2.6 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼'ਦੇਸ਼ ਮੇਰਾ ਕੈਨੇਡਾ ਪਰ ਨਾ ਘਰ, ਨਾ ਛੱਤ, ਸੜਕ ਮੇਰਾ ਬਸੇਰਾ'

‘ਦੇਸ਼ ਮੇਰਾ ਕੈਨੇਡਾ ਪਰ ਨਾ ਘਰ, ਨਾ ਛੱਤ, ਸੜਕ ਮੇਰਾ ਬਸੇਰਾ’

ਇੰਪਲਾਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੇ ਅੰਕੜੇ ਦੱਸਦੇ ਹਨ ਕਿ ਬਹੁ ਗਿਣਤੀ ਨਵੇਂ ਪਰਵਾਸੀ ਸੜਕਾਂ ‘ਤੇ ਗੁਜ਼ਾਰਦੇ ਹਨ ਰਾਤਾਂ
ਟੋਰਾਂਟੋ/ਬਿਊਰੋ ਨਿਊਜ਼ : ਨਾ ਛੱਤ ਹੈ, ਨਾ ਰੁਜ਼ਗਾਰ, ਸੜਕ ਹੀ ਬਣਦੀ ਹੈ ਬਿਸਤਰਾ ਤੇ ਅਕਾਸ਼ ਚਾਦਰ। ਹੁਣ ਕੈਨੇਡਾ ਵਿਚ ਇਹ ਦ੍ਰਿਸ਼ ਆਮ ਹੁੰਦਾ ਹੈ ਕਿ ਲੋਕ ਸੜਕਾਂ ‘ਤੇ ਸੌਣ ਲਈ ਮਜਬੂਰ ਹਨ। ਬੇਸ਼ੱਕ ਬੇਘਰ ਲੋਕ ਪਹਿਲਾਂ ਵੀ ਸੜਕਾਂ, ਪਾਰਕਾਂ ਆਦਿ ਵਿਚ ਰਾਤਾਂ ਕੱਟਣ ਲਈ ਮਜਬੂਰ ਹੁੰਦੇ ਰਹਿੰਦ ਹਨ ਪਰ ਹੁਣ ਦ੍ਰਿਸ਼ ਖੌਫਨਾਕ ਇਸ ਲਈ ਬਣਦਾ ਜਾ ਰਿਹਾ ਹੈ ਕਿਉਂਕਿ ਕੈਨੇਡਾ ਆਉਣ ਵਾਲੇ ਪਰਵਾਸੀ ਇਸ ਗਿਣਤੀ ਵਿਚ ਵੱਧ ਸ਼ਾਮਲ ਹੁੰਦੇ ਜਾ ਰਹੇ ਹਨ ਜੋ ਘਰ ਨਾ ਹੋਣ ਕਾਰਨ ਸੜਕਾਂ ‘ਤੇ ਸੌਂਣ ਲਈ ਮਜਬੂਰ ਹੁੰਦੇ ਹਨ। ਇਸ ਮਸਲੇ ਦੀ ਗੰਭੀਰਤਾ ਨੂੰ ਬਿਆਨ ਕਰ ਰਹੇ ਹਨ ਇੰਪਲਾਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੇ ਅੰਕੜੇ। ਨੈਸ਼ਨਲ ਸ਼ੈਲਟਰ ਸਟੱਡੀ ਵਿਚ ਕਿਹਾ ਗਿਆ ਹੈ ਕਿ 2005 ਤੋਂ 2016 ਤੱਕ ਰਫਿਊਜ਼ੀਆਂ ਵਲੋਂ ਰਹਿਣ ਬਸੇਰਿਆਂ ਦੀ ਵਰਤੋਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। 2016 ਵਿਚ ਦੋ ਹਜ਼ਾਰ ਰਫਿਊਜ਼ੀ ਸ਼ੈਲਟਰਾਂ ਵਿਚ ਰਾਤਾਂ ਕੱਟ ਰਹੇ ਹਨ, ਜਦਕਿ 2014 ਵਿਚ ਇਹ ਅੰਕੜਾ 1 ਹਜ਼ਾਰ ਸੀ। ਬੇਘਰਾਂ ਦੀ ਸਮੱਸਿਆ ਦੇ ਖਾਤਮੇ ਲਈ ਬਣੇ ਕੈਨੇਡੀਅਨ ਅਲਾਇੰਸ ਦੇ ਮੁਖੀ ਟਿਮ ਰਿਕਟਰ ਦਾ ਕਹਿਣਾ ਸੀ ਕਿ ਰਫਿਊਜ਼ੀਆਂ ਦੇ ਬੇਘਰ ਹੋਣ ਦੀ ਸੰਭਾਵਨਾ ਇਸ ਲਈ ਵੀ ਵਧ ਜਾਂਦੀ ਹੈ, ਕਿਉਂਕਿ ਉਹ ਕਿਰਾਏ ਦੇ ਘਰ ਲੈਣ ਵਿਚ ਸਮਰਥ ਨਹੀਂ ਹੁੰਦੇ, ਜਿੱਥੇ ਉਨ੍ਹਾਂ ਨੂੰ ਵਸਾਇਆ ਜਾਂਦਾ ਹੈ। ਟਿਮ ਨੇ ਕਿਹਾ ਕਿ ਜ਼ਿਆਦਾਤਰ ਰਫਿਊਜ਼ੀ ਟੋਰਾਂਟੋ ਤੇ ਕਿਊਬਿਕ ਵੱਲ ਜਾ ਰਹੇ ਹਨ ਤੇ ਟੋਰਾਂਟੋ ਦੇ ਮਕਾਨਾਂ ਦੇ ਕਿਰਾਏ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਰਹਿਣ ਬਸੇਰਿਆਂ ਦੀ ਉਪਲਬਧਤਾ ਤੇ ਕਿਰਾਏ ਦੇ ਮਕਾਨਾਂ ਨਾਲ ਜੁੜੀ ਹੋਈ ਹੈ। ਜਦੋਂ ਵੀ ਕੋਈ ਨਵਾਂ ਪਰਵਾਸੀ ਕੈਨੇਡਾ ਆਉਂਦਾ ਹੈ ਤਾਂ ਉਹ ਕੈਨੇਡਾ ਵਿਚ ਘਰ ਖਰੀਦਣ ਬਾਰੇ ਸੋਚ ਵੀ ਨਹੀਂ ਸਕਦਾ। ਦੂਜਾ ਵੱਡਾ ਕਾਰਨ ਇਹ ਹੈ ਕਿ ਪਰਵਾਸੀਆਂ ਦੀ ਆਮਦਨ ਵੀ ਇੰਨੀ ਨਹੀਂ ਹੁੰਦੀ ਕਿ ਉਹ ਅਸਮਾਨ ਛੂੰਹਦੇ ਕਿਰਾਏ ਦੇ ਸਕਣ। ਦੂਜੀ ਰਿਪੋਰਟ ‘ਪੁਆਇੰਟ ਇਨ ਟਾਈਮ’ ਕੈਨੇਡਾ ਵਿਚ ਵਸਦੇ 61 ਭਾਈਚਾਰਿਆਂ ‘ਤੇ ਅਧਾਰਿਤ ਹੈ ਤੇ ਇਸ ਮੁਤਾਬਕ ਸਾਲ 2018 ਵਿਚ ਮੁਲਕ ਦੇ ਕੁੱਲ ਬੇਘਰਾਂ ਵਿਚੋਂ 14 ਫੀਸਦੀ ਨਵੇਂ ਆਏ ਪਰਵਾਸੀ ਸਨ। 14 ਫੀਸਦੀ ਦੇ ਇਸ ਅੰਕੜੇ ਨੂੰ ਅੱਗੇ ਪਰਵਾਸੀਆਂ, ਰਫਿਊਜ਼ੀਆਂ ਤੇ ਰਫਿਊਜ਼ੀ ਵਜੋਂ ਦਾਅਵਾ ਪੇਸ਼ ਕਰਨ ਵਾਲਿਆਂ ਵਿਚਾਲੇ ਵੰਡਿਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਵੇਂ ਪਰਵਾਸੀ ਸੜਕਾਂ ‘ਤੇ ਰਾਤਾਂ ਕੱਟਣ ਲਈ ਮਜਬੂਰ ਹਨ, ਜਿਹੜੇ ਪਰਵਾਸੀ ਕਿਰਾਏ ਦਾ ਮਕਾਨ ਜਾਂ ਬੇਸਮੈਂਟ ਲੱਭਣ ਵਿਚ ਸਫਲ ਨਹੀਂ ਹੁੰਦੇ ਉਨ੍ਹਾਂ ਲਈ ਹਾਲਾਤ ਬਹੁਤ ਖਰਾਬ ਹੋ ਜਾਂਦੇ ਹਨ। ਇਕੱਲੇ ਟੋਰਾਂਟੋ ਵਿਚ ਸੜਕਾਂ ‘ਤੇ ਮਰਨ ਵਾਲਿਆਂ ਦਾ ਅੰਕੜਾ ਇਕ ਹਜ਼ਾਰ ਹੋ ਗਿਆ ਹੈ ਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਦੀ ਪਛਾਣ ਤੱਕ ਨਹੀਂ ਹੁੰਦੀ।

RELATED ARTICLES
POPULAR POSTS