Breaking News
Home / ਜੀ.ਟੀ.ਏ. ਨਿਊਜ਼ / ਮਨੁੱਖਤਾ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਆਈਵਰਮੈਕਟਿਨ ਦੀ ਵਰਤੋਂ

ਮਨੁੱਖਤਾ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਆਈਵਰਮੈਕਟਿਨ ਦੀ ਵਰਤੋਂ

ਓਟਵਾ/ਬਿਊਰੋ ਨਿਊਜ਼ : ਪਰਜੀਵੀਆਂ ਨੂੰ ਖਤਮ ਕਰਨ ਲਈ ਜਾਨਵਰਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਆਈਵਰਮੈਕਟਿਨ ਨਾਲ ਕੋਵਿਡ-19 ਦਾ ਇਲਾਜ਼ ਨਹੀਂ ਹੋ ਸਕਦਾ। ਇਹ ਖੁਲਾਸਾ ਹੈਲਥ ਕੈਨੇਡਾ ਵੱਲੋਂ ਕੀਤਾ ਗਿਆ।
ਕੋਵਿਡ-19 ਦੇ ਮਨੁੱਖਾਂ ਵਿੱਚ ਇਲਾਜ਼ ਲਈ ਆਈਵਰਮੈਕਟਿਨ ਦੀ ਵਰਤੋਂ ਵਿੱਚ ਹੋਏ ਵਾਧੇ ਨੂੰ ਲੈ ਕੇ ਹੈਲਥ ਕੈਨੇਡਾ ਕਾਫੀ ਚਿੰਤਤ ਹੈ। ਜੋਅ ਰੋਗਨ ਵਰਗੀਆਂ ਨਾਮੀ ਹਸਤੀਆਂ ਵੱਲੋਂ ਇਸ ਤਰ੍ਹਾਂ ਦੀ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ ਕਿ ਸਤੰਬਰ ਵਿੱਚ ਇਸੇ ਦਵਾਈ ਦੀ ਵਰਤੋਂ ਕਰਕੇ ਉਹ ਸਿਹਤਯਾਬ ਹੋਏ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਆਈਵਰਮੈਕਟਿਨ ਨਾਲ ਕੋਵਿਡ-19 ਦਾ ਸਫਲ ਇਲਾਜ਼ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋਂ ਦੀ ਕੋਈ ਇਜਾਜ਼ਤ ਵੀ ਨਹੀਂ ਦਿੱਤੀ ਗਈ ਹੈ।
ਕੋਵਿਡ-19 ਦੇ ਇਲਾਜ ਜਾਂ ਰੋਕਥਾਮ ਲਈ ਆਈਵਰਮੈਕਟਿਨ ਦੇ ਕਲੀਨਿਕਲ ਟ੍ਰਾਇਲ ਵਾਸਤੇ ਕੋਈ ਐਪਲੀਕੇਸ਼ਨ ਹੈਲਥ ਕੈਨੇਡਾ ਨੂੰ ਹਾਸਲ ਨਹੀਂ ਹੋਈ। ਇਸ ਵਿੱਚ ਇਹ ਵੀ ਆਖਿਆ ਗਿਆ ਕਿ ਹੈਲਥ ਕੈਨੇਡਾ ਵੱਲੋਂ ਪਰਜੀਵੀ ਕੀੜਿਆਂ ਦੇ ਇਲਾਜ ਵਜੋਂ ਡਾਕਟਰ ਵੱਲੋਂ ਸੁਝਾਏ ਜਾਣ ਤੋਂ ਬਾਅਦ ਇਸ ਦਵਾਈ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਵੀ ਆਖਿਆ ਗਿਆ ਕਿ ਜਿਹੜੀ ਦਵਾਈ ਪ੍ਰਿਸਕ੍ਰਾਈਬ ਕੀਤੀ ਜਾਂਦੀ ਹੈ ਉਸ ਨੂੰ ਹੈਲਥ ਕੇਅਰ ਪ੍ਰੋਫੈਸ਼ਨਲ ਦੀ ਨਿਗਰਾਨੀ ਵਿੱਚ ਹੀ ਲੈਣਾ ਚਾਹੀਦਾ ਹੈ। ਫੂਡ ਐਂਡ ਡਰੱਗ ਐਡਮਨਿਸਟ੍ਰੇਸਨ (ਐਫ ਡੀ ਏ ) ਨੇ ਸਤੰਬਰ ਦੇ ਸ਼ੁਰੂ ਵਿੱਚ ਆਖਿਆ ਸੀ ਕਿ ਕੋਈ ਵੀ ਡਾਟਾ ਇਹ ਨਹੀਂ ਦਰਸਾਉਂਦਾ ਕਿ ਮਨੁੱਖਾਂ ਵਿੱਚ ਆਈਵਰਮੈਕਟਿਨ ਦੀ ਵਰਤੋਂ ਕੋਵਿਡ-19 ਦੇ ਇਲਾਜ ਲਈ ਪ੍ਰਭਾਵਸ਼ਾਲੀ ਹੈ, ਸਗੋਂ ਮਨੁੱਖਾਂ ਲਈ ਪਸ਼ੂਆਂ ਨੂੰ ਦਿੱਤੀ ਜਾਣ ਵਾਲੀ ਇਸ ਦਵਾਈ ਦੀ ਵਰਤੋਂ ਖਤਰਨਾਕ ਹੈ। ਇਸ ਦੀ ਮਨੁੱਖਾਂ ਉੱਤੇ ਵਰਤੋਂ ਲਈ ਕਲੀਨਿਕਲ ਟ੍ਰਾਇਲ ਅਜੇ ਵੀ ਚੱਲ ਰਹੇ ਹਨ।ਇਸ ਦੀ ਆਪਣੇ ਆਪ ਵਰਤੋਂ ਕਰਨ ਵਾਲੇ ਕਈ ਵਿਅਕਤੀਆਂ ਨੂੰ ਹਸਪਤਾਲ ਲਿਜਾਣਾ ਪਿਆ, ਕਈਆਂ ਦੀ ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਵੀ ਪੈ ਚੁੱਕੀ ਹੈ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …