Breaking News
Home / ਜੀ.ਟੀ.ਏ. ਨਿਊਜ਼ / ਟੋਰਾਂਟੋ ਵਿਚ ਔਰਤਾਂ ਨੂੰ ਕੁੱਟਣ ਕਾਰਨ ਪੰਜਾਬੀਆਂ ਦੀ ਚਰਚਾ

ਟੋਰਾਂਟੋ ਵਿਚ ਔਰਤਾਂ ਨੂੰ ਕੁੱਟਣ ਕਾਰਨ ਪੰਜਾਬੀਆਂ ਦੀ ਚਰਚਾ

ਪੁਲਿਸ ਲਈ ਵੱਡੀ ਚੁਣੌਤੀ ਹਨ ਘਰੇਲੂ ਝਗੜੇ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਸਰਦ ਰੁੱਤ ਸ਼ੁਰੂ ਹੋ ਗਈ ਹੈ ਪਰ ਘਰੇਲੂ ਕਲੇਸ਼ਾਂ ਕਾਰਨ ਬਹੁਤ ਸਾਰੇ ਬਾਸ਼ਿੰਦਿਆਂ ਦੇ ਹਿਰਦੇ ਤਪ ਰਹੇ ਹਨ। ਇਸ ਦੀਆਂ ਟੋਰਾਂਟੋ ਤੇ ਬਰੈਂਪਟਨ ਵਿਚ ਲੰਘੇ ਸਨਿਚਰਵਾਰ ਤੇ ਐਤਵਾਰ ਨੂੰ ਦੋ ਉਦਾਹਰਣਾਂ ਮਿਲੀਆਂ, ਜਦੋਂ ਦੋ ਪੰਜਾਬੀਆਂ ਵਲੋਂ ਔਰਤਾਂ ਨੂੰ ਕੁੱਟਣ ਦੀ ਚਰਚਾ ਹੋਣੀ ਸ਼ੁਰੂ ਹੋਈ। ਐਤਵਾਰ ਨੂੰ ਟੋਰਾਂਟੋ ‘ਚ ਪਰਮਿੰਦਰ ਗਰੇਵਾਲ (23) ਨੂੰ ਆਪਣੀ ਪਤਨੀ ਨੂੰ ਕੁੱਟਣ ਕਾਰਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਪੁਲਿਸ ਦੇ ਰਿਕਾਰਡ ਮੁਤਾਬਿਕ ਪਰਮਿੰਦਰ 2016 ਵਿਚ ਆਪਣੀ ਪਤਨੀ (ਜਿਸ ਨੂੰ ਕੁੱਟਿਆ) ਦੀ ਸਪਾਂਸਰਸ਼ਿਪ ਉਤੇ ਕੈਨੇਡਾ ਵਿਚ ਪੱਕੇ ਤੌਰ ‘ਤੇ ਆਇਆ ਸੀ, ਤੇ ਬੀਤੇ ਸਮੇਂ ਦੌਰਾਨ ਉਸ ਨੂੰ ਕਈ ਵਾਰੀ ਕੁੱਟ ਚੁੱਕਾ ਹੈ। ਪਤਾ ਲੱਗਾ ਹੈ ਕਿ ਉਸ ਦੀ ਜ਼ਮਾਨਤ ਕਰਵਾਉਣ ਲਈ ਭੂਆ ਦੀ ਕੁੜੀ ਅੱਗੇ ਆਈ ਹੈ, ਜਿਸ ਨੇ ਜੱਜ ਨੂੰ ਦੱਸਿਆ ਕਿ ਪਰਮਿੰਦਰ ਖ਼ਿਲਾਫ਼ ਝੂਠੇ ਦੋਸ਼ ਲਗਾਏ ਗਏ ਹਨ। ਇਸ ਤੋਂ ਇਲਾਵਾ ਲੰਘੇ ਸ਼ਨਿਚਰਵਾਰ ਨੂੰ ਬਰੈਂਪਟਨ ਵਿਖੇ ਇਕ 37 ਸਾਲ ਦੇ ਦਸਤਾਰਧਾਰੀ ਪੰਜਾਬੀ ਵਲੋਂ ਸੜਕ ਦੇ ਅੱਧ ਵਿਚਕਾਰ ਇਕ ਔਰਤ ਨੂੰ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਪੁਲਿਸ ਨੇ ਘਟਨਾ ਸਥਾਨ ‘ਤੇ ਪੁੱਜ ਕੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੁੱਟਮਾਰ ਵਾਲੀ ਉਕਤ ਵੀਡੀਓ ਨੂੰ ਅੱਗੇ ਤੋਂ ਅੱਗੇ ‘ਸ਼ੇਅਰ’ ਨਾ ਕੀਤਾ ਜਾਵੇ, ਤੇ ਜਿਨ੍ਹਾਂ ਨੇ ‘ਸ਼ੇਅਰ’ ਵੀ ਕੀਤੀ ਹੈ, ਉਨ੍ਹਾਂ ਨੂੰ ‘ਡਿਲੀਟ’ ਕਰਨ ਵਾਸਤੇ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਸਾਲ 2018 ਦੌਰਾਨ ਬਰੈਂਪਟਨ ਤੇ ਮਿਸੀਸਾਗਾ ‘ਚ ਘਰਾਂ ਅੰਦਰ ਕੁੱਟਮਾਰ ਅਤੇ ਲੜਾਈਆਂ ਦੇ ਪੁਲਿਸ ਕੋਲ 14245 ਕੇਸ ਪੁੱਜੇ ਸਨ। 2017 ਵਿਚ ਅਜਿਹੇ ਕੇਸਾਂ ਦੀ ਗਿਣਤੀ 16087 ਸੀ, ਜੋ ਇਕ ਰਿਕਾਰਡ ਹੈ। 2019 ਦੇ ਬੀਤ ਚੁੱਕੇ ਮਹੀਨਿਆਂ ਦੌਰਾਨ ਉਪਰੋਕਤ ਦੋਵਾਂ (ਬਰੈਂਪਟਨ ਤੇ ਮਿਸੀਸਾਗਾ) ਸ਼ਹਿਰਾਂ ਵਿਚ 25 ਕਤਲ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 12 ਕਤਲ ਪਰਿਵਾਰਕ ਝਗੜਿਆਂ ਕਰ ਕੇ ਹੋਏ। ਪਰਿਵਾਰਾਂ ‘ਚ ਹੋ ਰਹੇ ਉਕਤ ਝਗੜੇ ਪੁਲਿਸ ਲਈ ਵੱਡੀ ਚੁਣੌਤੀ ਬਣੇ ਹੋਏ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …