Breaking News
Home / ਜੀ.ਟੀ.ਏ. ਨਿਊਜ਼ / ਟਰੂਡੋ ਨੇ ਯੂਰਪੀਅਨ ਆਗੂਆਂ ਨੂੰ ਰੂਸ ਖਿਲਾਫ਼ ਇਕਜੁੱਟ ਹੋਣ ਦਾ ਦਿੱਤਾ ਸੱਦਾ

ਟਰੂਡੋ ਨੇ ਯੂਰਪੀਅਨ ਆਗੂਆਂ ਨੂੰ ਰੂਸ ਖਿਲਾਫ਼ ਇਕਜੁੱਟ ਹੋਣ ਦਾ ਦਿੱਤਾ ਸੱਦਾ

ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਗਏ ਹਮਲੇ ਖਿਲਾਫ ਯੂਰਪੀਅਨ ਆਗੂਆਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਆਖਿਆ ਕਿ ਸਾਨੂੰ ਯੂਕਰੇਨ ਦੀ ਮਦਦ ਕਰਨੀ ਚਾਹੀਦੀ ਹੈ ਤੇ ਰੂਸ ਉੱਤੇ ਹੋਰ ਪਾਬੰਦੀਆਂ ਲਾਉਣੀਆਂ ਚਾਹੀਦੀਆਂ ਹਨ।
ਇੱਕ ਮਹੀਨੇ ਤੋਂ ਚੱਲ ਰਹੇ ਰੂਸ-ਯੂਕਰੇਨ ਸੰਘਰਸ਼ ਕਾਰਨ ਨਾ ਸਿਰਫ ਯੂਰਪ ਵਿੱਚ ਸਗੋਂ ਦੁਨੀਆਂ ਭਰ ਵਿੱਚ ਸਕਿਊਰਿਟੀ ਸਬੰਧੀ ਬੇਚੈਨੀ ਵਧੀ ਹੈ। ਇਸ ਨਾਲ ਮਹਾਂਮਾਰੀ ਤੋਂ ਉਭਰ ਰਹੇ ਗਲੋਬਲ ਅਰਥਚਾਰੇ ਨੂੰ ਵੱਡਾ ਸ਼ੌਕ ਲੱਗਿਆ ਹੈ। ਮਹਿੰਗਾਈ ਦਰ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਵਿੱਚ ਤਿੰਨ ਦਹਾਕਿਆਂ ਵਿੱਚ ਸਭ ਤੋਂ ਜ਼ਿਆਦਾ ਮਹਿੰਗਾਈ ਦਰ ਵਧੀ ਹੈ ਤੇ ਭਵਿੱਖ ਵਿੱਚ ਵੀ ਅਸਥਿਰਤਾ ਬਣੇ ਰਹਿਣ ਦੀ ਸੰਭਾਵਨਾ ਹੈ।
ਯੂਰਪੀਅਨ ਪਾਰਲੀਮੈਂਟੇਰੀਅਨਜ਼ ਨਾਲ ਗੱਲ ਕਰਦਿਆਂ ਟਰੂਡੋ ਨੇ ਆਖਿਆ ਕਿ ਇਸ ਤਰ੍ਹਾਂ ਦੀਆਂ ਚਿੰਤਾਵਾਂ ਨੂੰ ਪੱਕੇ ਪੈਰੀਂ ਹੋ ਕੇ ਵਿਚਾਰਨ ਤੇ ਪੁਤਿਨ ਨਾਲ ਵੀ ਉਹੋ ਜਿਹਾ ਵਿਵਹਾਰ ਕਰਨ ਜਿਹੋ ਜਿਹਾ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਹੈ। ਟਰੂਡੋ ਨੇ ਆਖਿਆ ਕਿ ਹਸਪਤਾਲਾਂ ਵਿੱਚ ਤੇ ਰਿਹਾਇਸ਼ੀ ਇਲਾਕਿਆਂ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਵਾਰ ਕ੍ਰਾਈਮ ਹੀ ਹੈ। ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਹਮਲੇ ਨਾਲ ਗਲੋਬਲ ਪੱਧਰ ਉੱਤੇ ਤੇਲ ਦੀਆਂ ਕੀਮਤਾਂ ਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਨਾਲ ਗਲੋਬਲ ਪੱਧਰ ਉੱਤੇ ਫੂਡ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ ਕਿਉਂਕਿ ਯੂਕਰੇਨ ਕਣਕ ਦਾ ਮੁੱਖ ਐਕਸਪੋਰਟਰ ਹੈ ਜਿਸ ਨਾਲ ਯੂਨਾਈਟਿਡ ਨੇਸ਼ਨ ਦੇ ਵਰਲਡ ਫੂਡ ਪ੍ਰੋਗਰਾਮ ਵਿੱਚ ਮਦਦ ਮਿਲਦੀ ਹੈ।
ਇਸ ਦੇ ਬਦਲੇ ਵਿੱਚ ਯੂਰਪੀਅਨ ਕਮਿਸ਼ਨ ਪ੍ਰੈਜੀਡੈਂਟ ਉਰਸੁਲਾ ਵੌਨ ਡਰ ਲੇਯੇਨ ਨੇ ਆਖਿਆ ਕਿ ਯੂਰਪ ਤੇ ਕੈਨੇਡਾ ਸਿੱਧੇ ਤੌਰ ਉੱਤੇ ਫੂਡ ਏਡ ਤੇ ਖੇਤੀਬਾੜੀ ਨਾਲ ਸਬੰਧਤ ਉਤਪਾਦਾਂ ਦੀ ਸਪਲਾਈ ਵਿੱਚ ਵਾਧਾਂ ਕਰਨ ਲਈ ਰਾਜ਼ੀ ਹੋਏ ਹਨ। ਰੂਸ ਦੇ ਫਿਊਲ ਉੱਤੇ ਨਿਰਭਰਤਾ ਘਟਾਉਣ ਲਈ ਯੂਰਪ ਤੇਲ ਤੇ ਗੈਸ ਲਈ ਕੈਨੇਡਾ ਉੱਤੇ ਨਿਰਭਰਤਾ ਵਧਾਉਣੀ ਚਾਹੁੰਦਾ ਹੈ।
ਨਾਟੋ ਆਗੂਆਂ ਨਾਲ ਟਰੂਡੋ ਨੇ ਕੀਤੀ ਮੁਲਾਕਾਤ
ਟੋਰਾਂਟੋ : ਯੂਕਰੇਨ ਵਿਚਲੇ ਸੰਘਰਸ਼ ਨੂੰ ਖਤਮ ਕਰਨ ਲਈ ਕੋਈ ਰਾਹ ਲੱਭਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸਾਥੀ ਨਾਟੋ ਆਗੂਆਂ ਨਾਲ ਮੁਲਾਕਾਤ ਕੀਤੀ। ਇੱਕ ਮਹੀਨੇ ਪਹਿਲਾਂ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਗਏ ਹਮਲੇ ਕਾਰਨ ਯੂਰਪ ਨੂੰ ਦੂਜੀ ਵਿਸ਼ਵ ਜੰਗ ਤੋਂ ਬਾਅਦ ਦੇ ਆਪਣੇ ਸਭ ਤੋਂ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੂਡੋ ਨੇ ਆਖਿਆ ਕਿ ਇਹ ਖਤਰਾ ਸਿਰਫ ਯੂਰਪ ਨੂੰ ਹੀ ਨਹੀਂ ਸਗੋਂ ਦੁਨੀਆ ਭਰ ਨੂੰ ਹੈ। ਵੀਰਵਾਰ ਸਵੇਰੇ ਨਾਟੋ ਦੇ ਹੈੱਡਕੁਆਰਟਰ ਵਿਖੇ ਪਹੁੰਚ ਕੇ ਟਰੂਡੋ ਨੇ ਆਖਿਆ ਕਿ ਦੋਸਤਾਨਾਂ ਜਮਹੂਰੀਅਤ ਉੱਤੇ ਇਹ ਗੈਰਕਾਨੂੰਨੀ ਤੇ ਜ਼ਾਲਮਾਨਾ ਹਮਲਾ ਹੈ। ਉਨ੍ਹਾਂ ਆਖਿਆ ਕਿ ਅਸੀਂ ਸਾਰੇ ਭਾਈਵਾਲ ਦੇਸਾਂ ਵੱਲੋਂ ਰੂਸ ਦੇ ਰਾਸਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਨਿਖੇਧੀ ਕਰਦੇ ਹਾਂ। ਉਨ੍ਹਾਂ ਆਖਿਆ ਕਿ ਜਮਹੂਰੀਅਤ ਉੱਤੇ ਪਹਿਰਾ ਦੇਣ ਵਾਲੇ ਦੇਸ਼ ਯੂਕਰੇਨ ਦਾ ਅਸੀਂ ਸਮਰਥਨ ਕਰਦੇ ਹਾਂ। ਇਹ ਵੀ ਪਤਾ ਲੱਗਿਆ ਹੈ ਕਿ ਕੈਨੇਡਾ ਤੇ ਉਸ ਦੇ ਭਾਈਵਾਲ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਹਿਯੋਗੀਆਂ ਖਿਲਾਫ ਨਵੀਆਂ ਪਾਬੰਦੀਆਂ ਲਾਉਣਗੇ।
ਇਸ ਹਫਤੇ ਦੇ ਸ਼ੁਰੂ ਵਿੱਚ ਟਰੂਡੋ ਨਾਲ ਗੱਲਬਾਤ ਕਰਨ ਤੋਂ ਬਾਅਦ ਯੂਕਰੇਨ ਦੇ ਪ੍ਰੈਜੀਡੈਂਟ ਵੋਲੋਦੀਮੀਰ ਜੈਲੈਂਸਕੀ ਵੱਲੋਂ ਨਾਟੋ ਆਗੂਆਂ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ। ਦੋ ਹਫਤੇ ਪਹਿਲਾਂ ਟਰੂਡੋ ਨੇ ਯੂਰਪ ਦਾ ਦੌਰਾ ਕੀਤਾ ਸੀ ਜਿੱਥੇ ਉਨ੍ਹਾਂ ਲੰਡਨ, ਬਰਲਿਨ, ਵਾਰਸਾਅ ਤੇ ਪੋਲੈਂਡ ਵਿੱਚ ਮੀਟਿੰਗਾਂ ਕੀਤੀਆਂ ਤੇ ਲੈਟਵੀਆ ਵਿੱਚ ਨਾਟੋ ਸੈਨਾਵਾਂ ਵਿੱਚ ਸ਼ਾਮਲ ਕੈਨੇਡੀਅਨ ਫੌਜੀ ਟੁਕੜੀਆਂ ਨਾਲ ਵੀ ਮੁਲਾਕਾਤ ਕੀਤੀ ਸੀ।

Check Also

ਸ੍ਰੀ ਕਰਤਾਰਪੁਰ ਸਾਹਿਬ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ ਬੁੱਤ ਦਾ ਉਦਘਾਟਨ ਲਾਹੌਰ/ਬਿਊਰੋ …