ਓਟਵਾ/ਬਿਊਰੋ ਨਿਊਜ਼ : ਨੈਸ਼ਨਲ ਕਾਊਂਸਲ ਆਫ ਕੈਨੇਡੀਅਨ ਮੁਸਲਿਮਜ਼ ਵੱਲੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹ ਗਾਜਾ ਪੱਟੀ ਦੀ ਹਿੰਸਾ ਤੋਂ ਬਚਣ ਲਈ ਆਪਣੇ ਕੈਨੇਡੀਅਨ ਰਿਸ਼ਤੇਦਾਰਾਂ ਕੋਲ ਪਨਾਹ ਲੈਣ ਲਈ ਆਸਵੰਦ ਫਲਸਤੀਨੀਆਂ ਦੀ ਗਿਣਤੀ ਉੱਤੇ ਲਾਈ ਗਈ ਹੱਦ ਨੂੰ ਖਤਮ ਕਰਨ।
ਜ਼ਿਕਰਯੋਗ ਹੈ ਕਿ ਗਾਜਾ ਦੇ ਲੋਕਾਂ ਲਈ ਸਪੈਸਲ ਐਕਸਟੈਂਡਿਡ ਫੈਮਿਲੀ ਪ੍ਰੋਗਰਾਮ ਅਗਲੇ ਹਫਤੇ ਤੋਂ ਲਾਂਚ ਹੋਣ ਜਾ ਰਿਹਾ ਹੈ। ਕੈਨੇਡਾ ਵਿੱਚ ਰਹਿ ਰਹੇ ਫਲਸਤੀਨੀ ਮੂਲ ਦੇ ਲੋਕਾਂ ਵੱਲੋਂ ਕਈ ਮਹੀਨਿਆਂ ਤੱਕ ਆਪਣੇ ਪਿਆਰਿਆਂ ਨੂੰ ਇਜਰਾਈਲ ਤੇ ਹਮਸ ਦਰਮਿਆਨ ਛਿੜੀ ਜੰਗ ਤੋਂ ਪਾਸੇ ਕਰਨ ਲਈ ਸਰਕਾਰ ਤੋਂ ਮਦਦ ਮੰਗੇ ਜਾਣ ਤੋਂ ਬਾਅਦ ਇਹ ਪ੍ਰੋਗਰਾਮ ਲਾਂਚ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ 1000 ਫਲਸਤੀਨੀਆਂ ਨੂੰ ਵੀਜੇ ਦਿੱਤੇ ਜਾਣਗੇ, ਜਿਸ ਤਹਿਤ ਉਹ ਅਗਲੇ ਤਿੰਨ ਸਾਲਾਂ ਲਈ ਕੈਨੇਡਾ ਵਿੱਚ ਪਨਾਹ ਲੈ ਸਕਣਗੇ। ਉਹ ਵੀ ਇਸ ਸਰਤ ਨਾਲ ਇੱਧਰ ਆ ਸਕਣਗੇ ਜੇ ਉਨ੍ਹਾਂ ਦੇ ਪਰਿਵਾਰ ਜਾਂ ਰਿਸ਼ਤੇਦਾਰ ਇਸ ਅਰਸੇ ਦੌਰਾਨ ਉਨ੍ਹਾਂ ਦੀ ਵਿੱਤੀ ਮਦਦ ਲਈ ਤਿਆਰ ਹੋਣਗੇ।
ਜਦੋਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪਿਛਲੇ ਮਹੀਨੇ ਇਸ ਸਬੰਧ ਵਿੱਚ ਐਲਾਨ ਕੀਤਾ ਸੀ ਤਾਂ ਉਨ੍ਹਾਂ ਆਖਿਆ ਸੀ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਸ ਨਾਲ ਕਿੰਨੇ ਲੋਕਾਂ ਦਾ ਫਾਇਦਾ ਹੋਵੇਗਾ ਪਰ ਉਨ੍ਹਾਂ ਆਖਿਆ ਸੀ ਕਿ ਇਸ ਨਾਲ ਸੈਂਕੜੇ ਲੋਕਾਂ ਦਾ ਫਾਇਦਾ ਜ਼ਰੂਰ ਹੋਵੇਗਾ। ਇੱਕ ਹਫਤੇ ਬਾਅਦ ਹੀ ਡਿਪਾਰਟਮੈਂਟ ਨੇ ਪ੍ਰੋਗਰਾਮ ਲਈ ਲਿਖਤੀ ਪਾਲਿਸੀ ਜਾਰੀ ਕਰ ਦਿੱਤੀ।
ਇਸ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜਨਸ਼ਿਪ ਕੈਨੇਡਾ 1000 ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਇਸ ਪ੍ਰੋਗਰਾਮ ਨੂੰ ਬੰਦ ਕਰ ਦੇਵੇਗੀ। ਕਾਊਂਸਲ ਆਫ ਕੈਨੇਡੀਅਨ ਮੁਸਲਿਮਜ਼ ਨੇ ਆਖਿਆ ਕਿ ਉਹ ਪਹਿਲਾਂ ਹੀ ਹਜ਼ਾਰ ਤੋਂ ਵੀ ਵੱਧ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਹਨ ਜਿਹੜੇ ਗਾਜਾ ਤੋਂ ਆਪਣੇ ਪਰਿਵਾਰਾਂ ਨੂੰ ਬਾਹਰ ਕੱਢਣਾ ਚਾਹੁੰਦੇ ਹਨ। ਆਰਗੇਨਾਈਜੇਸ਼ਨ ਦੇ ਡਾਇਰੈਕਟਰ ਆਫ ਕਮਿਊਨਿਕੇਸ਼ਨ ਉੱਥਮਨ ਕੁਇਕ ਨੇ ਆਖਿਆ ਕਿ ਇਸ ਲਈ ਇਸ ਪ੍ਰੋਗਰਾਮ ਦੌਰਾਨ ਸਵੀਕਾਰੀਆਂ ਜਾਣ ਵਾਲੀਆਂ ਅਰਜੀਆਂ ਉੱਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ।