ਚੰਡੀਗੜ/ਬਿਊਰੋ ਨਿਊਜ਼ : ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਵਿੱਤ ਮੰਤਰਾਲੇ ਨੂੰ ਅਹੁਦੇ ਦੀ ਗੋਪਨੀਅਤਾ ਬਣਾਈ ਰੱਖਣ ‘ਚ ਅਸਫ਼ਲ ਰਹਿਣ ਲਈ ਆਲੋਚਨਾ ਕੀਤੀ ਹੈ। ਬਾਜਵਾ ਨੇ ਇੱਕ ਖ਼ਬਰ ਦੇ ਹਵਾਲੇ ਨਾਲ ਕਿਹਾ ਕਿ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਸਿੰਘ ਨੇ ਪੰਜਾਬ ਦੇ ਵਿੱਤ ਮੰਤਰਾਲੇ ਵੱਲੋਂ ਆਉਣ ਵਾਲੇ ਬਜਟ ਸਬੰਧੀ ਬੁਲਾਈਆਂ ਗਈਆਂ ਮੀਟਿੰਗਾਂ ‘ਚ ਹਿੱਸਾ ਲਿਆ ਹੈ।
ਉਨਾਂ ਕਿਹਾ ਕਿ ਇਹ ਬਹੁਤ ਹੀ ਗੈਰ-ਵਾਜਬ ਹੈ ਕਿ ਦੂਜੇ ਸੂਬੇ ਦੇ ਮੰਤਰੀ ਪੰਜਾਬ ਦੀਆਂ ਸਰਕਾਰੀ ਮੀਟਿੰਗਾਂ ਵਿੱਚ ਹਿੱਸਾ ਲੈਂਦੇ ਹਨ। ਕੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੱਸ ਸਕਦੇ ਹਨ ਕਿ ਦਿੱਲੀ ਦੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੀ ਮੀਟਿੰਗ ‘ਚ ਕਿਸ ਹੈਸੀਅਤ ਨਾਲ ਸ਼ਾਮਲ ਹੋਏ ਸਨ? ਕੀ ਪੰਜਾਬ ਸਰਕਾਰ ਕੋਲ ਕੋਈ ਅਧਿਕਾਰਤ ਗੁਪਤ ਨੀਤੀ ਵੀ ਹੈ?
ਬਾਜਵਾ ਨੇ ਕਿਹਾ, ”ਕਿਸੇ ਬਾਹਰੀ ਵਿਅਕਤੀ ਨੂੰ ਪੰਜਾਬ ਸਰਕਾਰ ਦੀ ਅਧਿਕਾਰਤ ਬਜਟ ਮੀਟਿੰਗ ਵਿੱਚ ਹਿੱਸਾ ਲੈਣ ਦੀ ਆਗਿਆ ਕਿਵੇਂ ਦਿੱਤੀ ਜਾ ਸਕਦੀ ਹੈ। ਉਹ ਇੱਕ ਅਰਥਸ਼ਾਸਤਰੀ ਵੀ ਨਹੀਂ ਹੈ ਜੋ ਬਜਟ ‘ਤੇ ਪੰਜਾਬ ਸਰਕਾਰ ਨੂੰ ਕੋਈ ਮਾਹਿਰ ਰਾਏ ਦੇ ਸਕੇ।”
ਉਨਾਂ ਆਖਿਆ ਕਿ ਇਸ ਘਟਨਾ ਤੋਂ ਸਾਫ਼ ਹੋ ਗਿਆ ਹੈ ਕਿ ‘ਆਪ’ ਦੀ ਪੰਜਾਬ ਸਰਕਾਰ ਸਿੱਧੇ ਤੌਰ ‘ਤੇ ‘ਆਪ’ ਦੀ ਦਿੱਲੀ ਲੀਡਰਸ਼ਿਪ ਚਲਾ ਰਹੀ ਹੈ।
ਉਨਾਂ ਕਿਹਾ, ”ਸਭ ਨੂੰ ਪਤਾ ਹੈ ਕਿ ਰਾਜ ਸਭਾ ਮੈਂਬਰ ਰਾਘਵ ਚੱਢਾ ਪੰਜਾਬ ਦੇ ਅਸਲ ਮੁੱਖ ਮੰਤਰੀ ਹਨ।
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੇ ਕਰੀਬੀ ਭਰੋਸੇਮੰਦਾਂ ਰਾਹੀਂ ਪੰਜਾਬ ਸਰਕਾਰ ਦੀ ਹਰ ਸਰਗਰਮੀ ‘ਤੇ ਨਜ਼ਰ ਰੱਖ ਰਹੇ ਹਨ।”
ਮੁੱਖ ਮੰਤਰੀ ਸਥਿਤੀ ਸਪੱਸ਼ਟ ਕਰਨ : ਐੱਸ.ਐੱਸ. ਚੰਨੀ
ਪੰਜਾਬ ਭਾਜਪਾ ਦੇ ਬੁਲਾਰੇ ਐੱਸਐੱਸ ਚੰਨੀ ਤੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਖ਼ਬਰਾਂ ਅਨੁਸਾਰ ਮੰਤਰੀ ਆਤਿਸ਼ੀ ਨੇ ਪੰਜਾਬ ਬਜਟ ਤਜਵੀਜ਼ਾਂ ਸਬੰਧੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ। ਚੰਨੀ ਨੇ ਮੰਗ ਕੀਤੀ ਹੈ ਕਿ ਇਸ ਗੰਭੀਰ ਮਾਮਲੇ ਨੂੰ ਲੈ ਕੇ ਆਤਿਸ਼ੀ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਹੋਰ ਸਾਰੇ ਜ਼ਿੰਮੇਵਾਰ ਮੰਤਰੀਆਂ ਤੇ ਅਫਸਰਾਂ ਖਿਲਾਫ ਪਰਚਾ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਚੰਨੀ ਮੁਤਾਬਕ, ”ਕਾਨੂੰਨ ਅਨੁਸਾਰ ਬਜਟ ਪੇਸ਼ ਹੋਣ ਤੱਕ ਤਜਵੀਜ਼ਾਂ ਨੂੰ ਗੁਪਤ ਰੱਖਿਆ ਜਾਂਦਾ ਹੈ, ਕਿਸੇ ਤਰਾਂ ਦੀ ਜਾਣਕਾਰੀ ਲੀਕ ਕਰਨਾ ਗ਼ੈਰ-ਕਾਨੂੰਨੀ ਹੈ।”
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …