ਐਬਟਸਫੋਰਡ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਨਿਵਾਸੀ ਪੰਜਾਬਣ ਅਧਿਆਪਕਾ ਨਿਰਲੇਪ ਕੌਰ ਸਿੱਧੂ ਨੂੰ ਸਿੱਖਿਆ ਦੇ ਖੇਤਰ ਵਿਚ ਸਰਬਉੱਚ ਸਨਮਾਨ ‘ਪ੍ਰਾਈਮ ਮਨਿਸਟਰ ਐਵਾਰਡ ਫਾਰ ਟੀਚਿੰਗ ਐਕਸੀਲੈਂਸ 2022’ ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਦੇ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਪ੍ਰਧਾਨ ਰਹੇ ਸਵ. ਮੋਤਾ ਸਿੰਘ ਗਰੇਵਾਲ ਦੀ ਪੋਤਰੀ ਨਿਰਲੇਪ ਕੌਰ ਕੈਨੇਡਾ ਦੀ ਇਕੋ-ਇਕ ਪੰਜਾਬਣ ਅਧਿਆਪਕਾ ਹੈ, ਜਿਸ ਨੂੰ ਇਹ ਵੱਕਾਰੀ ਪੁਰਸਕਾਰ ਮਿਲਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਇਹ ਐਵਾਰਡ ਹਰ ਸਾਲ ਉਨ੍ਹਾਂ 10-12 ਅਧਿਆਪਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੋਵੇ। ਐਬਟਸਫੋਰਡ ਦੇ ਯੂਜਨ ਰੀਮਰ ਮਿਡਲ ਸਕੂਲ ਵਿਖੇ 6ਵੀਂ ਤੇ 7ਵੀਂ ਜਮਾਤ ਦੇ ਵਿਦਿਆਰਥੀਆਂ ਦੀ ਅਧਿਆਪਕਾ ਨਿਰਲੇਪ ਕੌਰ ਸਿੱਧੂ ਨੇ ਕਈ ਸਿੱਖਿਆ ਪ੍ਰੋਜੈਕਟ ਤਿਆਰ ਕੀਤੇ ਹਨ ਪਰ ਨਸਲਵਾਦ ਦੇ ਖ਼ਿਲਾਫ਼ ਤੇ ਬਰਾਬਰਤਾ ਦੇ ਹੱਕ ਬਾਰੇ ਤਿਆਰ ਕੀਤੇ ਪ੍ਰਾਜੈਕਟ ਬੈਕਪੈਕ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਵਲੋਂ ਖੂਬ ਪ੍ਰਸੰਸਾ ਮਿਲੀ ਹੈ।