ਓਟਵਾ/ਬਿਊਰੋ ਨਿਊਜ਼ : ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਦਾ ਕਹਿਣਾ ਹੈ ਕਿ ਸਿਆਸਤਦਾਨਾਂ ਦੀ ਸਕਿਊਰਿਟੀ ਵਧਾਉਣ ਦੇ ਮਾਮਲੇ ਉੱਤੇ ਸਰਕਾਰ ਵਿਚਾਰ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਕਈ ਸਿਆਸਤਦਾਨਾਂ ਨੂੰ ਜਿਵੇਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਾਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਉਹ ਜਮਹੂਰੀਅਤ ਨੂੰ ਖਤਰੇ ਤੋਂ ਇਲਾਵਾ ਕੁੱਝ ਨਹੀਂ। ਉਨ੍ਹਾਂ ਇਹ ਵੀ ਆਖਿਆ ਕਿ ਜਿਵੇਂ ਸਕਿਊਰਿਟੀ ਵਾਲੇ ਹਾਲਾਤ ਗੁੰਝਲਦਾਰ ਹੁੰਦੇ ਜਾ ਰਹੇ ਹਨ, ਅਜਿਹੇ ਵਿੱਚ ਤਾਪਮਾਨ ਨੂੰ ਥੋੜ੍ਹਾ ਘੱਟ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਅਲਬਰਟਾ ਵਿੱਚ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਪ੍ਰੇਸ਼ਾਨ ਕੀਤੇ ਜਾਣ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਵੱਲੋਂ ਸਿਆਸਤਦਾਨਾਂ ਦੀ ਸਕਿਊਰਿਟੀ ਵਧਾਉਣ ਉੱਤੇ ਚਰਚਾ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿੱਚ ਇੱਕ ਵਿਅਕਤੀ ਗ੍ਰੈਂਡ ਪ੍ਰੇਰੀ, ਅਲਬਰਟਾ ਦੇ ਸਿਟੀ ਹਾਲ ਵਿੱਚ ਫਰੀਲੈਂਡ ਤੇ ਉਨ੍ਹਾਂ ਦੇ ਸਟਾਫ ਵੱਲੋਂ ਇੱਕ ਐਲੇਵੇਟਰ ਵਿੱਚ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਨੂੰ ਗਾਲਾਂ ਕੱਢਦਾ ਤੇ ਧਮਕੀਆਂ ਦਿੰਦਾ ਨਜ਼ਰ ਆ ਰਿਹਾ ਹੈ। ਮੈਂਡੀਸਿਨੋ ਨੇ ਆਖਿਆ ਕਿ ਮੰਤਰੀਆਂ ਨੂੰ ਇਸ ਤਰ੍ਹਾਂ ਤੰਗ ਪ੍ਰੇਸ਼ਾਨ ਕਰਨਾ ਤੇ ਧਮਕੀਆਂ ਦਿੱਤਾ ਜਾਣਾ ਪੱਖਪਾਤ ਵਾਲਾ ਮੁੱਦਾ ਨਹੀਂ ਹੈ। ਅਸੀਂ ਵੇਖ ਰਹੇ ਹਾਂ ਕਿ ਮਹਿਲਾਵਾਂ, ਹੋਰ ਨਸਲਾਂ ਨਾਲ ਸਬੰਧਤ ਕੈਨੇਡੀਅਨਜ਼ ਤੇ ਇੰਡੀਜੀਨਸ ਲੋਕਾਂ ਖਿਲਾਫ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਫਰੀਲੈਂਡ ਨਾਲ ਵਾਪਰੀ ਇਸ ਤਰ੍ਹਾਂ ਦੀ ਘਟਨਾ ਦੀ ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਨਿੰਦਾ ਕੀਤੀ ਗਈ ਤੇ ਕਈਆਂ ਨੇ ਤਾਂ ਖੁਦ ਨਾਲ ਵਾਪਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਵੀ ਦੱਸਿਆ। ਇਸ ਦੌਰਾਨ ਮਨਿਸਟਰ ਆਫ ਵੁਮਨ ਐਂਡ ਜੈਂਡਰ ਇਕੁਆਲਿਟੀ ਮਾਰਸੀ ਲੇਨ ਨੇ ਆਖਿਆ ਕਿ ਇਹ ਸੱਭ ਸੱਚਮੁੱਚ ਵਾਪਰ ਰਿਹਾ ਹੈ ਤੇ ਉਨ੍ਹਾਂ ਆਖਿਆ ਕਿ ਉਹ ਪਹਿਲਾਂ ਜਰਨਲਿਸਟ ਸੀ ਤੇ ਫਿਰ ਸੱਤਾ ਵਿੱਚ ਆਈ। ਦੋਵਾਂ ਖੇਤਰਾਂ ਵਿੱਚ ਹੀ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਮਨਿਸਟਰ ਆਫ ਫੈਮਿਲੀਜ਼, ਚਿਲਡਰਨ ਐਂਡ ਸੋਸਲ ਡਿਵੈਲਪਮੈਂਟ ਕਰੀਨਾ ਗੋਲਡ ਨੇ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਮਿਲਣ ਤੇ ਸਰਕਾਰ ਦੀ ਚਿੰਤਾ ਨੂੰ ਜਾਇਜ ਦੱਸਿਆ। ਉਨ੍ਹਾਂ ਆਖਿਆ ਕਿ ਬੜੇ ਦੁਖ ਵਾਲੀ ਗੱਲ ਹੈ ਕਿ ਸਾਨੂੰ ਕੈਨੇਡਾ ਵਰਗੇ ਦੇਸ਼ ਵਿੱਚ ਇਸ ਤਰ੍ਹਾਂ ਦੇ ਮੁੱਦੇ ਉੱਤੇ ਗੱਲ ਕਰਨੀ ਪੈ ਰਹੀ ਹੈ। ਸਾਬਕਾ ਫਿਸਰੀਜ, ਓਸਨਜ ਤੇ ਕੈਨੇਡੀਅਨ ਕੋਸਟ ਗਾਰਡ ਮੰਤਰੀ ਬਰਨਾਡੈਟ ਜੌਰਡਨ ਨੇ ਆਖਿਆ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਨੂੰ ਸਿਆਸਤਦਾਨਾਂ ਦੀ ਸਕਿਊਰਿਟੀ ਬਾਰੇ ਗੱਲ ਕਰਨੀ ਪੈ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਕੋਈ ਨਵਾਂ ਮੁੱਦਾ ਨਹੀਂ ਹੈ। ਪਿੱਛੇ ਜਿਹੇ ਹੋਈਆਂ ਫੈਡਰਲ ਚੋਣਾਂ ਵਿੱਚ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਕੀਤੇ ਜਾ ਰਹੇ ਇੱਕ ਕੈਂਪੇਨ ਈਵੈਂਟ ਦੌਰਾਨ ਉਨ੍ਹਾਂ ਉੱਤੇ ਬੱਜਰੀ ਸੁੱਟੀ ਗਈ ਸੀ। ਐਨਡੀਪੀ ਆਗੂ ਜਗਮੀਤ ਸਿੰਘ ਉੱਤੇ ਵੀ ਓਨਟਾਰੀਓ ਚੋਣ ਕੈਂਪੇਨ ਦੌਰਾਨ ਮੁਜਾਹਰਾਕਾਰੀਆਂ ਵੱਲੋਂ ਗਲਤ ਫਬਤੀਆਂ ਕੱਸੀਆਂ ਗਈਆਂ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …