0.9 C
Toronto
Thursday, November 27, 2025
spot_img
Homeਭਾਰਤਭਾਜਪਾ 'ਚ ਸ਼ਾਮਲ ਨਹੀਂ ਹੋਵਾਂਗਾ : ਗੁਲਾਮ ਨਬੀ ਆਜ਼ਾਦ

ਭਾਜਪਾ ‘ਚ ਸ਼ਾਮਲ ਨਹੀਂ ਹੋਵਾਂਗਾ : ਗੁਲਾਮ ਨਬੀ ਆਜ਼ਾਦ

ਰਾਹੁਲ ਗਾਂਧੀ ਦੀ ਸਿਆਸਤ ‘ਚ ਦਿਲਚਸਪੀ ਨਾ ਹੋਣ ਦਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੂੰ ਇਲਾਜ ਲਈ ਦੁਆ ਦੀ ਨਹੀਂ ਦਵਾਈ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਦਵਾਈਆਂ ਡਾਕਟਰਾਂ ਦੀ ਬਜਾਏ ਕੰਪਾਊਂਡਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਲੀਡਰਸ਼ਿਪ ‘ਤੇ ਆਰੋਪ ਲਾਇਆ ਕਿ ਉਸ ਕੋਲ ਪਾਰਟੀ ਨੂੰ ਲੀਹ ‘ਤੇ ਲਿਆਉਣ ਦਾ ਸਮਾਂ ਨਹੀਂ ਹੈ ਅਤੇ ਰਾਹੁਲ ਗਾਂਧੀ ਦੀ ਸਿਆਸਤ ‘ਚ ਦਿਲਚਸਪੀ ਦਿਖਾਈ ਨਹੀਂ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਰਾਹੁਲ ਨੂੰ ਲੀਡਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਕਾਂਗਰਸ ਪਾਰਟੀ ਛੱਡਣ ਮਗਰੋਂ ਆਪਣੀ ਰਿਹਾਇਸ਼ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਜ਼ਾਦ ਨੇ ਆਰੋਪ ਲਾਇਆ ਕਿ ਸੂਬਿਆਂ ‘ਚ ਜਿਹੜੇ ਆਗੂਆਂ ਨੂੰ ਥੋਪਿਆ ਜਾ ਰਿਹਾ ਹੈ, ਉਨ੍ਹਾਂ ਨਾਲ ਕਾਂਗਰਸ ਇਕਜੁੱਟ ਹੋਣ ਦੀ ਬਜਾਏ ਖਿੰਡਦੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਭਾਜਪਾ ‘ਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਜੰਮੂ ਕਸ਼ਮੀਰ ‘ਚ ਉਨ੍ਹਾਂ ਦੀ ਸਿਆਸਤ ਨੂੰ ਕੋਈ ਸਹਾਇਤਾ ਨਹੀਂ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ‘ਚ ਕਿਸੇ ਵੀ ਸਮੇਂ ਵਿਧਾਨ ਸਭਾ ਚੋਣਾਂ ਕਰਾਉਣ ਦਾ ਐਲਾਨ ਹੋ ਸਕਦਾ ਹੈ ਅਤੇ ਉਹ ਛੇਤੀ ਹੀ ਆਪਣੀ ਪਾਰਟੀ ਬਣਾਉਣਗੇ। ‘ਭਾਜਪਾ ਨਾਲ ਰਲਣ ਸਬੰਧੀ ਜਿਹੜੇ ਕੂੜ ਪ੍ਰਚਾਰ ਫੈਲਾ ਰਹੇ ਹਨ, ਉਹ ਭਾਜਪਾ ਦੇ ਹੱਥਾਂ ‘ਚ ਖੇਡ ਰਹੇ ਹਨ ਅਤੇ ਕਾਂਗਰਸ ਵੱਲੋਂ ਮੇਰੇ ਖਿਲਾਫ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ।’ ਚੋਣਾਂ ਤੋਂ ਬਾਅਦ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਕਈ ਹੋਰ ਪਾਰਟੀਆਂ ਹਨ, ਜਿਨ੍ਹਾਂ ਨਾਲ ਨਵੀਂ ਪਾਰਟੀ ਰਲ ਸਕਦੀ ਹੈ।
ਆਜ਼ਾਦ ਨੇ ਕਿਹਾ, ”ਕਾਂਗਰਸ ਦੀ ਨੀਂਹ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਹੈ ਅਤੇ ਸੰਗਠਨ ਕਿਸੇ ਸਮੇਂ ਵੀ ਡਿੱਗ ਸਕਦਾ ਹੈ। ਇਸੇ ਕਰ ਕੇ ਮੈਂ ਅਤੇ ਕੁਝ ਹੋਰ ਆਗੂਆਂ ਨੇ ਪਾਰਟੀ ਨੂੰ ਹੁਣੇ ਛੱਡਣ ਦਾ ਫ਼ੈਸਲਾ ਲਿਆ ਹੈ।” ਉਨ੍ਹਾਂ ਕਿਹਾ ਕਿ ਉਹ ਕਾਂਗਰਸ ‘ਤੇ ਆਪਣੇ ਹਮਲੇ ਜਾਰੀ ਰਖਣਗੇ ਅਤੇ ਜੰਮੂ ਕਸ਼ਮੀਰ ‘ਚ ਕਾਂਗਰਸ ਦੇ ਛੇ ਸਾਬਕਾ ਵਿਧਾਇਕਾਂ ‘ਚੋਂ ਪੰਜ ਉਨ੍ਹਾਂ ਨਾਲ ਰਲ ਗਏ ਹਨ।
ਨਰਿੰਦਰ ਮੋਦੀ ਨੇ ਮਾਨਵਤਾ ਦਿਖਾਈ ਸੀ: ਆਜ਼ਾਦ
ਕਾਂਗਰਸ ਪਾਰਟੀ ਛੱਡਣ ਵਾਲੇ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਉਹ ਸਮਝਦੇ ਸਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਰੁੱਖੇ ਬੰਦੇ’ ਹਨ ਪਰ ਉਨ੍ਹਾਂ ਰਾਜ ਸਭਾ ‘ਚ ਮੇਰੇ ਵਿਦਾਇਗੀ ਭਾਸ਼ਣ ਸਮੇਂ ਜਦੋਂ ਦਹਿਸ਼ਤੀ ਘਟਨਾ ਨੂੰ ਚੇਤੇ ਕੀਤਾ ਸੀ ਤਾਂ ਉਨ੍ਹਾਂ ਦੀ ਮਾਨਵਤਾ ਨਜ਼ਰ ਆਈ ਸੀ। ਆਜ਼ਾਦ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਭਾਵੁਕ ਭਾਸ਼ਣ ਨੂੰ ਕੁਝ ‘ਅਨਪੜ੍ਹ’ ਕਾਂਗਰਸੀਆਂ ਨੇ ਵੱਖਰਾ ਰੂਪ ਦੇ ਦਿੱਤਾ ਸੀ ਅਤੇ ਪ੍ਰਧਾਨ ਮੰਤਰੀ ਵੱਲੋਂ ਸਦਨ ‘ਚ ਪ੍ਰਗਟਾਏ ਗਏ ਜਜ਼ਬਾਤ ਇਕ-ਦੂਜੇ ਲਈ ਨਹੀਂ ਸਗੋਂ ਹਾਦਸੇ ਬਾਰੇ ਸਨ। ‘ਮੈਂ ਸਮਝਦਾ ਸੀ ਕਿ ਮੋਦੀ ਖਰਵੇ ਬੰਦੇ ਹਨ ਕਿਉਂਕਿ ਉਨ੍ਹਾਂ ਦੇ ਬੱਚੇ ਨਹੀਂ ਹਨ ਅਤੇ ਆਪਣਾ ਪਰਿਵਾਰ ਨਹੀਂ ਹੈ। ਉਹ ਬੇਪ੍ਰਵਾਹ ਹਨ ਪਰ ਉਨ੍ਹਾਂ ਮਾਨਵਤਾ ਦਿਖਾਈ ਸੀ।’ ਰਾਜ ਸਭਾ ‘ਚ ਮੋਦੀ ਦੇ ਹੰਝੂ ਨਿਕਲਣ ਦੀ ਘਟਨਾ ਨੂੰ ਚੇਤੇ ਕਰਦਿਆਂ ਆਜ਼ਾਦ ਨੇ ਕਿਹਾ ਕਿ ਉਹ ਵੀ ਮੰਦਭਾਗੀ ਘਟਨਾ ਨੂੰ ਸੁਣ ਕੇ ਅਤੇ ਉਨ੍ਹਾਂ ਵੱਲੋਂ ਭਰੇ ਹੁੰਗਾਰੇ ਨੂੰ ਦੇਖ ਕੇ ਰੋ ਪਏ ਸਨ। ਰਾਹੁਲ ਗਾਂਧੀ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਹ ਰਾਹੁਲ ਸੀ ਜਿਸ ਨੇ ਸੰਸਦ ‘ਚ ਮੋਦੀ ਨੂੰ ਗਲਵੱਕੜੀ ਪਾਈ ਸੀ।

RELATED ARTICLES
POPULAR POSTS