ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿੱਚ ਕੋਵਿਡ-19 ਖਿਲਾਫ ਵੈਕਸੀਨੇਸ਼ਨ ਕਰਵਾਉਣ ਵਾਲੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਉਸ ਅੰਕੜੇ ਨਾਲੋਂ ਵੀ ਘੱਟ ਹੈ ਜਿਸ ਘੱਟ ਗਿਣਤੀ ਦੀ ਮਾਹਿਰਾਂ ਨੂੰ ਉਮੀਦ ਸੀ।
ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨ ਦੇ ਸੌਟਸ ਦੋ ਮਹੀਨੇ ਤੋਂ ਉਪਲਬਧ ਹਨ ਪਰ ਹੁਣ ਤੱਕ ਇਸ ਉਮਰ ਵਰਗ ਦੇ ਸਿਰਫ ਛੇ ਫੀਸਦੀ ਬੱਚਿਆਂ ਵੱਲੋਂ ਹੀ ਪਹਿਲੀ ਡੋਜ਼ ਲਗਵਾਈ ਗਈ ਹੈ। ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ. ਕੀਰਨ ਮੂਰ ਦਾ ਕਹਿਣਾ ਹੈ ਕਿ ਜਿੰਨੇ ਬੱਚਿਆਂ ਵੱਲੋਂ ਇਸ ਅਰਸੇ ਦੌਰਾਨ ਟੀਕੇ ਲਵਾਉਣ ਦੀ ਉਮੀਦ ਸੀ ਇਹ ਅੰਕੜੇ ਉਸ ਨਾਲੋਂ ਕਿਤੇ ਘੱਟ ਹਨ।
ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਛੇ ਤੋਂ ਚਾਰ ਸਾਲ ਉਮਰ ਵਰਗ ਦੇ ਬੱਚਿਆਂ ਨੂੰ ਮਾਪੇ ਵੱਧ ਤੋਂ ਵੱਧ ਇਹ ਟੀਕੇ ਲਵਾਉਣ। ਯੂਨੀਵਰਸਿਟੀ ਆਫ ਓਟਵਾ ਵਿੱਚ ਹੈਲਥ ਸਾਇੰਸਿਜ ਦੀ ਫੈਕਲਟੀ ਨਾਲ ਸਬੰਧਤ ਐਪਿਡੇਮੌਲੋਜਿਸਟ ਤੇ ਐਸੋਸਿਏਟ ਪ੍ਰੋਫੈਸਰ ਰੇਅਵਤ ਦਿਓਨੰਦਨ ਨੇ ਆਖਿਆ ਕਿ ਸਾਨੂੰ ਇਹ ਡਰ ਤਾਂ ਸੀ ਕਿ ਇਹ ਅੰਕੜੇ ਘੱਟ ਹੋਣਗੇ ਪਰ ਐਨੇ ਘੱਟ ਹੋਣਗੇ ਇਹ ਨਹੀਂ ਸੀ ਪਤਾ। ਉਨ੍ਹਾਂ ਆਖਿਆ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਗਲਤਫਹਿਮੀ ਹੈ ਕਿ ਮਹਾਂਮਾਰੀ ਮੁੱਕ ਚੁੱਕੀ ਹੈ ਤੇ ਜੇ ਬੱਚਿਆਂ ਨੂੰ ਕੋਵਿਡ-19 ਹੁੰਦਾ ਵੀ ਹੈ ਤਾਂ ਉਹ ਬਹੁਤਾ ਬਿਮਾਰ ਨਹੀਂ ਪੈਂਦੇ।