ਹਰੀਸ਼ ਰਾਵਤ ਨੇ ਕਿਹਾ – ਕੈਪਟਨ ਨੂੰ ਫ਼ੈਸਲਾ ਖੁਦ ਕਰਨਾ ਹੋਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਵਿਚ ਨਵਜੋਤ ਸਿੰਘ ਸਿੱਧੂ ਦਾ ਬਨਵਾਸ ਜਲਦ ਹੀ ਖ਼ਤਮ ਹੋ ਸਕਦਾ ਹੈ। ਇਸ ਦੇ ਸੰਕੇਤ ਕਾਂਗਰਸ ਦੇ ਨਵੇਂ ਸੂਬਾ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਦਿੱਤੇ ਹਨ। ਰਾਵਤ ਨੇ ਸਿੱਧੂ ਨੂੰ ਪਾਰਟੀ ਦਾ ਭਵਿੱਖ ਦੱਸਦੇ ਹੋਏ ਕਿਹਾ ਕਿ ਸਿੱਧੂ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮਿਲ ਕੇ ਦੇਸ਼ ਵਿਚ ਜਮਹੂਰੀ ਸ਼ਕਤੀਆਂ ਨੂੰ ਇਕਮੁੱਠ ਕਰਨ। ਸਿੱਧੂ ਨਾ ਸਿਰਫ਼ ਪਾਰਟੀ ਸਰਗਰਮੀਆਂ ਵਿਚ ਸਰਗਰਮ ਹੋਣਗੇ ਬਲਕਿ ਲੀਡ ਵੀ ਕਰਨਗੇ। ਰਾਵਤ ਚੰਡੀਗੜ੍ਹ ਵਿਚ ਕਾਂਗਰਸੀ ਵਿਧਾਇਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦਾ ਇਹ ਬਿਆਨ ਪੰਜਾਬ ਕਾਂਗਰਸ ਵਿਚ ਆਉਣ ਵਾਲੇ ਬਦਲਾਅ ਵੱਲ ਇਸ਼ਾਰਾ ਕਰ ਰਿਹਾ ਹੈ। ਹਰੀਸ਼ ਰਾਵਤ ਨੇ ਇਹ ਵੀ ਕਿਹਾ ਕਿ ਉਹ ਲਗਾਤਾਰ ਸਿੱਧੂ ਦੇ ਸੰਪਰਕ ਵਿਚ ਹਨ। ਜ਼ਿਕਰਯੋਗ ਹੈ ਕਿ ਸਿੱਧੂ ਪੰਜਾਬ ਕਾਂਗਰਸ ਦੇ ਸੰਪਰਕ ਵਿਚ ਨਹੀਂ ਹਨ। ਖੇਤੀ ਬਿੱਲਾਂ ਨੂੰ ਲੈ ਕੇ ਵੀ ਸਿੱਧੂ ਨੇ ਅੰਮ੍ਰਿਤਸਰ ਅਤੇ ਧੂਰੀ ਵਿਚ ਧਰਨੇ ਤਾਂ ਦਿੱਤੇ ਪਰ ਉਹ ਕਾਂਗਰਸ ਦੇ ਮੰਚ ਤੋਂ ਬਿਲਕੁਲ ਵੱਖ ਰਹੇ। ਇਸ ਸਬੰਧੀ ਹਰੀਸ਼ ਰਾਵਤ ਨੇ ਕਿਹਾ ਕਿ ਸਿੱਧੂ ਪੰਜਾਬ ਦੀ ਸੇਵਾ ਵੀ ਕਰਨਗੇ ਅਤੇ ਦੇਸ਼ ਦੀ ਵੀ। ਰਾਵਤ ਨੇ ਕਿਹਾ ਕਿ ਸਿੱਧੂ ਅਤੇ ਮੇਰਾ ਟੀਚਾ ਇਕ ਹੀ ਹੈ, ਪੰਜਾਬ ਨੂੰ ਅੱਗੇ ਲੈ ਕੇ ਜਾਣਾ।
2022 ਵਿਚ ਕੀ ਕੈਪਟਨ ਹੀ ਕਾਂਗਰਸ ਦਾ ਚਿਹਰਾ ਹੋਣਗੇ? ਇਸ ਸਵਾਲ ‘ਤੇ ਰਾਵਤ ਨੇ ਸਪਸ਼ਟ ਜਵਾਬ ਨਾ ਦਿੰਦੇ ਹੋਏ ਕਿਹਾ ਕਿ ਕੁਝ ਚੀਜ਼ਾਂ ਦਾ ਫ਼ੈਸਲਾ ਵਿਅਕਤੀ ਨੂੰ ਖੁਦ ਕਰਨਾ ਹੁੰਦਾ ਹੈ। ਕੈਪਟਨ ਤਾਂ ਕੈਪਟਨ ਹਨ, ਉਹ ਜਨਮ ਤੋਂ ਹੀ ਕੈਪਟਨ ਹਨ। ਉਨ੍ਹਾਂ ਦੇ ਤਜਰਬੇ ਦੀ ਲੋੜ ਪੰਜਾਬ ਨੂੰ ਵੀ ਹੈ ਅਤੇ ਦੇਸ਼ ਨੂੰ ਵੀ। ਅਹਿਮ ਗੱਲ ਇਹ ਹੈ ਕਿ ਹਰੀਸ਼ ਰਾਵਤ ਨੇ ਅਜਿਹਾ ਬਿਆਨ ਉਸ ਸਮੇਂ ਦਿੱਤਾ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2022 ਵਿਚ ਦੁਬਾਰਾ ਚੋਣ ਲੜਣ ਦੇ ਸੰਕੇਤ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਸਿੱਧੂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਵਿਵਾਦ ਹੈ। ਪੁਲਵਾਮਾ ਹਮਲੇ ਤੋਂ ਬਾਅਦ ਵਿਧਾਨ ਸਭਾ ਵਿਚ ਕੈਪਟਨ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਗੱਲ ਕਹੀ ਸੀ ਤਾਂ ਸਿੱਧੂ ਨੇ ਕਿਹਾ ਸੀ ਕਿ ਕਿਸੇ ਇਕ ਦੀ ਗਲਤੀ ਲਈ ਪੂਰੇ ਮੁਲਕ (ਪਾਕਿਸਤਾਨ) ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਸ ਤੋਂ ਬਾਅਦ ਤੋਂ ਹੀ ਦੋਵਾਂ ਨੇਤਾਵਾਂ ਵਿਚ ਨਾਰਾਜ਼ਗੀ ਵੱਧਦੀ ਚਲੀ ਗਈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …