੇਂ ਸਿਰੇ ਤੋਂ ਵਿਚਾਰ ਰਹੀ ਹੈ ਅਤੇ ਸਾਰੇ ਅਰਜ਼ੀਕਰਤਾਵਾਂ ਨੂੰ ਬਰਾਬਰ ਦਾ ਮੌਕਾ ਦੇਣ ਵਾਸਤੇ ਸਿਸਟਮ ‘ਚ ਸੋਧ ਕੀਤੀ ਜਾਵੇਗੀ। ਇਹ ਵੀ ਕਿ ਅਗਲੇ ਐਲਾਨ ਤੱਕ ਮਾਪਿਆਂ ਦੀ ਪੱਕੀ ਇਮੀਗ੍ਰੇਸ਼ਨ ਵਾਸਤੇ ਅਰਜ਼ੀਆਂ ਨਹੀਂ ਦਿੱਤੀਆਂ ਜਾ ਸਕਣਗੀਆਂ ਭਾਵੇਂ ਕਿ ਕਿਹਾ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਅਪ੍ਰੈਲ 2020 ਤੱਕ ਨਵੀਆਂ ਹਦਾਇਤਾਂ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਕੈਨੇਡਾ ‘ਚ ਪੱਕੇ ਤੌਰ ‘ਤੇ ਰਹਿ ਰਹੇ ਪੱਕੇ ਵਿਦੇਸ਼ੀ ਮੂਲ ਦੇ ਲੋਕ ਆਪਣੇ ਮਾਪਿਆਂ ਨੂੰ ਸਪਾਂਸਰ ਕਰਨ ਲਈ ਉਤਾਵਲੇ ਰਹਿੰਦੇ ਹਨ ਪਰ ਇਮੀਗ੍ਰੇਸ਼ਨ ਨੀਤੀ ਦੀਆਂ ਕਮਜ਼ੋਰੀਆਂ ਕਾਰਨ ਪਿਛਲੇ ਕੁਝ ਸਾਲਾਂ ਤੋਂ ਅਸਥਿਰਤਾ ਬਰਕਰਾਰ ਹੈ। ਸਾਲ 2019 ਦੌਰਾਨ 28 ਜਨਵਰੀ ਨੂੰ ਸਪਾਂਸਰ ਕਰਨ ਦੇ ਚਾਹਵਾਨ ਲੋਕਾਂ ਨੂੰ ਆਪਣੀ ਇੱਛਾ ਜ਼ਾਹਿਰ ਕਰਨ ਦਾ ਮੌਕਾ ਦਿੱਤਾ ਗਿਆ ਸੀ ਜਿਸ ਤਹਿਤ ਇੰਟਰਨੈੱਟ ਰਾਹੀਂ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਖੋਲੀ ਗਈ ਵੈੱਬਸਾਈਟ ‘ਤੇ ‘ਐਕਸਪ੍ਰੈੱਸ ਆਫ਼ ਇੰਟਰੱਸਟ ਟੂ ਸਪਾਂਸਰ’ ਅਪਲਾਈ ਕੀਤਾ ਜਾਣਾ ਸੀ। ਉਸੇ ਦਿਨ ਵੈੱਬਸਾਈਟ ਬੰਦ ਕਰਨੀ ਪਈ ਕਿਉਂਕਿ 10 ਕੁ ਮਿੰਟਾਂ ਤੋਂ ਘੱਟ ਸਮੇਂ ‘ਚ 27000 ਤੋਂ ਵੱਧ ਲੋਕਾਂ ਨੇ ਅਪਲਾਈ ਕਰ ਦਿੱਤਾ ਸੀ। ਉਸ ਫਲਾਪ ਤਰੀਕੇ ਨਾਲ ਬਹੁਤ ਸਾਰੇ ਲੋਕ ਅਪਲਾਈ ਕਰਨ ਤੋਂ ਰਹਿ ਗਏ ਜਿਨ੍ਹਾਂ ਨੇ ਆਪਣੇ ਕਾਗ਼ਜ਼ ਤਿਆਰ ਕੀਤੇ ਸਨ ਅਤੇ ਕਾਨੂੰਨੀ ਮਾਹਿਰਾਂ ਨੂੰ ਮਹਿੰਗੀਆਂ ਫ਼ੀਸਾਂ ਭਰੀਆਂ ਸਨ। ਉਸ ਪੱਖਪਾਤੀ ਨੀਤੀ ਦੀ ਬੀਤੇ ਕਈ ਸਾਲਾਂ ਤੋਂ ਹਰੇਕ ਪਾਸਿਓਾ ਭਰਵੀਂ ਆਲੋਚਨਾ ਹੁੰਦੀ ਰਹੀ ਹੈ, ਜਿਸ ਦਾ ਹੁਣ ਕੈਨੇਡਾ ਸਰਕਾਰ ਇਕ ਵਾਰ ਫਿਰ ਬਦਲਵਾਂ ਹੱਲ ਕੱਢਣ ਦੀ ਕੋਸ਼ਿਸ਼ ‘ਚ ਹੈ।
ਵਿਦਿਆਰਥੀ ਵਾਪਸੀ ਦੀ ਸੋਸ਼ਲ ਮੀਡੀਆ ‘ਤੇ ਝੂਠੀ ਅਫਵਾਹ
ਟੋਰਾਂਟੋ : ਭਾਰਤੀਆਂ ਖਾਸ ਕਰਕੇ ਪੰਜਾਬੀ ਵਿਦਿਆਰਥੀਆਂ ਵਿਚ ਸਟੱਡੀ ਲਈ ਕੈਨੇਡਾ ਪਹਿਲੀ ਪਸੰਦ ਹੈ। ਇਸੇ ਕਾਰਨ ਇਨ੍ਹੀਂ ਦਿਨੀਂ ਕੈਨੇਡਾ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਅੰਦਰ ਵਿਦੇਸ਼ੀ ਵਿਦਿਆਰਥੀਆਂ ਦੀ ਜ਼ਿਆਦਾ ਭੀੜ ਹੈ। ਇਸੇ ਜਨਵਰੀ ਮਹੀਨੇ ਸ਼ੁਰੂ ਹੋਣ ਵਾਲੇ ਸਮੈਸਟਰ ਲਈ ਵੱਡੀ ਗਿਣਤੀ ਵਿਚ ਮੁੰਡੇ ਅਤੇ ਕੁੜੀਆਂ ਇੱਥੇ ਪੁੱਜ ਰਹੇ ਹਨ। ਅਜਿਹੀ ਭੀੜ ਹਰੇਕ ਸਾਲ ਆਮ ਦੇਖਣ ਨੂੰ ਮਿਲਦੀ ਹੈ। ਪਿਛਲੇ ਦਿਨੀਂ ਟੋਰਾਂਟੋ ਇੰਟਰਨੈਸ਼ਨਲ ਹਵਾਈ ਅੱਡੇ ਦੇ ਅੰਦਰ ਇਮੀਗ੍ਰੇਸ਼ਨ ਅਫਸਰ ਤੋਂ ਸਟੱਡੀ ਪਰਮਿਟ ਜਾਰੀ ਕਰਵਾਉਣ ਲਈ ਆਪਣੀ ਪਾਰੀ ਦੀ ਉਡੀਕ ਵਿਚ ਖੜ੍ਹੇ ਵਿਦੇਸ਼ੀ ਮੁੰਡੇ ਅਤੇ ਕੁੜੀਆਂ ਦੀ ਵੀਡੀਓ ਕਲਿੱਪ ਬਣਾ ਕੇ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਸੀ, ਜਿਸ ਨਾਲ ਆਮ ਚਰਚਾ ਸੁਣਨ ਨੂੰ ਮਿਲੀ ਕਿ ਨਕਲੀ ਆਈਲੈਟਸ ਸਰਟੀਫਿਕੇਟ ਫੜੇ ਜਾਣ ਕਾਰਨ ਕੈਨੇਡਾ ਤੋਂ ਵੱਡੀ ਗਿਣਤੀ ਵਿਚ ਪੰਜਾਬੀ ਵਿਦਿਆਰਥੀ ਵਾਪਸ ਮੋੜੇ ਜਾ ਰਹੇ ਹਨ। ਜਦਕਿ ਅਸਲ ਵਿਚ ਅਜਿਹਾ ਕੁਝ ਨਹੀਂ ਹੈ। ਪੁਖਤਾ ਜਾਣਕਾਰੀ ਮੁਤਾਬਕ ਟੋਰਾਂਟੋ ਹਵਾਈ ਅੱਡੇ ਦੇ ਟਰਮੀਨਲ 1 ਅਤੇ 3 ਵਿਦੇਸ਼ੀ ਵਿਦਿਆਰਥੀਆਂ ਨਾਲ ਦੇਰ ਰਾਤ ਤੱਕ ਭਰੇ ਰਹਿੰਦੇ ਹਨ। ਲਗਾਤਾਰ ਆ ਰਹੀਆਂ ਫਲਾਈਟਾਂ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਪਹੁੰਚ ਰਹੇ ਹਨ ਅਤੇ ਉਨ੍ਹਾਂ ਨੂੰ ਸਟੱਡੀ ਪਰਮਿਟ ਲੈਣ ਲਈ ਲਾਈਨ ਵਿਚ ਖੜ੍ਹੇ ਹੋਣਾ ਪੈਂਦਾ ਹੈ। ਅਕਸਰ ਲਾਈਨ ਇੰਨੀ ਲੰਬੀ ਹੁੰਦੀ ਹੈ ਕਿ ਇੰਤਜ਼ਾਰ ਦਾ ਸਮਾਂ ਕਈ ਘੰਟੇ ਵਧ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਮਾਸ ਡੈਪੋਰਟੇਸ਼ਨ ਦਾ ਕੋਈ ਅਪਰੇਸ਼ਨ ਨਹੀਂ ਚਲਾਇਆ ਗਿਆ। ਇਸ ਲਈ ਸ਼ੋਸ਼ਲ ਮੀਡੀਆ ਤੋਂ ਮਿਲ ਰਹੀਆਂ ਅਜਿਹੀਆਂ ਜਾਣਕਾਰੀਆਂ ਦੀ ਸੱਚਾਈ ਦੀ ਪੁਸ਼ਟੀ ਕਰਕੇ ਹੀ ਵਿਸ਼ਵਾਸ ਕਰਨਾ ਚਾਹੀਦਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …