ਓਟਵਾ/ਬਿਊਰੋ ਨਿਊਜ਼ : ਹਾਊਸ ਆਫ ਕਾਮਨ ਵੱਲੋਂ ਵੈਕਸੀਨੇਸ਼ਨ ਲਾਜ਼ਮੀ ਕਰਨ ਦੀ ਲਿਆਂਦੀ ਗਈ ਪਾਲਿਸੀ ਦਾ ਫੈਡਰਲ ਕੰਸਰਵੇਟਿਵਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਸਿਰਫ ਕੰਸਰਵੇਟਿਵ ਪਾਰਟੀ ਵੱਲੋਂ ਹੀ ਇਤਰਾਜ ਪ੍ਰਗਟਾਇਆ ਜਾ ਰਿਹਾ ਹੈ ਕਿਉਂਕਿ ਇੱਕ ਇਹੋ ਕਾਕਸ ਰਹਿ ਗਿਆ ਹੈ ਜਿਹੜਾ ਅਜੇ ਤੱਕ ਇਹੋ ਨਹੀਂ ਦੱਸ ਪਾਇਆ ਕਿ ਇਸ ਦੇ ਕਿੰਨੇ ਐਮਪੀਜ਼ ਵੱਲੋਂ ਅਜੇ ਤੱਕ ਵੈਕਸੀਨੇਸ਼ਨ ਮੁਕੰਮਲ ਨਹੀਂ ਕਰਵਾਈ ਗਈ।
ਹਾਊਸ ਦੇ ਕੰਮਕਾਜ ਨੂੰ ਵੇਖਣ ਵਾਲੀ ਨੌਂ ਐਮਪੀਜ਼ ਦੀ ਕਮੇਟੀ ਵੱਲੋਂ ਲਏ ਗਏ ਇਸ ਫੈਸਲੇ ਤੋਂ ਭਾਵ ਹੈ ਕਿ 22 ਨਵੰਬਰ ਨੂੰ ਜਦੋਂ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਵੇਗੀ ਉਸ ਸਮੇਂ ਹਾਊਸ ਆਫ ਕਾਮਨ ਦੀ ਹੱਦ ਅੰਦਰ ਦਾਖਲ ਹੋਣ ਦੀ ਇਜਾਜ਼ਤ ਸਿਰਫ ਉਸ ਨੂੰ ਹੀ ਹੋਵੇਗੀ ਜਿਹੜਾ ਕੋਵਿਡ-19 ਖਿਲਾਫ ਮੁਕੰਮਲ ਵੈਕਸੀਨੇਸ਼ਨ ਕਰਵਾ ਚੁੱਕਿਆ ਹੋਵੇਗਾ। ਕੋਵਿਡ-19 ਵੈਕਸੀਨ ਤੋਂ ਸਿਰਫ ਉਨ੍ਹਾਂ ਨੂੰ ਹੀ ਛੋਟ ਦਿੱਤੀ ਜਾਵੇਗੀ ਜਿਨ੍ਹਾਂ ਦੀ ਕੋਈ ਮੈਡੀਕਲ ਸਮੱਸਿਆ ਹੈ। ਉਨ੍ਹਾਂ ਨੂੰ ਵੀ ਉਸ ਸਰਤ ਤਹਿਤ ਹਾਊਸ ਆਫ ਕਾਮਨ ਦੀ ਹੱਦ ਅੰਦਰ ਮੌਜੂਦ ਇਮਾਰਤਾਂ ਵਿੱਚ ਦਾਖਲ ਹੋਣ ਦੀ ਇਜਾਜਤ ਹੋਵੇਗੀ ਜਿਹੜੇ ਤਾਜਾ ਨੈਗੇਟਿਵ ਐਂਟੀਜਨ ਟੈਸਟ ਦਾ ਸਬੂਤ ਦੇਣਗੇ।
ਇੱਕ ਬਿਆਨ ਜਾਰੀ ਕਰਕੇ ਕੰਜਰਵੇਟਿਵ ਵ੍ਹਿਪ ਬਲੇਕ ਰਿਚਰਡਜ ਨੇ ਆਖਿਆ ਕਿ ਅਸੀਂ ਵੀ ਇਸ ਗੱਲ ਨੂੰ ਹੱਲਾਸ਼ੇਰੀ ਦੇ ਰਹੇ ਹਾਂ ਜਿਹੜੇ ਵੈਕਸੀਨੇਸ਼ਨ ਕਰਵਾ ਸਕਦੇ ਹਨ ਉਹ ਜਰੂਰ ਕਰਵਾਉਣ। ਪਰ ਅਸੀਂ ਇਹ ਵੀ ਚੁੱਪ ਕਰਕੇ ਨਹੀਂ ਵੇਖ ਸਕਦੇ ਤੇ ਮੰਨ ਸਕਦੇ ਕਿ ਸੱਤ ਐਮਪੀਜ ਵੱਲੋਂ ਗੁਪਤ ਮੀਟਿੰਗ ਕਰਕੇ ਇਹ ਫੈਸਲਾ ਕਰ ਲਿਆ ਜਾਵੇ ਕਿ ਕੈਨੇਡੀਅਨਜ਼ ਵੱਲੋਂ ਚੁਣੇ ਗਏ 338 ਐਮਪੀਜ਼ ਬਾਰੇ ਉਹ ਇਹ ਤੈਅ ਕਰਨ ਕਿ ਕਿਸ ਨੂੰ ਹਾਊਸ ਆਫ ਕਾਮਨਜ਼ ਵਿੱਚ ਦਾਖਲ ਹੋਣ ਦਿੱਤਾ ਜਾਵੇਗਾ ਤੇ ਕਿਸ ਨੂੰ ਨਹੀਂ।
ਇੱਥੇ ਦੱਸਣਾ ਬਣਦਾ ਹੈ ਕਿ ਬੋਰਡ ਆਫ ਇੰਟਰਨਲ ਇਕੌਨਮੀ ਵਿੱਚ ਨਵੇਂ ਐਮਪੀਜ਼ ਹਨ ਤੇ ਦੋ ਕੰਜਰਵੇਟਿਵ ਮੈਂਬਰਜ ਵਿੱਚੋਂ ਰਿਚਰਡਜ ਵੀ ਇੱਕ ਹਨ। ਹਾਲਾਂਕਿ ਪਾਰਲੀਮੈਂਟਰੀ ਕਮੇਟੀ ਦੀ ਮੀਟਿੰਗ ਵਿੱਚੋਂ ਜੋ ਵੀ ਵਿਚਾਰ ਚਰਚਾ ਹੋਈ ਉਸ ਦਾ ਜਨਤਕ ਤੌਰ ਉੱਤੇ ਖੁਲਾਸਾ ਨਹੀਂ ਕੀਤਾ ਜਾ ਸਕਦਾ ਪਰ ਰਿਚਰਡ ਦੇ ਕਹਿਣ ਦਾ ਮਤਲਬ ਹੈ ਕਿ ਇਹ ਫੈਸਲਾ ਲਿਬਰਲਾਂ, ਐਨਡੀਪੀ ਤੇ ਬਲਾਕ ਕਿਊਬਿਕ ਮੈਂਬਰਾਂ ਵੱਲੋਂ ਆਪਸ ਵਿੱਚ ਤੈਅ ਕਰਕੇ ਹੀ ਲਿਆ ਗਿਆ ਹੈ ਤੇ ਇਸ ਲਈ ਕੰਸਰਵੇਟਿਵਾਂ ਦੇ ਪੱਖ ਨੂੰ ਤਵੱਜੋ ਨਹੀਂ ਦਿੱਤੀ ਗਈ। ਇਸ ਕਮੇਟੀ ਦੀ ਬੰਦ ਦਰਵਾਜ਼ਾ ਮੀਟਿੰਗ ਤੋਂ ਬਾਅਦ ਇਸ ਨਵੀਂ ਪਾਲਿਸੀ ਸਬੰਧੀ ਖਬਰ ਮੰਗਲਵਾਰ ਰਾਤ ਨੂੰ ਸਾਹਮਣੇ ਆਈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …