Breaking News
Home / ਪੰਜਾਬ / ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਉੋਮਰਾਨੰਗਲ ਨੂੰ ਮਿਲੀ ਜ਼ਮਾਨਤ

ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਉੋਮਰਾਨੰਗਲ ਨੂੰ ਮਿਲੀ ਜ਼ਮਾਨਤ

ਫ਼ਰੀਦਕੋਟ : ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ 18 ਫਰਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਸਥਾਨਕ ਸੈਸ਼ਨ ਜੱਜ ਹਰਪਾਲ ਸਿੰਘ ਨੇ 50 ਹਜ਼ਾਰ ਰੁਪਏ ਦਾ ਮੁਚੱਲਕਾ ਭਰਵਾ ਕੇ ਜ਼ਮਾਨਤ ‘ਤੇ ਰਿਹਾਅ ਕਰਨ ਦਾ ਹੁਕਮ ਦਿੱਤਾ। ਦੱਸਣਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਉਮਰਾਨੰਗਲ ਖ਼ਿਲਾਫ਼ 7 ਅਗਸਤ 2018 ਨੂੰ ਅ/ਧ 307, 323, 341, 201, 218, 120 ਬੀ/34 ਅਤੇ ਅਸਲਾ ਐਕਟ ਤਹਿਤ ਪਰਚਾ ਦਰਜ ਕੀਤਾ ਸੀ। ਆਈ.ਜੀ. ਉਮਰਾਨੰਗਲ ਪਟਿਆਲਾ ਜੇਲ੍ਹ ਵਿੱਚ ਨਜ਼ਰਬੰਦ ਸਨ। ਉਮਰਾਨੰਗਲ ਵੱਲੋਂ ਪੇਸ਼ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸੰਤਪਾਲ ਸਿੰਘ ਸਿੱਧੂ ਅਤੇ ਗੁਰਸਾਹਿਬ ਸਿੰਘ ਬਰਾੜ ਨੇ ਕਿਹਾ ਕਿ ਆਈ.ਜੀ. ਉਮਰਾਨੰਗਲ ਦਾ ਕੋਟਕਪੂਰਾ ਗੋਲੀ ਕਾਂਡ ਨਾਲ ਕੋਈ ਸਬੰਧ ਨਹੀਂ ਹੈ। ਆਈ.ਜੀ. ਉਮਰਾਨੰਗਲ ਡੀ.ਜੀ.ਪੀ. ਦੇ ਹੁਕਮਾਂ ‘ਤੇ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਮੌਕੇ ‘ਤੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਕੋਟਕਪੂਰਾ ਵਿੱਚ ਧਾਰਾ 144 ਲੱਗੀ ਹੋਣ ਦੇ ਬਾਵਜੂਦ ਸੈਂਕੜੇ ਹਥਿਆਰਬੰਦ ਲੋਕਾਂ ਦਾ ਇਕੱਠ ਸੀ। ਉਨ੍ਹਾਂ ਕਿਹਾ ਕਿ ਗੋਲੀ ਕਿਸੇ ਰੰਜਿਸ਼ ਤਹਿਤ ਨਹੀਂ ਚਲਾਈ ਗਈ ਸੀ। ਅਦਾਲਤ ਵਿੱਚ 45 ਪੁਲਿਸ ਮੁਲਾਜ਼ਮਾਂ ਦੀਆਂ ਮੈਡੀਕਲ ਰਿਪੋਰਟਾਂ ਵੀ ਪੇਸ਼ ਕੀਤੀਆਂ ਗਈਆਂ, ਜੋ ਗੋਲੀ ਕਾਂਡ ਮੌਕੇ ਸਿੱਖ ਸੰਗਤ ਨਾਲ ਟਕਰਾਅ ਦੌਰਾਨ ਜ਼ਖ਼ਮੀ ਹੋ ਗਏ ਸਨ। ਅਦਾਲਤ ਨੇ ਗੋਲੀ ਕਾਂਡ ਦੀਆਂ ਸੀਸੀਟੀਵੀ ਫੁਟੇਜ ਵੇਖ ਕੇ ਕਿਹਾ ਹੈ ਕਿ ਪੁਲਿਸ ਦੇ ਵਾਹਨਾਂ ਉੱਪਰ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਹਮਲਾ ਕੀਤਾ ਗਿਆ ਸੀ। ਅਦਾਲਤ ਵਿੱਚ ਪੇਸ਼ ਹੋਏ ਰਿਕਾਰਡ ਤੋਂ ਇਹ ਵੀ ਤੱਥ ਸਾਹਮਣੇ ਆਇਆ ਹੈ ਕਿ 13 ਅਕਤੂਬਰ 2015 ਦੀ ਰਾਤ ਨੂੰ ਛੇ ਪੁਲਿਸ ਅਧਿਕਾਰੀਆਂ ਸਮੇਤ ਡੀਆਈਜੀ ਜਤਿੰਦਰ ਜੈਨ, ਏਡੀਜੀਪੀ ਰੋਹਿਤ ਚੌਧਰੀ ਵੀ ਡੀਜੀਪੀ ਦੇ ਹੁਕਮਾਂ ‘ਤੇ ਮੌਕੇ ‘ਤੇ ਹਾਜ਼ਰ ਸਨ ਅਤੇ ਉਹ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਰਹੇ ਸਨ। ਅਦਾਲਤ ਨੇ ਆਪਣੇ ਹੁਕਮ ਵਿੱਚ ਸਪੱਸ਼ਟ ਕੀਤਾ ਕਿ ਸ਼ਿਕਾਇਤਕਰਤਾ ਅਜੀਤ ਸਿੰਘ ਨੂੰ ਕਿਸ ਹਥਿਆਰ ਨਾਲ ਗੋਲੀ ਮਾਰੀ ਗਈ, ਇਹ ਵੀ ਅਜੇ ਤੱਕ ਸਪੱਸ਼ਟ ਨਹੀਂ ਹੋਇਆ।
ਉਮਰਾਨੰਗਲ ਪਟਿਆਲਾ ਜੇਲ੍ਹ ਵਿਚੋਂ ਰਿਹਾਅ
ਪਟਿਆਲਾ : ਕੋਟਕਪੂਰਾ ਗੋਲੀ ਕਾਂਡ ਸਬੰਧੀ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਪੰਜਾਬ ਪੁਲਿਸ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਜ਼ਮਾਨਤ ਮਿਲਣ ਮਗਰੋਂ ਸੋਮਵਾਰ ਸ਼ਾਮ ਨੂੰ ਇੱਥੋਂ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪਰਿਵਾਰਕ ਮੈਂਬਰ ਲੈਣ ਆਏ ਸਨ। ਉਮਰਾਨੰਗਲ ਨੂੰ 18 ਫਰਵਰੀ ਨੂੰ ਚੰਡੀਗੜ੍ਹ ਸਥਿਤ ਪੁਲਿਸ ਹੈੱਡਕੁਆਰਟਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜੇਲ੍ਹ ਵਿਚ ਆਉਣ ਮਗਰੋਂ ਸਰਕਾਰ ਨੇ ਉਮਰਾਨੰਗਲ ਨੂੰ ਆਈ.ਜੀ. ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਸੀ। ਪਟਿਆਲਾ ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਦਾਲਤੋਂ ਆਏ ਹੁਕਮਾਂ ਤਹਿਤ ਪਰਮਰਾਜ ਸਿੰਘ ਉਮਰਾਨੰਗਲ ਨੂੰ ਰਿਹਾਅ ਕਰ ਦਿੱਤਾ ਗਿਆ। ਜੇਲ੍ਹ ਵਿਚੋਂ ਨਿਕਲਣ ਤੋਂ ਬਾਅਦ ਉਮਰਾਨੰਗਲ ਨੇ ਪਰਿਵਾਰ ਸਮੇਤ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ।

Check Also

ਭਾਜਪਾ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ 12ਵੀਂ ਸੂਚੀ ਕੀਤੀ ਜਾਰੀ

ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਅਤੇ ਹੁਸ਼ਿਆਰਪੁਰ ਤੋਂ ਅਨੀਤਾ ਸੋਮਪ੍ਰਕਾਸ਼ ਨੂੰ ਬਣਾਇਆ ਉਮੀਦਵਾਰ ਨਵੀਂ ਦਿੱਲੀ/ਬਿਊਰੋ …