ਆਰਗੇਨਾਈਜੇਸ਼ਨ ਦੀ ਅੰਦਰੂਨੀ ਸਫਾਈ ਦਾ ਸਮਾਂ ਹੁਣ ਆ ਗਿਆ ਹੈ : ਖੇਡ ਮੰਤਰੀ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਹਾਕੀ ਕੈਨੇਡਾ ਦੇ ਗੈਂਗ ਰੇਪ ਵਰਗੇ ਦੋਸ਼ਾਂ ਨਾਲ ਨਜਿੱਠਣ ਦੇ ਤਰੀਕੇ ਕਾਰਨ ਦਿਮਾਗ ਬੌਖਲਾ ਜਾਂਦਾ ਹੈ। ਇਸ ਦੌਰਾਨ ਫੈਡਰਲ ਖੇਡ ਮੰਤਰੀ ਨੇ ਆਖਿਆ ਕਿ ਹੁਣ ਆਰਗੇਨਾਈਜੇਸ਼ਨ ਦਾ ਆਪਣੀ ਅੰਦਰੂਨੀ ਸਫਾਈ ਕਰਨ ਦਾ ਸਮਾਂ ਆ ਗਿਆ ਹੈ।
ਜ਼ਿਕਰਯੋਗ ਹੈ ਕਿ ਆਈਸ ਹਾਕੀ ਦੀ ਨੈਸ਼ਨਲ ਗਵਰਨਿੰਗ ਬਾਡੀ ਉੱਤੇ ਲੀਡਰਸ਼ਿਪ ਬਦਲਣ ਲਈ ਦਬਾਅ ਪਾਇਆ ਜਾ ਰਿਹਾ ਹੈ। ਮੰਗਲਵਾਰ ਨੂੰ ਹਾਕੀ ਕੈਨੇਡਾ ਦੇ ਐਗਜੈਕਟਿਵ ਵਿੱਚੋਂ ਇੱਕ ਪਾਰਲੀਮੈਂਟਰੀ ਕਮੇਟੀ ਸਾਹਮਣੇ ਪੇਸ਼ ਹੋਇਆ। ਅੰਤ੍ਰਿਮ ਬੋਰਡ ਦੀ ਚੇਅਰ ਐਂਡਰੀਆ ਸਕਿਨਰ ਨੇ ਇਸ ਪੇਸ਼ੀ ਦੌਰਾਨ ਹਾਕੀ ਕੈਨੇਡਾ ਦਾ ਪੱਖ ਪੂਰਿਆ। ਉਨ੍ਹਾਂ ਆਖਿਆ ਕਿ ਹਾਕੀ ਕੈਨੇਡਾ ਦੀ ਸਾਖ ਬਹੁਤ ਵਧੀਆ ਹੈ ਤੇ ਜਹਿਰੀਲੇ ਕਲਚਰ ਕਾਰਨ ਹਾਕੀ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ।
ਸਕਿਨਰ ਨੇ ਆਖਿਆ ਕਿ ਹਾਕੀ ਕੈਨੇਡਾ ਪ੍ਰਬੰਧਕੀ ਪੱਧਰ ਉੱਤੇ ਕੋਈ ਤਬਦੀਲੀ ਨਹੀਂ ਕਰ ਰਹੀ। ਉਨ੍ਹਾਂ ਇਹ ਵੀ ਆਖਿਆ ਕਿ ਖੇਡ ਮੰਤਰੀ ਵੱਲੋਂ ਜਿਵੇਂ ਵੱਡੀ ਪੱਧਰ ਉੱਤੇ ਹਾਕੀ ਕੈਨੇਡਾ ਦੀ ਗਵਰਨਿੰਗ ਬਾਡੀ ਦੇ ਅਸਤੀਫਿਆਂ ਦੀ ਮੰਗ ਕੀਤੀ ਗਈ ਹੈ, ਉਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਨਾਲ ਹਾਕੀ ਖੇਡਣ ਵਾਲੇ ਸਾਡੇ ਮੁੰਡੇ ਕੁੜੀਆਂ ਦੇ ਮਨੋਬਲ ਡਿੱਗ ਜਾਣਗੇ।
ਇਸ ਤਰ੍ਹਾਂ ਦੀ ਪ੍ਰਤੀਕਿਰਿਆ ਨਾਲ ਪ੍ਰਧਾਨ ਮੰਤਰੀ ਹੈਰਾਨ ਰਹਿ ਗਏ। ਪਾਰਲੀਮੈਂਟ ਹਿੱਲ ਉੱਤੇ ਕਾਕਸ ਮੀਟਿੰਗ ਲਈ ਜਾਣ ਤੋਂ ਪਹਿਲਾਂ ਬੁੱਧਵਾਰ ਨੂੰ ਟਰੂਡੋ ਨੇ ਆਖਿਆ ਕਿ ਦੇਸ਼ ਭਰ ਦੇ ਮਾਪਿਆਂ ਦਾ ਹਾਕੀ ਕੈਨੇਡਾ ਤੋਂ ਯਕੀਨ ਉੱਠ ਰਿਹਾ ਹੈ ਤੇ ਓਟਵਾ ਦੇ ਸਿਆਸਤਦਾਨਾਂ ਦਾ ਤਾਂ ਪਹਿਲਾਂ ਹੀ ਹਾਕੀ ਕੈਨੇਡਾ ਤੋਂ ਭਰੋਸਾ ਉੱਠ ਚੁੱਕਿਆ ਹੈ।
ਇਸ ਦੌਰਾਨ ਇੱਕ ਇੰਟਰਵਿਊ ਵਿੱਚ ਖੇਡ ਮੰਤਰੀ ਸੇਂਟ ਓਜ ਨੇ ਆਖਿਆ ਕਿ ਬੜੀ ਨਮੋਸ਼ੀ ਵਾਲੀ ਗੱਲ ਹੈ ਕਿ ਇੱਕ ਮਹਿਲਾ ਨੂੰ ਬੁਆਇਜ ਕਲੱਬ ਦਾ ਚਿਹਰਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਹਾਕੀ ਕੈਨੇਡਾ ਤੇ ਸਕਿਨਰ ਦੋਵੇਂ ਹੀ ਹਾਲਾਤ ਦੀ ਨਜਾਕਤ ਨੂੰ ਸਮਝ ਨਹੀਂ ਰਹੇ।
ਇਸ ਦੌਰਾਨ ਟਿੰਮ ਹੌਰਟਨਜ ਵੱਲੋਂ 2022-23 ਦੇ ਪੁਰਸ਼ਾਂ ਦੇ ਸੀਜਨ ਸਮੇਤ ਆ ਰਹੀ ਵਰਲਡ ਜੂਨੀਅਰ ਚੈਂਪੀਅਨਸ਼ਿਪ ਤੋਂ ਸਪਾਂਸਰਸ਼ਿਪ ਖਤਮ ਕਰਨ ਦੀ ਆਪਣੀ ਮਨਸ਼ਾ ਬਾਰੇ ਹਾਕੀ ਕੈਨੇਡਾ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਬੁੱਧਵਾਰ ਨੂੰ ਟਿੰਮ ਹਾਰਟਨਜ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੰਪਨੀ ਕੈਨੇਡਾ ਦੀ ਮਹਿਲਾ ਤੇ ਪੈਰਾਉਲੰਪਿਕ ਅਤੇ ਯੂਥ ਹਾਕੀ ਟੀਮਾਂ ਨੂੰ ਫੰਡ ਦੇਣੇ ਜਾਰੀ ਰੱਖੇਗੀ। ਟਿੰਮ ਹੌਰਟਨਜ ਦੇ ਡਾਇਰੈਕਟਰ ਆਫ ਕਮਿਊਨਿਕੇਸ਼ਨਜ ਮਾਈਕਲ ਓਲਿਵੇਰਾ ਨੇ ਆਖਿਆ ਕਿ ਅਸੀੰ ਬਹੁਤ ਸਾਰੇ ਮੌਕਿਆਂ ਉੱਤੇ ਹਾਕੀ ਕੈਨੇਡਾ ਨੂੰ ਇਹ ਆਖ ਚੁੱਕੇ ਹਾਂ ਕਿ ਕੈਨੇਡੀਅਨਜ਼ ਦਾ ਭਰੋਸਾ ਦੁਬਾਰਾ ਜਿੱਤਣ ਲਈ ਆਰਗੇਨਾਈਜੇਸ਼ਨ ਨੂੰ ਠੋਸ ਕਦਮ ਚੁੱਕਣੇ ਹੋਣਗੇ।