Breaking News
Home / ਪੰਜਾਬ / ਪੰਜਾਬ ਵਿਧਾਨ ਸਭਾ ਚੋਣਾਂ ‘ਚ ਪਹਿਲੀ ਵਾਰ ਹੋਵੇਗੀ ‘ਨੋਟਾ’ ਦੀ ਵਰਤੋਂ

ਪੰਜਾਬ ਵਿਧਾਨ ਸਭਾ ਚੋਣਾਂ ‘ਚ ਪਹਿਲੀ ਵਾਰ ਹੋਵੇਗੀ ‘ਨੋਟਾ’ ਦੀ ਵਰਤੋਂ

logo-2-1-300x105-3-300x105ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਦੌਰਾਨ ਵੋਟਰਾਂ ਨੂੰ ਪਹਿਲੀ ਵਾਰ ਨਾਪਸੰਦਗੀ ਦੇ ਹੱਕ ਦੀ ਵਰਤੋਂ ਕਰਨ ਦਾ ਮੌਕਾ ਮਿਲੇਗਾ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਉੱਤੇ ਖੜ੍ਹੇ ਸਾਰੇ ਉਮੀਦਵਾਰਾਂ ਤੋਂ ਪਿੱਛੋਂ ਉਪਰੋਕਤ ਵਿੱਚੋਂ ਕੋਈ ਨਹੀਂ (ਨੋਟਾ) ਦਾ ਬਟਨ ਲੱਗਿਆ ਹੋਵੇਗਾ। ਇਸ ਤੋਂ ਪਹਿਲਾ ਦਸ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਦੀਆਂ 2014 ਵਿੱਚ ਹੋਈਆਂ ਚੋਣਾਂ ਦੌਰਾਨ ਵੋਟਰ ਆਪਣੇ ਇਸ ਹੱਕ ਦਾ ਇਸਤੇਮਾਲ ਕਰ ਚੁੱਕੇ ਹਨ। ਪੰਜਾਬ ਵਿੱਚ ਵੀ ਧੂਰੀ ਅਤੇ ਖਡੂਰ ਸਾਹਿਬ ਚੋਣਾਂ ਵਿੱਚ ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ ਹੈ। ਦਿਲਚਸਪ ਪਹਿਲੂ ਇਹ ਹੈ ਕਿ ਬਹੁਤ ਜ਼ਿਆਦਾ ਪ੍ਰਚਾਰ ਨਾ ਹੋਣ ਦੇ ਬਾਵਜੂਦ ਸਾਰੀਆਂ ਚੋਣਾਂ ਵਿੱਚ ਵੋਟਰਾਂ ਨੇ ਵੱਡੀ ਮਾਤਰਾ ਵਿੱਚ ਰਜਿਸਟਰਡ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਤੋਂ ਜ਼ਿਆਦਾ ਵੋਟਰਾਂ ਨੂੰ ਆਕਰਸ਼ਿਤ ਕੀਤਾ ਹੈ।
ਸੁਪਰੀਮ ਕੋਰਟ ਵੱਲੋਂ ਸਤੰਬਰ 2013 ਵਿੱਚ ਦਿੱਤੀ ਜੱਜਮੈਂਟ ਰਾਹੀਂ ਚੋਣ ਕਮਿਸ਼ਨ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਉੱਤੇ ਨੋਟਾ ਦਾ ਬਟਨ ਲਗਾਉਣ ਦਾ ਆਦੇਸ਼ ਦਿੱਤਾ ਗਿਆ ਸੀ। ਇਸ ਪਿੱਛੇ ਤਰਕ ਇਹ ਸੀ ਕਿ ਜਮਹੂਰੀ ਪ੍ਰਬੰਧ ਵਿੱਚ ਯਕੀਨ ਰੱਖਣ ਵਾਲਾ ਕੋਈ ਵੀ ਵੋਟਰ ਜੇਕਰ ਚੋਣ ਲੜ ਰਹੇ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕਰਦਾ ਤਾਂ ਉਸ ਨੂੰ ਆਪਣੀ ਅਲੱਗ ਰਾਇ ਦੱਸਣ ਦਾ ਜਮਹੂਰੀ ਅਧਿਕਾਰ ਹੋਣਾ ਚਾਹੀਦਾ ਹੈ। ਅਜਿਹੇ ਅਧਿਕਾਰ ਤੋਂ ਬਿਨਾਂ ਸਬੰਧਿਤ ਵੋਟਰ ਕੋਲ ਇੱਕ ਤਰੀਕੇ ਨਾਲ ਚੋਣ ਬਾਈਕਾਟ ਤੋਂ ਬਿਨਾਂ ਕੋਈ ਰਾਹ ਨਹੀਂ ਬਚਦਾ ਸੀ। ਸੁਪਰੀਮ ਕੋਰਟ ਦੇ ਹੁਕਮ ਤੋਂ ਤੁਰੰਤ ਬਾਅਦ ਪੰਜ ਰਾਜਾਂ ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ, ਮਿਜ਼ੋਰਮ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੀ ਚੋਣ ਕਮਿਸ਼ਨ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ‘ਤੇ ਨੋਟਾ ਦਾ ਬਟਨ ਲਗਵਾ ਦਿੱਤਾ ਸੀ। ਇਨ੍ਹਾਂ ਪੰਜਾਂ ਰਾਜਾਂ ਵਿੱਚ 15 ਲੱਖ ਤੋਂ ਵੱਧ ਵੋਟਰਾਂ ਨੇ ਨੋਟਾ ਨੂੰ ਆਪਣੀ ਵੋਟ ਲਈ ਚੁਣਿਆ। ਦਿੱਲੀ ਵਿੱਚ 50 ਹਜ਼ਾਰ, ਮੱਧ ਪ੍ਰਦੇਸ਼ ਵਿੱਚ 5.9 ਲੱਖ, ਰਾਜਸਥਾਨ ਵਿੱਚ 5.67 ਲੱਖ ਅਤੇ ਛੱਤੀਸਗੜ੍ਹ ਵਿੱਚ 3.5 ਲੱਖ ਵੋਟਰਾਂ ਨੇ ਨੋਟਾ ਨੂੰ ਚੁਣਿਆ। ਲੋਕ ਸਭਾ ਦੀਆਂ 2014 ਵਿੱਚ ਹੋਈਆਂ ਚੋਣਾਂ ਦੌਰਾਨ 59.59 ਲੱਖ ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ ਅਤੇ ਇਹ ਪੋਲ ਹੋਈਆਂ ਵੋਟਾਂ ਦਾ 1.5 ਫੀਸਦ ਤੋਂ ਥੋੜ੍ਹਾ ਹੀ ਹਿੱਸਾ ਘੱਟ ਸੀ। ਪੰਜਾਬ ਵਿੱਚੋਂ ਚਾਰ ਸੰਸਦ ਮੈਂਬਰ ਜਿਤਾਉਣ ਵਾਲੀ ਆਮ ਆਦਮੀ ਪਾਰਟੀ ਦੀ ਦੇਸ਼ ਭਰ ਵਿੱਚ ਵੋਟ ਦੋ ਫੀਸਦ ਦੇ ਨੇੜੇ ਸੀ। ਵੋਟ ਹਾਸਲ ਕਰਨ ਦੇ ਮਾਮਲੇ ਵਿੱਚ ਇਸ ਦਾ ਦੇਸ਼ ਦੀਆਂ ਪਾਰਟੀਆਂ ਵਿੱਚੋਂ ਗਿਆਰਵਾਂ ਨੰਬਰ ਸੀ। ਇਸ ਤੋਂ ਬਾਅਦ ਆਸਾਮ, ਤਾਮਿਲਨਾਡੂ, ਪੱਛਮੀ ਬੰਗਾਲ, ਪੁਡੂਚੇਰੀ ਅਤੇ ਕੇਰਲਾ ਵਿੱਚ ਹੋਈਆਂ ਚੋਣਾਂ ਵਿੱਚ ਕੇਰਲਾ ਨੂੰ ਛੱਡ ਕੇ ਬਾਕੀ ਚਾਰੇ ਰਾਜਾਂ ਵਿੱਚ ਇੱਕ ਫੀਸਦ ਤੋਂ ਵੱਧ ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ। ਪੰਜਾਬ ਵਿਧਾਨ ਸਭਾ ਦੀਆਂ ਉਪ ਚੋਣਾਂ ਧੂਰੀ ਅਤੇ ਖਡੂਰ ਸਾਹਿਬ ਵਿੱਚ ਵੀ ਨੋਟਾ ਨੇ ਅੱਛੀ ਖਾਸੀ ਹਾਜ਼ਰੀ ਲਗਵਾਈ ਸੀ। ਕਾਂਗਰਸ ਵਿਧਾਇਕ ਅਰਵਿੰਦ ਖੰਨਾ ਦੇ ਅਸਤੀਫ਼ੇ ਤੋਂ ਬਾਅਦ ਹੋਈ ਉਪ ਚੋਣ ਦੌਰਾਨ 12 ਉਮੀਦਵਾਰ ਮੈਦਾਨ ਵਿੱਚ ਸਨ। ਨੋਟਾ 1071 ਵੋਟਾਂ ਲੈ ਕੇ ਪੰਜਵੇਂ ਨੰਬਰ ਉੱਤੇ ਰਿਹਾ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …