Breaking News
Home / ਜੀ.ਟੀ.ਏ. ਨਿਊਜ਼ / ਰੂਸ ਆਪਣੀ ਘਬਰਾਹਟ ਨੂੰ ਲੁਕਾਉਣ ਲਈ ਜੰਗ ਰੱਖਣੀ ਚਾਹੁੰਦਾ ਹੈ ਜਾਰੀ : ਟਰੂਡੋ

ਰੂਸ ਆਪਣੀ ਘਬਰਾਹਟ ਨੂੰ ਲੁਕਾਉਣ ਲਈ ਜੰਗ ਰੱਖਣੀ ਚਾਹੁੰਦਾ ਹੈ ਜਾਰੀ : ਟਰੂਡੋ

ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸ ਵੱਲੋਂ ਯੂਕਰੇਨ ਨਾਲ ਕੀਤੀ ਜਾ ਰਹੀ ਜੰਗ ਦੀ ਇੱਕ ਵਾਰੀ ਮੁੜ ਨਿਖੇਧੀ ਕਰਦਿਆਂ ਆਖਿਆ ਕਿ ਕਈ ਥਾਂਵਾਂ ਉੱਤੇ ਹੁਣ ਜਦੋਂ ਰੂਸ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ ਉਹ ਆਪਣੀ ਘਬਰਾਹਟ ਨੂੰ ਲੁਕਾਉਣ ਲਈ ਇਸ ਅਸਫਲ ਜੰਗ ਨੂੰ ਜਾਰੀ ਰੱਖ ਰਿਹਾ ਹੈ। ਦੁਨੀਆਂ ਭਰ ਤੋਂ ਆਏ ਆਗੂਆਂ ਵੱਲੋਂ ਇਸ ਜੰਗ ਦੀ ਨਿਖੇਧੀ ਕੀਤੀ ਗਈ।
ਸੰਯੁਕਤ ਰਾਸ਼ਟਰ ਦੇ ਆਪਣੇ ਦੋ ਰੋਜਾ ਦੌਰੇ ਨੂੰ ਸਮੇਟਦਿਆਂ ਟਰੂਡੋ ਨੇ ਆਪਣੀਆਂ ਰਵਾਇਤੀ ਤਰਜੀਹਾਂ ਵਾਲੇ ਏਜੰਡੇ ਜਿਵੇਂ ਕਿ ਕਲਾਈਮੇਟ ਚੇਂਜ, ਬਾਇਓਡਾਇਵਰਸਿਟੀ ਤੇ ਕੌਮਾਂਤਰੀ ਵਿਕਾਸ ਦੀ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਸਾਰਿਆਂ ਦਾ ਬਹੁਤਾ ਧਿਆਨ ਸੱਤ ਮਹੀਨੇ ਤੋਂ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਵੱਲ ਹੀ ਰਿਹਾ।
ਇਸ ਦੌਰਾਨ ਵੀਡੀਓ ਰਾਹੀਂ ਜਨਰਲ ਅਸੈਂਬਲੀ ਨੂੰ ਸੰਬੋਧਨ ਕਰ ਰਹੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜੈਲੈਂਸਕੀ ਨੇ ਇੱਕ ਵਾਰੀ ਫਿਰ ਕੌਮਾਂਤਰੀ ਭਾਈਚਾਰੇ ਨੂੰ ਰੂਸ ਨੂੰ ਸਜਾ ਦੇਣ ਤੇ ਇਸ ਨੂੰ ਅਲੱਗ ਥਲੱਗ ਕਰਨ ਲਈ ਦਬਾਅ ਪਾਇਆ।
ਇਸ ਤੋਂ ਇਲਾਵਾ ਜੈਲੈਂਸਕੀ ਨੇ ਆਖਿਆ ਕਿ ਬੁੱਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ ਖਿਲਾਫ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਦਿੱਤੀ ਗਈ ਧਮਕੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਰੂਸ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਇਸ ਦੌਰਾਨ ਕੀਤੀ ਗਈ ਨਿਊਜ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਹੁਣ ਜਦੋਂ ਪੁਤਿਨ ਨੂੰ ਕਿਸੇ ਪਾਸੇ ਤੋਂ ਸਫਲਤਾ ਨਹੀਂ ਮਿਲ ਰਹੀ ਤਾਂ ਉਹ ਇਸ ਤਰ੍ਹਾਂ ਦੀਆਂ ਖਤਰਨਾਕ ਧਮਕੀਆਂ ਦੇਣ ਉੱਤੇ ਉਤਾਰੂ ਹੈ।
ਉਨ੍ਹਾਂ ਆਖਿਆ ਕਿ ਅੰਸ਼ਕ ਤੌਰ ਉੱਤੇ ਆਪਣੇ ਲੋਕਾਂ ਦੀ ਸੈਨਾ ਵਿੱਚ ਕੀਤੀ ਜਾ ਰਹੀ ਭਰਤੀ ਇਸ ਗੱਲ ਦਾ ਸਬੂਤ ਹੈ ਕਿ ਪੁਤਿਨ ਬੌਖਲਾ ਗਿਆ ਹੈ ਤੇ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਹਾਲਾਤ ਉਸ ਦੀ ਇੱਛਾ ਮੁਤਾਬਕ ਨਹੀਂ ਢਲ ਰਹੇ।
ਇਸ ਮੌਕੇ ਟਰੂਡੋ ਨੇ ਇਹ ਵੀ ਆਖਿਆ ਕਿ ਉਹ ਰੂਸ ਖਿਲਾਫ ਹੋਰ ਸਖਤ ਪਾਬੰਦੀਆਂ ਲਾਵੇਗਾ, ਯੂਕਰੇਨ ਦੀ ਫੌਜ ਨੂੰ ਸਿਖਲਾਈ ਦੇਵੇਗਾ ਤੇ ਹਰ ਤਰ੍ਹਾਂ ਦੀ ਸੰਭਵ ਮਦਦ ਵੀ ਮੁਹੱਈਆ ਕਰਾਵੇਗਾ। ਟਰੂਡੋ ਨੇ ਇਹ ਵੀ ਆਖਿਆ ਕਿ ਰੂਸ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਨੂੰ ਸਾਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਇਨ੍ਹਾਂ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ।
ਇਸ ਦੌਰਾਨ ਵੀਡੀਓ ਰਾਹੀਂ ਯੂਐਨ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਜੈਲੈਂਸਕੀ ਨੇ ਯੂਐਨ ਦੇ ਬਾਨੀ ਮੈਂਬਰ ਰੂਸ ਨੂੰ ਕੌਮਾਂਤਰੀ ਹਾਲਾਤ ਵਿੱਚ ਵੋਟ ਕਰਨ ਦੇ ਅਧਿਕਾਰ ਤੋਂ ਵਾਂਝਾ ਕਰਨ ਦੀ ਅਪੀਲ ਕੀਤੀ ਤੇ ਯੂਐਨ ਦੀ ਸਕਿਊਰਿਟੀ ਕਾਊਂਸਲ ਵਿੱਚ ਵੀਟੋ ਦਾ ਅਧਿਕਾਰ ਵੀ ਰੂਸ ਤੋਂ ਵਾਪਿਸ ਲੈਣ ਦੀ ਮੰਗ ਕੀਤੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …