ਰੇਅਬੋਲਡ ਦੇ ਅਸਤੀਫੇ ਤੋਂ ਟਰੂਡੋ ਨਰਾਜ਼
ਓਟਵਾ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਦੇ ਐਮਪੀ ਜੋਡੀ ਵਿਲਸਨ ਰੇਅਬੋਲਡ ਨੇ ਮੰਤਰੀ ਮੰਡਲ ‘ਚੋਂ ਅਸਤੀਫਾ ਦੇ ਦਿੱਤਾ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਲਿਬਰਲ ਐਮਪੀ ਰੇਅਬੋਲਡ ਦੇ ਅਚਾਨਕ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਉਹ ਹੈਰਾਨ ਤੇ ਨਿਰਾਸ਼ ਹਨ।ઠ ਐਸਐਨਸੀ-ਲਾਵਾਲਿਨ ਖਿਲਾਫ ਫਰਾਡ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਥਿਤ ਤੌਰ ਉੱਤੇ ਪੀਐਮਓ ਦੇ ਜੋਡੀ ਵਿਲਸਨ ਰੇਅਬੋਲਡ ਉੱਤੇ ਪਾਏ ਜਾ ਰਹੇ ਦਬਾਅ ਦੇ ਚੱਲਦਿਆਂ ਰੇਅਬੋਲਡ ਵੱਲੋਂ ਅਸਤੀਫਾ ਦਿੱਤਾ ਗਿਆ। ਇਸ ਸਬੰਧੀ ਟਰੂਡੋ ਨੇ ਆਖਿਆ ਕਿ ਰੇਅਬੋਲਡ ਨਾਲ ਉਨ੍ਹਾਂ ਦੀ ਵਿਸਥਾਰ ਸਹਿਤ ਗੱਲਬਾਤ ਹੋਈ ਸੀ ਤੇ ਉਦੋਂ ਤੱਕ ਸੱਭ ਠੀਕ ਸੀ। ਇਸੇ ਲਈ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਅਸਤੀਫਾ ਦੇਣ ਦਾ ਖਿਆਲ ਉਨ੍ਹਾਂ ਦੇ ਮਨ ਵਿੱਚ ਕਿਵੇਂ ਆਇਆ।
ਐਸਐਨਸੀ-ਲਾਵਾਲਿਨ ਕੇਸ ਬਾਰੇ ਟਰੂਡੋ ਨੇ ਆਖਿਆ ਕਿ ਕੈਨੇਡਾ ਸਰਕਾਰ ਨੇ ਆਪਣਾ ਕੰਮ ਕੀਤਾ ਹੈ, ਨਿਯਮਾਂ ਦੀ ਪਾਲਣਾ ਕੀਤੀ ਹੈ ਤੇ ਜੇ ਕਿਸੇ ਵੀ ਸਰਕਾਰੀ ਮੈਂਬਰ ਨੂੰ ਇਸ ਸਬੰਧ ਵਿੱਚ ਕੋਈ ਇਤਰਾਜ਼ ਸੀ ਤਾਂ ਉਸ ਨੂੰ ਸਿੱਧਿਆਂ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਸੀ। ਪਰ ਵਿਲਸਨ ਰੇਅਬੋਲਡ ਸਮੇਤ ਕਿਸੇ ਨੇ ਵੀ ਅਜਿਹਾ ਨਹੀਂ ਕੀਤਾ। ਰੇਅਬੋਲਡ ਦਾ ਅਸਤੀਫਾ ਅਜਿਹੇ ਸਮੇਂ ਆਇਆ ਹੈ ਜਦੋਂ ਇਹ ਸਵਾਲ ਪੁੱਛੇ ਜਾ ਰਹੇ ਹਨ ਕਿ ਜਦੋਂ ਉਹ ਨਿਆਂ ਮੰਤਰੀ ਤੇ ਅਟਾਰਨੀ ਜਨਰਲ ਸੀ ਤਾਂ ਕੀ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਟਰੂਡੋ ਜਾਂ ਉਨ੍ਹਾਂ ਦੇ ਦਫਤਰ ਦੇ ਕਿਸੇ ਅਧਿਕਾਰੀ ਨੇ ਉਨ੍ਹਾਂ ਉੱਤੇ ਮਾਮਲੇ ਨੂੰ ਰਫਾ ਦਫਾ ਕਰਨ ਲਈ ਦਬਾਅ ਪਾਇਆ ਸੀ।ઠਵੈਟਰਨਜ਼ ਅਫੇਅਰਜ਼ ਮੰਤਰੀ ਵਜੋਂ ਆਪਣੇ ਅਸਤੀਫੇ ਵਿੱਚ ਰੇਅਬੋਲਡ ਨੇ ਲਿਖਿਆ ਕਿ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਦੇ ਸਾਬਕਾ ਜੱਜ ਥਾਮਸ ਕਰੌਮਵੈੱਲ ਤੋਂ ਇਸ ਮਾਮਲੇ ਵਿੱਚ ਸਲਾਹ ਲਈ ਜਾ ਰਹੀ ਹੈ ਕਿ ਉਹ ਇਸ ਘਪਲੇ ਬਾਰੇ ਜਨਤਕ ਤੌਰ ਉੱਤੇ ਬੋਲਣ ਜਾਂ ਨਾ, ਕਿਉਂਕਿ ਪਿਛਲੇ ਹਫਤੇ ਤੋਂ ਜਦੋਂ ਤੋਂ ਇਹ ਖਬਰ ਸਾਹਮਣੇ ਆਈ ਹੈ ਤਾਂ ਉਨ੍ਹਾਂ ਉੱਤੇ ਅਜਿਹਾ ਕਰਨ ਲਈ ਚੁਫੇਰਿਓਂ ਦਬਾਅ ਪਾਇਆ ਜਾ ਰਿਹਾ ਹੈ।ઠਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਖੁਲਾਸੇ ਹੋਏ ਸਨ ਕਿ ਲਿਬਰਲ ਸਰਕਾਰ ਨੇ ਦਰਅਸਲ ਆਪਣੀ ਇਸ ਚਹੇਤੀ ਕੰਪਨੀ ਨੂੰ ਲਾਭ ਦੇਣ ਲਈ ਅਟਾਰਨੀ ਜਨਰਲ ਉੱਤੇ ਦਬਾਅ ਪਾ ਕੇ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।
ਟਰੂਡੋ ਨੂੰ ਕਰਨਾ ਪੈ ਰਿਹਾ ਹੈ ਨੁਕਤਾਚੀਨੀ ਦਾ ਸਾਹਮਣਾ
ਓਟਵਾ: ਜੋਡੀ ਵਿਲਸਨ ਰੇਅਬੋਲਡ ਤੋਂ ਅਸਤੀਫੇ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਨੁਕਤਾਚਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੱਝ ਲਿਬਰਲਾਂ ਵਲੋਂ ਰੇਅਬੋਲਡ ਨੂੰ ਬਹੁਤ ਹੀ ਹਿੰਮਤ ਵਾਲੀ ਤੇ ਮਜ਼ਬੂਤ ਮਹਿਲਾ ਦੱਸਿਆ ਜਾ ਰਿਹਾ ਹੈ। ਲਿਬਰਲ ਸਟਾਫ ਅਤੇ ਐਮਪੀਜ਼ ਜਿੱਥੇ ਆਪਣੇ ਸਵਾਲਾਂ ਦੇ ਜਵਾਬ ਹਾਸਲ ਕਰਨਾ ਚਾਹੁੰਦੇ ਹਨ ਉੱਥੇ ਹੀ ਇੰਡੀਜੀਨਸ ਆਗੂ ਟਰੂਡੋ ਉੱਤੇ ਨਸਲਵਾਦ ਦਾ ਦੋਸ਼ ਲਾ ਰਹੇ ਹਨ।ઠਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਕੁੱਝ ਵੀ ਗਲਤ ਨਹੀਂ ਵਾਪਰਿਆ ਹੈ ਤੇ ਉਨ੍ਹਾਂ ਆਖਿਆ ਕਿ ਜੇ ਰੇਅਬੋਲਡ ਨੂੰ ਕੋਈ ਦਬਾਅ ਮਹਿਸੂਸ ਹੋ ਰਿਹਾ ਸੀ ਤਾਂ ਉਸ ਨੂੰ ਉਨ੍ਹਾਂ ਨੂੰ ਪਹਿਲਾਂ ਹੀ ਦੱਸਣਾ ਚਾਹੀਦਾ ਸੀ।