ਇਕ ਵਿਅਕਤੀ ਨੂੰ ਕੀਤਾ ਗਿਆ ਚਾਰਜ
ਓਨਟਾਰੀਓ/ਬਿਊਰੋ ਨਿਊਜ਼ : ਕੈਨੇਡਾ ਭਰ ਵਿੱਚ ਚੱਲ ਰਹੇ 10,000 ਜਾਅਲੀ ਸਿੱਕਿਆਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਓਨਟਾਰੀਓ ਦੇ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਅਨੁਸਾਰ ਆਪਣੀ ਅਚਨਚੇਤੀ ਸੈਂਪਲਿੰਗ ਪ੍ਰਕਿਰਿਆ ਦੌਰਾਨ ਰੌਇਲ ਕੈਨੇਡੀਅਨ ਮਿੰਟ ਨੇ ਪਾਇਆ ਕਿ ਬਾਜਾਰ ਵਿੱਚ ਜਾਅਲੀ ਕਰੰਸੀ ਚੱਲ ਰਹੀ ਹੈ। ਇਸ ਤੋਂ ਬਾਅਦ ਆਰਸੀਐਮਪੀ ਨੇ 2021 ਦੀਆਂ ਗਰਮੀਆਂ ਵਿੱਚ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਆਰਸੀਐਮਪੀ ਨੇ 10,000 ਜਾਅਲੀ ਟੂਨੀਜ (ਸਿੱਕੇ) ਬਰਾਮਦ ਕੀਤੇ ਜਿਹੜੇ ਕਿ ਕੈਨੇਡੀਅਨ ਬੈਂਕਿੰਗ ਸਿਸਟਮ ਵਿੱਚ ਚੱਲ ਰਹੇ ਸਨ। ਪੁਲਿਸ ਅਨੁਸਾਰ ਅਜੇ ਵੀ ਜਾਅਲੀ ਸਿੱਕੇ ਕਰੰਸੀ ਸਿਸਟਮ ਵਿੱਚ ਬਣੇ ਹੋਏ ਹਨ। ਆਰਸੀਐਮਪੀ ਨੇ ਦੱਸਿਆ ਕਿ ਉਨ੍ਹਾਂ ਨੇ ਰਿਚਮੰਡ ਹਿੱਲ ਦੇ 68 ਸਾਲਾ ਵਿਅਕਤੀ ਡਾਇਗਜਿਓਂਗ ਹੀ ਨੂੰ ਜਾਅਲੀ ਕਰੰਸੀ ਚਲਾਉਣ ਤੇ ਆਪਣੇ ਕੋਲ ਰੱਖਣ ਲਈ ਚਾਰਜ ਕੀਤਾ ਹੈ।