ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁਜਰਮਾਂ ਨੂੰ ਫੜ੍ਹਨ ਤੋਂ ਕੁੱਝ ਦੇਰ ਬਾਅਦ ਹੀ ਉਨ੍ਹਾ ਨੂੰ ਰਿਹਾਅ ਕਰਨ ਵਰਗੀਆਂ ਆਪਣੀਆਂ ਨੀਤੀਆਂ ਨੂੰ ਖਤਮ ਕਰਨ। ਅਜਿਹੀਆਂ ਨੀਤੀਆਂ ਕਾਰਨ ਹੀ ਕਾਰ ਚੋਰੀ ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ। ਪੌਲੀਏਵਰ ਨੇ ਆਖਿਆ ਕਿ ਜਦੋਂ ਲੋਕ ਉੱਠਕੇ ਆਪਣੇ ਘਰਾਂ ਦੀਆਂ ਖਿੜਕੀਆਂ ਵਿੱਚੋਂ ਬਾਹਰ ਵੇਖਦੇ ਹਨ ਤਾਂ ਉਹ ਮੌਸਮ ਨਹੀਂ ਵੇਖ ਰਹੇ ਹੁੰਦੇ ਸਗੋਂ ਇਹ ਚੈੱਕ ਕਰ ਰਹੇ ਹੁੰਦੇ ਹਨ ਕਿ ਕੀ ਉਨ੍ਹਾਂ ਦੀਆਂ ਗੱਡੀਆਂ ਅਜੇ ਵੀ ਡਰਾਈਵ-ਵੇਅ ਉੱਤੇ ਖੜ੍ਹੀਆਂ ਹਨ ਜਾਂ ਨਹੀਂ। ਕਾਰ ਚੋਰੀ ਦੇ ਮਾਮਲੇ ਟੋਰਾਂਟੋ ਵਿੱਚ 300 ਫੀ ਸਦੀ ਤੇ ਓਟਵਾ ਅਤੇ ਮਾਂਟਰੀਅਲ ਵਿੱਚ 100 ਫੀ ਸਦੀ ਵਧੇ ਹਨ।
ਪਿਛਲੇ ਹਫਤੇ ਟਰੂਡੋ ਨੇ ਵੀ ਇਹ ਮੰਨਿਆ ਸੀ ਕਿ ਅਜਿਹਾ ਪਹਿਲਾਂ ਨਹੀਂ ਸੀ ਹੁੰਦਾ। 2015 ਵਿੱਚ ਲਿਬਰਲ ਸਰਕਾਰ ਬਣਨ ਤੋਂ ਬਾਅਦ ਕੈਨੇਡਾ ਭਰ ਵਿੱਚ ਕਾਰਾਂ ਚੋਰੀ ਕਰਨ ਦੇ ਮਾਮਲਿਆਂ ਵਿੱਚ 34 ਫੀਸਦੀ ਵਾਧਾ ਹੋਇਆ ਹੈ। ਨਿਊ ਬਰੰਜਵਿੱਕ ਵਿੱਚ ਕਾਰ ਚੋਰੀ ਕਰਨ ਦੇ ਮਾਮਲਿਆਂ ਵਿੱਚ 120 ਫੀ ਸਦੀ ਜਦਕਿ ਓਨਟਾਰੀਓ ਤੇ ਕਿਊਬਿਕ ਵਿੱਚ ਕ੍ਰਮਵਾਰ 122 ਫੀ ਸਦੀ ਤੇ 59 ਫੀਸਦੀ ਵਾਧਾ ਹੋਇਆ ਹੈ। 2022 ਵਿੱਚ ਪਹਿਲੀ ਵਾਰੀ ਕਾਰਾਂ ਚੋਰੀ ਹੋਣ ਕਾਰਨ ਇੰਸੋਰੈਂਸ ਇੰਡਸਟਰੀ ਉੱਤੇ ਇੱਕ ਬਿਲੀਅਨ ਡਾਲਰ ਦਾ ਬੋਝ ਪਿਆ।
ਪੌਲੀਏਵਰ ਨੇ ਆਖਿਆ ਕਿ ਇਸ ਪਿੱਛੇ ਟਰੂਡੋ ਸਰਕਾਰ ਦੀਆਂ ਚੋਰਾਂ ਨੂੰ ਫੜ੍ਹ ਕੇ ਰਿਹਾਅ ਕਰਨ ਦੀਆਂ ਨੀਤੀਆਂ ਸਾਮਲ ਹਨ। ਬਿੱਲ ਸੀ-75 ਤਹਿਤ ਅਜਿਹੀਆਂ ਚੋਰੀਆਂ ਨੂੰ ਦੁਹਰਾਉਣ ਵਾਲੇ ਮੁਜਰਮਾਂ ਨੂੰ ਵੀ ਗ੍ਰਿਫਤਾਰੀ ਦੇ ਇੱਕ ਘੰਟੇ ਬਾਅਦ ਜਮਾਨਤ ਉੱਤੇ ਰਿਹਾਅ ਕਰਨ ਦਾ ਪ੍ਰਬੰਧ ਹੈ। ਇਹੋ ਜਿਹੇ ਮੁਜਰਮ ਮੁੜ ਸਮਾਜ ਵਿੱਚ ਜਾ ਕੇ ਚੋਰੀਆਂ ਨੂੰ ਅੰਜਾਮ ਦਿੰਦੇ ਹਨ। ਇਸ ਤਰ੍ਹਾਂ ਦੇ ਪੇਸ਼ੇਵਰ ਕਾਰ ਚੋਰਾਂ ਨੂੰ ਰੋਕਣ ਵਿੱਚ ਪੁਲਿਸ ਵੀ ਕੁੱਝ ਨਹੀਂ ਕਰ ਸਕਦੀ। ਪੌਲੀਏਵਰ ਨੇ ਆਖਿਆ ਕਿ ਜੇ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਅਜਿਹੇ ਮੁਜਰਮਾਂ ਲਈ ਬੇਲ ਨਹੀਂ ਜੇਲ੍ਹ ਦਾ ਪ੍ਰਬੰਧ ਕਰੇਗੀ। ਉਨ੍ਹਾਂ ਆਖਿਆ ਕਿ ਅਸੀਂ ਅਜਿਹਾ ਜੁਰਮ ਤਿੰਨ ਵਾਰੀ ਕਰਨ ਵਾਲੇ ਮੁਜ਼ਰਮਾਂ ਲਈ ਛੇ ਮਹੀਨੇ ਤੋਂ ਤਿੰਨ ਸਾਲ ਤੱਕ ਦਾ ਜੇਲ੍ਹ ਟਾਈਮ ਲਾਜਮੀ ਕਰਾਂਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …