ਓਨਟਾਰੀਓ/ਬਿਊਰੋ ਨਿਊਜ਼ : ਪੀਲ ਰੀਜਨਲ ਪੁਲਿਸ ਵੱਲੋਂ ਮਲਟੀ ਮਿਲੀਅਨ ਡਾਲਰ ਦੇ ਇੰਟਰਨੈਸ਼ਨਲ ਕਾਰ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਵੱਲੋਂ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ।
ਤਿੰਨ ਮਹੀਨੇ ਚੱਲੀ ਇਸ ਜਾਂਚ ਨੂੰ ਪ੍ਰੋਜੈਕਟ ਆਰ ਐਂਡ ਆਰ ਦਾ ਨਾਂ ਦਿੱਤਾ ਗਿਆ। ਇਸ ਜਾਂਚ ਦੌਰਾਨ ਚੋਰੀ ਦੀਆਂ ਗੱਡੀਆਂ ਤੋਂ ਕਮਾਈ 10 ਮਿਲੀਅਨ ਡਾਲਰ ਦੀ ਰਕਮ ਪੁਲਿਸ ਵੱਲੋਂ ਬਰਾਮਦ ਕੀਤੀ ਗਈ। ਜਾਂਚ ਉਸ ਸਮੇਂ ਸ਼ੁਰੂ ਕੀਤੀ ਗਈ ਜਦੋਂ ਜਾਂਚਕਾਰਾਂ ਨੂੰ ਪੀਲ ਰੀਜਨ ਤੇ ਜੀਟੀਏ ਵਿੱਚ ਰੇਂਜ ਰੋਵਰਜ਼ ਸਮੇਤ ਚੋਰੀ ਕੀਤੀਆਂ ਜਾਣ ਵਾਲੀਆਂ ਗੱਡੀਆਂ ਦੇ ਇੱਕ ਖਾਸ ਰੁਝਾਨ ਦਾ ਪਤਾ ਲੱਗਿਆ। ਪੁਲਿਸ ਨੇ ਦੱਸਿਆ ਕਿ ਚੋਰ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਅੰਡਰਗ੍ਰਾਊਂਡ ਪਾਰਕਿੰਗ ਗੈਰਾਜਿਜ਼ ਤੇ ਰਿਹਾਇਸ਼ੀ ਇਲਾਕਿਆਂ ਵਿੱਚ ਘੁੰਮ ਕੇ ਚੋਰੀ ਕੀਤੀਆਂ ਜਾਣ ਵਾਲੀਆਂ ਗੱਡੀਆਂ ਦੀ ਚੋਣ ਕਰਦੇ ਸਨ।
ਪੁਲਿਸ ਦਾ ਮੰਨਣਾ ਹੈ ਕਿ ਚੋਰੀ ਕੀਤੀਆਂ ਗਈਆਂ 78 ਗੱਡੀਆਂ, ਜਿਹੜੀਆਂ ਉਨ੍ਹਾਂ ਨੂੰ ਮਿਲੀਆਂ, ਉਹ ਅਸਲ ਵਿੱਚ ਮਾਂਟਰੀਅਲ ਲਿਜਾਈਆਂ ਜਾਣੀਆਂ ਸਨ ਪਰ ਹੌਲੀ ਹੌਲੀ ਉਨ੍ਹਾਂ ਨੂੰ ਇੰਟਰਨੈਸ਼ਨਲ ਪੱਧਰ ਉੱਤੇ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਪੀਲ ਪੁਲਿਸ ਵੱਲੋਂ ਜਾਰੀ ਕੀਤੀ ਗਈ ਰਲੀਜ਼ ਅਨੁਸਾਰ ਜਾਂਚਕਾਰਾਂ ਨੇ ਇਸ ਗਿਰੋਹ ਦੇ ਉਨ੍ਹਾਂ ਮੈਂਬਰਾਂ ਦੀ ਪਛਾਣ ਵੀ ਕੀਤੀ ਜਿਹੜੇ ਪੂਰੀ ਸਰਗਰਮੀ ਨਾਲ ਗੱਡੀਆਂ ਚੋਰੀ ਕਰਦੇ ਸਨ ਤੇ ਫਿਰ ਉਨ੍ਹਾਂ ਨੂੰ ਵਿਦੇਸ਼ਾਂ ਨੂੰ ਭੇਜੇ ਜਾਣ ਤੇ ਲੋਡ ਕੀਤੇ ਜਾਣ ਵਾਲੀਆਂ ਥਾਂਵਾਂ ਦਾ ਵੀ ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ। ਚੋਰੀ ਦੀਆਂ ਇਨ੍ਹਾਂ ਗੱਡੀਆਂ ਨੂੰ ਕੰਟੇਨਰਜ਼ ਵਿੱਚ ਲੋਡ ਕਰਕੇ ਮਾਂਟਰੀਅਲ ਦੀ ਬੰਦਰਗਾਹ ਉੱਤੇ ਟਰੱਕ ਜਾਂ ਟਰੇਨ ਰਾਹੀਂ ਲਿਜਾਇਆ ਜਾਂਦਾ ਸੀ ਤੇ ਫਿਰ ਉੱਥੋਂ ਵਿਦੇਸ਼ ਭੇਜ ਦਿੱਤਾ ਜਾਂਦਾ ਸੀ।
ਪੁਲਿਸ ਨੇ ਬਰੈਂਪਟਨ, ਮਾਂਟਰੀਅਲ, ਜਰਮਨੀ ਤੇ ਸਪੇਨ ਸਮੇਤ ਕਈ ਲੋਕੇਸ਼ਨਾਂ ਉੱਤੇ ਅਜਿਹੇ 25 ਕੰਟੇਨਰਜ਼ ਫੜ੍ਹੇ ਹਨ। ਪੁਲਿਸ ਦਾ ਮੰਨਣਾ ਹੈ ਕਿ ਇਨ੍ਹਾਂ ਵਿੱਚੋਂ ਬਹੁਤੀਆਂ ਗੱਡੀਆਂ ਸੰਯੁਕਤ ਅਰਬ ਅਮੀਰਾਤ ਭੇਜੀਆਂ ਜਾ ਰਹੀਆਂ ਸਨ। ਜਾਂਚਕਾਰਾਂ ਨੇ ਪੀਲ ਰੀਜਨ ਲਈ ਸੱਤ ਸਰਚ ਵਾਰੰਟ ਕਢਵਾਏ ਜਿੰਨ੍ਹਾਂ ਰਾਹੀਂ ਚੋਰੀ ਦੀਆਂ ਗੱਡੀਆਂ ਮਿਲ ਸਕੀਆਂ ਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।