ਰਾਹੁਲ ਨੇ ਪਾਰਟੀ ਵਲੋਂ ਦਿੱਤੀ ਕਿਸੇ ਵੀ ਜ਼ਿੰਮੇਵਾਰੀ ਨੂੰ ਸੰਭਾਲਣ ਦੀ ਭਰੀ ਹਾਮੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੇ ਕੁਝ ਨਰਾਜ਼ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਪਾਰਟੀ ਆਗੂ ਰਾਹੁਲ ਗਾਂਧੀ ਨੇ ਪਾਰਟੀ ਦੀ ਇੱਛਾ ਮੁਤਾਬਿਕ ਕੰਮ ਕਰਨ ‘ਤੇ ਹਾਮੀ ਭਰ ਦਿੱਤੀ ਹੈ। ਰਾਹੁਲ ਗਾਂਧੀ ਵਲੋਂ ਭਰੀ ਹਾਮੀ ਤੋਂ ਬਾਅਦ ਮੀਟਿੰਗ ‘ਚ ਮੌਜੂਦ ਸਾਰੇ ਆਗੂਆਂ ਨੇ ਤਾੜੀਆਂ ਵਜਾ ਕੇ ਸਵਾਗਤ ਕੀਤਾ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਛੇਤੀ ਹੀ ਉਨ੍ਹਾਂ ਨੂੰ ਮੁੜ ਪਾਰਟੀ ਪ੍ਰਧਾਨ ਬਣਾਇਆ ਜਾ ਸਕਦਾ ਹੈ। ਸੋਨੀਆ ਗਾਂਧੀ ਵਲੋਂ ਸੱਦੀ ਗਈ ਇਸ ਮੀਟਿੰਗ ਨੂੰ ਮੀਟਿੰਗਾਂ ਦੀ ਲੜੀ ਦਾ ਪਹਿਲਾ ਹਿੱਸਾ ਕਰਾਰ ਦਿੱਤਾ ਜਾ ਰਿਹਾ ਹੈ, ਜੋ ਕਿ 23 ਅਸੰਤੁਸ਼ਟ ਆਗੂਆਂ ਵਲੋਂ ਪਾਰਟੀ ਪੱਧਰ ‘ਤੇ ਬਦਲਾਅ ਦੀ ਮੰਗ ਕਰਨ ਤੋਂ ਚਾਰ ਮਹੀਨੇ ਬਾਅਦ ਸੱਦੀ ਗਈ ਹੈ। ਤਕਰੀਬਨ 5 ਘੰਟੇ ਚੱਲੀ ਇਸ ਮੀਟਿੰਗ ਤੋਂ ਬਾਅਦ ਸੀਨੀਅਰ ਨੇਤਾ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਮੀਟਿੰਗ ‘ਚ ਮੌਜੂਦ ਨੇਤਾਵਾਂ ਵਲੋਂ ਰਾਹੁਲ ਗਾਂਧੀ ਨੂੰ ਮੁੜ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਦੀ ਮੰਗ ਉੱਠਣ ‘ਤੇ ਉਨ੍ਹਾਂ ਕਿਹਾ ਕਿ ਉਹ ਪਾਰਟੀ ਲਈ ਉਹ ਕੰਮ ਕਰਨ ਨੂੰ ਤਿਆਰ ਹਨ ਜੋ ਸਾਰੇ ਚਾਹੁੰਦੇ ਹਨ। ਬੈਠਕ ‘ਚ ਹਿੱਸਾ ਲੈਣ ਵਾਲੇ ਆਗੂਆਂ ‘ਚ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ, ਰਾਜ ਸਭਾ ਮੈਂਬਰ ਗੁਲਾਮ ਨਬੀ ਆਜ਼ਾਦ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ, ਅਨੰਦ ਸ਼ਰਮਾ, ਅੰਬਿਕਾ ਸੋਨੀ ਅਤੇ ਏ.ਕੇ.ਐਂਟਨੀ ਸ਼ਾਮਿਲ ਸਨ। ਬਾਗ਼ੀ ਆਗੂਆਂ ਨੇ ਰਾਹੁਲ ਦੇ ਨਾਂ ‘ਤੇ ਸਹਿਮਤੀ ਪ੍ਰਗਟਾਉਣ ਦੇ ਨਾਲ ਆਪਣੀ ਮੰਗ ਦੁਹਰਾਉਂਦਿਆਂ ਕਾਂਗਰਸ ਪ੍ਰਧਾਨ, ਕਾਂਗਰਸ ਵਰਕਿੰਗ ਕਮੇਟੀ ਅਤੇ ਸੰਸਦੀ ਬੋਰਡ ਲਈ ਚੋਣ ਦੀ ਮੰਗ ਕੀਤੀ। ਪ੍ਰਿਅੰਕਾ ਗਾਂਧੀ ਜੋ ਕਿ ਉੱਤਰ ਪ੍ਰਦੇਸ਼ ਦੀ ਜਨਰਲ ਸਕੱਤਰ ਇੰਚਾਰਜ ਹਨ, ਨੇ ਕਾਰਜਕਰਤਾਵਾਂ ਨਾਲ ਜੁੜਨ ਅਤੇ ਪਾਰਟੀ ‘ਚ ਬਿਹਤਰ ਅੰਦਰੂਨੀ ਸੰਵਾਦ ਦੀ ਲੋੜ ‘ਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2019 ‘ਚ ਮਿਲੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਮੁੜ ਪਾਰਟੀ ਦੀ ਕਮਾਨ ਸੰਭਾਲਣੀ ਪਈ ਸੀ ਹਾਲਾਂਕਿ ਪਾਰਟੀ ਦੇ ਸਾਰੇ ਫ਼ੈਸਲੇ ਰਾਹੁਲ ਗਾਂਧੀ ਵਲੋਂ ਹੀ ਲਏ ਜਾਂਦੇ ਹਨ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …