ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਮੇਅਰ ਦੀ ਦੌੜ ਵਿੱਚ ਖੜ੍ਹੇ ਹੋਣ ਦਾ ਐਲਾਨ ਕਰ ਚੁੱਕੇ ਉਮੀਦਵਾਰ ਰਸਮੀ ਤੌਰ ਉੱਤੇ ਮੇਅਰ ਦੀ ਮੁਹਿੰਮ ਦੀ ਸ਼ੁਰੂਆਤ ਕਰ ਚੁੱਕੇ ਹਨ। ਸਿਟੀ ਹਾਲ ਵਿੱਚ ਲੰਘੇ ਸੋਮਵਾਰ ਦਾ ਦਿਨ ਕਾਫੀ ਰੁਝੇਵਿਆਂ ਭਰਿਆ ਰਹਿਣ ਵਾਲਾ ਹੈ। ਮੇਅਰ ਦੇ ਅਹੁਦੇ ਲਈ ਖੜ੍ਹੇ ਹੋਣ ਵਾਲੇ ਉਮੀਦਵਾਰ ਹੁਣ ਜਲਦੀ ਤੋਂ ਜਲਦੀ ਇਸ ਸਬੰਧ ਵਿੱਚ ਕਾਗਜ਼ਾਤ ਜਮ੍ਹਾਂ ਕਰਵਾ ਕੇ ਇਸ ਨੂੰ ਰਸਮੀ ਤੌਰ ਉੱਤੇ ਕਾਰਗਰ ਬਣਾਉਣਾ ਚਾਹੁੰਦੇ ਹਨ। ਮੇਅਰ ਦੇ ਅਹੁਦੇ ਲਈ ਜ਼ਿਮਨੀ ਚੋਣ ਵਾਸਤੇ ਨਾਮਜ਼ਦਗੀਆਂ ਦਾਖਲ ਕਰਨ ਦਾ ਕੰਮ ਸਵੇਰੇ 8:30 ਵਜੇ ਤੋਂ ਸ਼ੁਰੂ ਹੋ ਜਾਵੇਗਾ। ਸਾਬਕਾ ਕਾਊਂਸਲਰ ਐਨਾ ਬਾਇਲਾਓ ਦਾ ਕਹਿਣਾ ਹੈ ਕਿ ਉਹ ਉਮੀਦਵਾਰ ਵਜੋਂ ਸਵੇਰੇ 8:30 ਵਜੇ ਆਪਣਾ ਨਾਂ ਰਜਿਸਟਰ ਕਰਾਵੇਗੀ।
ਬਾਇਲਾਓ ਦੇ ਨਾਲ ਚੋਣ ਮੈਦਾਨ ਵਿੱਚ ਟੋਰਾਂਟੋ ਦੇ ਸਾਬਕਾ ਪੁਲਿਸ ਚੀਫ ਮਾਰਕ ਸਾਂਡਰਸ ਵੀ ਆਪਣੀ ਨਾਮਜ਼ਦਗੀ ਦਾਖਲ ਕਰਨਗੇ। ਕਾਊਂਸਲਰ ਬ੍ਰੈਡ ਬ੍ਰੈਡਫੋਰਡ ਨੇ ਆਖਿਆ ਕਿ ਉਹ ਸਵੇਰੇ ਤੜ੍ਹਕੇ ਹੀ ਸਿਟੀ ਹਾਲ ਪਹੁੰਚ ਜਾਣਗੇ ਤੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਕਾਊਂਸਲਰ ਜੋਸ਼ ਮੈਟਲੋਅ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਨਾਮਜ਼ਦਗੀ ਕਾਗਜ਼ ਦਾਖਲ ਕਰਨ ਲਈ ਸਵੇਰੇ 9:30 ਵਜੇ ਦੀ ਅਪੁਆਇੰਟਮੈਂਟ ਮਿਲੀ ਹੈ। ਓਨਟਾਰੀਓ ਦੀ ਲਿਬਰਲ ਐਮਪੀਪੀ ਮਿਤਜ਼ੀ ਹੰਟਰ ਨੇ ਪਹਿਲਾਂ ਸੋਮਵਾਰ ਨੂੰ ਉਮੀਦਵਾਰ ਵਜੋਂ ਖੁਦ ਨੂੰ ਰਜਿਸਟਰ ਕਰਵਾਉਣ ਦੀ ਆਪਣੀ ਮੰਸ਼ਾਂ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਉਨ੍ਹਾਂ ਆਖਿਆ ਕਿ ਇਸ ਪ੍ਰੋਕਿਰਿਆ ਦੌਰਾਨ ਉਹ ਪਹਿਲਾਂ ਪ੍ਰੋਵਿੰਸ਼ੀਅਲ ਵਿਧਾਨਸਭਾ ਦੀ ਆਪਣੀ ਸੀਟ ਤੋਂ ਅਸਤੀਫਾ ਦੇਣਾ ਚਾਹੁੰਦੀ ਹੈ।
ਅੰਦਾਜ਼ਨ ਛੇ ਹਫਤੇ ਪਹਿਲਾਂ ਸਾਬਕਾ ਮੇਅਰ ਜੌਹਨ ਟੋਰੀ ਵੱਲੋਂ ਅਚਾਨਕ ਆਪਣੇ ਅਹੁਦੇ ਤੋਂ ਅਤਸੀਫਾ ਦੇਣ ਤੋਂ ਬਾਅਦ ਪਿਛਲੇ ਹਫਤੇ ਬੁੱਧਵਾਰ ਨੂੰ ਸਿਟੀ ਕਾਊਂਸਲ ਨੇ ਰਸਮੀ ਤੌਰ ਉੱਤੇ ਮੇਅਰ ਦੇ ਅਹੁਦੇ ਨੂੰ ਖਾਲੀ ਐਲਾਨ ਦਿੱਤਾ ਸੀ। 12 ਮਈ ਨੂੰ ਮੇਅਰ ਦੇ ਅਹੁਦੇ ਲਈ ਨਾਮਜ਼ਦਗੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਐਡਵਾਂਸ ਪੋਲ 8 ਤੋਂ 13 ਜੂਨ ਨੂੰ ਕਰਵਾਈਆਂ ਜਾਣਗੀਆਂ ਤੇ ਜ਼ਿਮਨੀ ਚੋਣਾਂ 26 ਜੂਨ ਨੂੰ ਹੋਣੀਆਂ ਤੈਅ ਹੋਈਆਂ ਹਨ।