ਕਾਂਗਰਸ ਪਾਰਟੀ ਦੀਆਂ 22 ਸੀਟਾਂ ’ਤੇ ਅਤੇ ਭਾਜਪਾ ਦੀਆਂ 6 ਸੀਟਾਂ ’ਤੇ ਰੇੜਕਾ ਬਰਕਰਾਰ
ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਅੱਜ ਭਾਰਤੀ ਜਨਤਾ ਪਾਰਟੀ ਨੇ 62 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ, ਜਿਨ੍ਹਾਂ ਵਿਚ 5 ਮਹਿਲਾ ਉਮੀਦਵਾਰ ਸ਼ਾਮਲ ਹਨ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ 10 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਹੈ ਜਦਕਿ 6 ਸੀਟਾਂ ’ਤੇ ਹਾਲੇ ਰੇੜਕਾ ਬਰਕਰਾਰ ਹੈ। ਉਧਰ ਕਾਂਗਰਸ ਪਾਰਟੀ ਨੇ 46 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਅਤੇ 22 ਸੀਟਾਂ ’ਤੇ ਕਾਂਗਰਸ ਅੰਦਰ ਵੀ ਰੇੜਕਾ ਚੱਲ ਰਿਹਾ ਹੈ। ਟਿਕਟ ਕੱਟੇ ਜਾਣ ਤੋਂ ਬਾਅਦ ਭਾਜਪਾ ਵਿਧਾਇਕਾਂ ਦੇ ਘਰਾਂ ’ਤੇ ਉਨ੍ਹਾਂ ਸਮਰਥਕ ਵੱਡੀ ਗਿਣਤੀ ਵਿਚ ਪਹੁੰਚੇ ਅਤੇ ਉਨ੍ਹਾਂ ਭਾਜਪਾ ਲੀਡਰਸ਼ਿਪ ਨੂੰ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੇ ਜਾਣ ਦੇ ਮੁੱਦੇ ’ਤੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ। ਜਦਕਿ ਕਈ ਵਿਧਾਇਕਾਂ ਦੇ ਸਮਰਥਕਾਂ ਨੇ ਕਿਹਾ ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਉਹ ਆਉਂਦੇ ਦਿਨਾਂ ’ਚ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦੇਣਗੇ। ਹੁਣ ਦੇਖਣਾ ਇਹ ਹੈ ਕਿ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਅੰਦਰ ਪੈਦਾ ਹੋਏ ਕਲੇਸ਼ ਦਾ ਫਾਇਦਾ ਕਿਸ ਪਾਰਟੀ ਨੂੰ ਮਿਲਦਾ ਹੈ। ਉਧਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀਆਂ ਚੋਣਾਂ ਦੌਰਾਨ ਪ੍ਰਧਾਨਗੀ ਦੀ ਸੀਟ ਆਮ ਆਦਮੀ ਪਾਰਟੀ ਨੂੰ ਮਿਲਣ ਦਾ ਅਸਰ ਵੀ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ’ਤੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ।